ਖਾਲਸਾ ਸੀਨੀਅਰ ਸੈਕੰਡਰੀ ਸਕੂਲ ’ਚ ਸਾਲਾਨਾ ਇਨਾਮ ਵੰਡ ਸਮਾਰੋਹ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਦਾ ਸਾਲਾਨਾ ਇਨਾਮ ਵੰਡ ਸਮਾਰੋਹ ਹੋਇਆ
Publish Date: Sat, 24 Oct 2026 03:45 PM (IST)
Updated Date: Sat, 24 Oct 2026 03:46 PM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਰੂਪਨਗਰ : ਅੰਬਾਲਾ ਬੋਰਡ ਆਫ਼ ਐਜੂਕੇਸ਼ਨ ਅਧੀਨ ਸਾਬਕਾ ਸਪੀਕਰ ਪੰਜਾਬ ਵਿਧਾਨ ਸਭਾ ਰਵੀਇੰਦਰ ਸਿੰਘ ਦੁੱਮਣਾ ਦੀ ਰਹਿਨੁਮਾਈ ਹੇਠ ਰੂਪਨਗਰ ਸ਼ਹਿਰ ’ਚ ਚੱਲ ਰਹੇ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਦਾ ਸਾਲਾਨਾ ਇਨਾਮ ਵੰਡ ਸਮਾਰੋਹ ਸ਼ਾਨਦਾਰ ਢੰਗ ਨਾਲ ਕਰਾਇਆ ਗਿਆ। ਇਸ ਸਮਾਗਮ ਦੌਰਾਨ ਜ਼ਿਲ੍ਹਾ ਸਿੱਖਿਆ ਅਫਸਰ ਸੀਨੀਅਰ ਸੈਕੰਡਰੀ ਪ੍ਰੇਮ ਕੁਮਾਰ ਮਿੱਤਲ ਨੇ ਮੁੱਖ ਮਹਿਮਾਨ ਵਜੋਂ ਸ਼ਮੂਲੀਅਤ ਕੀਤੀ। ਪ੍ਰਿੰਸੀਪਲ ਕੁਲਵਿੰਦਰ ਸਿੰਘ ਮਾਹਲ ਨੇ ਆਏ ਹੋਏ ਮੁੱਖ ਮਹਿਮਾਨ ,ਮਾਪਿਆ ਅਤੇ ਹੋਰ ਸਤਿਕਾਰਯੋਗ ਹਸਤੀਆਂ ਦਾ ਸਵਾਗਤ ਕੀਤਾ। ਸਮਾਗਮ ਦੀ ਸ਼ੁਰੂਆਤ ਸ਼ਬਦ ਗਾਇਨ ਨਾਲ ਹੋਈ। ਇਸ ਮੌਕੇ ਵਿਦਿਆਰਥੀਆਂ ਵੱਲੋਂ 19 ਰੰਗ ਬਿਰੰਗੀਆਂ ਪੇਸ਼ਕਾਰੀਆਂ ਜਿਵੇਂ ਕਿ ਰੰਗਲਾ ਪੰਜਾਬ , ਮਾਤਾ-ਪਿਤਾ ਅਤੇ ਅਧਿਆਪਕ ਲਈ ਬੱਚਿਆਂ ਦਾ ਪਿਆਰ, ਦੇਸ਼ ਭਗਤੀ, ਗੁਰਮੁੱਖੀ ਅਤੇ ਪੰਜਾਬੀ ਸੱਭਿਆਚਾਰ ਗਿੱਧਾ ਤੇ ਭੰਗੜੇ ਪੇਸ਼ ਕੀਤੇ ਗਏ, ਜਿਨ੍ਹਾਂ ਨੇ ਦਰਸ਼ਕਾ ਦੇ ਦਿਲ ਜਿੱਤ ਲਏ। ਮੁੱਖ ਮਹਿਮਾਨ ਪ੍ਰੇਮ ਕੁਮਾਰ ਮਿੱਤਲ ਨੇ ਵੱਖ- ਵੱਖ ਖੇਤਰਾਂ ’ਚ ਵਧੀਆ ਪ੍ਰਦਰਸ਼ਨ ਕਰਨ ਵਾਲੇ 80 ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ । ਇਨਾਂ ’ਚ 100 ਫੀਸਦੀ ਹਾਜ਼ਰੀ ,ਸੁੰਦਰ ਲਿਖਾਈ, ਸਹੀ ਪਹਿਰਾਵਾ ,ਅਨੁਸ਼ਾਸਨ ਅਤੇ 90 ਫੀਸਦੀ ਤੋਂ ਵੱਧ ਅੰਕ ਹਾਸਲ ਕਰਨ ਵਾਲੇ ਵਿਦਿਆਰਥੀ ਸ਼ਾਮਿਲ ਸਨ। ਉਨਾਂ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਉਹ ਹਿੰਮਤ ਕਰਨ ਤੇ ਆਪਣੇ ਮਾਪਿਆਂ ਅਤੇ ਅਧਿਆਪਕਾਂ ਦੀ ਮਿਹਨਤ ਨੂੰ ਚਾਰ ਚੰਦ ਲਾਉਣ ਅਤੇ ਪੜ੍ਹਾਈ ’ਚ ਚੰਗੇ ਨੰਬਰ ਲੈ ਕੇ ਸਮਾਜ ’ਚ ਵਧੀਆ ਥਾਂ ਬਣਾਉਣ । ਉਨਾਂ ਨੇ ਅਧਿਆਪਕ ਵੱਲੋਂ ਤਿਆਰ ਕੀਤੀਆਂ ਗਈਆਂ ਪੇਸ਼ਕਾਰੀਆਂ ਦੀ ਸ਼ਲਾਘਾ ਕੀਤੀ। ਇਸ ਮੌਕੇ ਹਰਬੰਸ ਸਿੰਘ ਕੰਧੋਲਾ ਮੈਨੇਜਰ ਅੰਬਾਲਾ ਬੋਰਡ ਆਫ ਐਜੂਕੇਸ਼ਨ ਨੇ ਵਿਦਿਆਰਥੀਆਂ ਨੂੰ ਦੱਸਿਆ ਕਿ ਇਸ ਸਕੂਲ ਤੋਂ ਪੜੇ ਵਿਦਿਆਰਥੀ ਅੱਜ ਚੰਗੇ ਅਹੁਦਿਆਂ ਤੇ ਆਪਣੀ ਸੇਵਾਵਾਂ ਨਿਭਾ ਰਹੇ ਹਨ। ਉਨਾਂ ਨੇ ਆਏ ਹੋਏ ਮੁੱਖ ਮਹਿਮਾਨ ਅਤੇ ਮਾਤਾ- ਪਿਤਾ ਦਾ ਧੰਨਵਾਦ ਕੀਤਾ। ਇਸ ਮੌਕੇ ਸ਼ਰਨਜੀਤ ਕੌਰ ਜ਼ਿਲ੍ਹਾ ਸਪੋਰਟਸ ਕੋਰਡੀਨੇਟਰ ,ਉਜਾਗਰ ਸਿੰਘ ,ਗੁਰਿੰਦਰਜੀਤ ਸਿੰਘ ,ਰਾਜ ਰਾਣੀ, ਸੁਰਿੰਦਰ ਸਿੰਘ, ਯਸ਼ਵੰਤ ਬਸੀ, ਕੰਚਨ ਸੋਨੀ, ਗੁਰਪ੍ਰੀਤ ਕੌਰ ਇੰਚਾਰਜ ਖਾਲਸਾ ਮਾਡਲ ਸਕੂਲ, ਫੁੱਟਬਾਲ ਕੋਚ ਸਰਬਜੀਤ ਸਿੰਘ, ਗੱਤਕਾ ਕੋਚ ਤਰਨਜੀਤ ਸਿੰਘ, ਕਬੱਡੀ ਕੋਚ ਰਸ਼ੀਦ ,ਸਮੂਹ ਸਟਾਫ , ਮਾਤਾ -ਪਿਤਾ ਅਤੇ ਵਿਦਿਆਰਥੀ ਹਾਜ਼ਰ ਸਨ।