ਖੇਤਰੀ ਯੁਵਕ ਮੇਲੇ ’ਚ ਵਿਦਿਆਰਥਣਾਂ ਨੇ ਗੱਡੇ ਝੰਡੇ ਖ਼ਾਲਸਾ ਕਾਲਜ ਦੀਆਂ ਵਿਦਿਆਰਥਣਾਂ ਨੇ ਖੇਤਰੀ ਯੁਵਕ ਮੇਲੇ ’ਚ ਗਿੱਧੇ ਤੇ ਲੋਕ ਕਲਾਵਾਂ ਵਿਚ ਝੰਡੀ
Publish Date: Wed, 21 Oct 2026 03:23 PM (IST)
Updated Date: Wed, 21 Oct 2026 03:24 PM (IST)
ਨਿੱਜੀ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮੋਰਿੰਡਾ: ਪੰਜਾਬੀ ਯੂਨੀਵਰਸਿਟੀ, ਪਟਿਆਲਾ ਵੱਲੋਂ ਗੁਰੂ ਤੇਗ ਬਹਾਦਰ ਖਾਲਸਾ ਕਾਲਜ, ਸ੍ਰੀ ਆਨੰਦਪੁਰ ਸਾਹਿਬ ਵਿਖੇ 16 ਤੋਂ 19 ਅਕਤੂਬਰ ਤੱਕ ਕਰਵਾਏ ਗਏ ਖੇਤਰੀ ਯੁਵਕ ਮੇਲੇ (ਰੋਪੜ-ਸ੍ਰੀ ਫਤਿਹਗੜ੍ਹ ਸਾਹਿਬ ਜ਼ੋਨ) ’ਚ ਖ਼ਾਲਸਾ ਗਰਲਜ਼ ਕਾਲਜ ਮੋਰਿੰਡਾ ਦੀਆਂ ਵਿਦਿਆਰਥਣਾਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਕਾਲਜ ਦਾ ਨਾਂ ਰੌਸ਼ਨ ਕੀਤਾ ਹੈ। ਇਸ ਯੁਵਕ ਮੇਲੇ ਦੌਰਾਨ ਕਾਲਜ ਦੀਆਂ ਹੋਣਹਾਰ ਵਿਦਿਆਰਥਣਾਂ ਨੇ ਗਿੱਧੇ ਅਤੇ ਲੋਕ ਕਲਾਵਾਂ ਦੇ ਮੁਕਾਬਲਿਆਂ ’ਚ ਮੱਲਾਂ ਮਾਰਦਿਆਂ ਵੱਡੀਆਂ ਪ੍ਰਾਪਤੀਆਂ ਆਪਣੇ ਨਾਂ ਕੀਤੀਆਂ। ਕਾਲਜ ਦੇ ਯੂਥ ਕੋਆਰਡੀਨੇਟਰ ਪ੍ਰੋ. ਦਿਵਿਆ ਸ਼ਰਮਾ ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਮੁਕਾਬਲੇ ’ਚ ਕਾਲਜ ਦੀ ਗਿੱਧਾ ਟੀਮ ਨੇ ਪੂਰੇ ਜੋਸ਼ ਅਤੇ ਉਤਸ਼ਾਹ ਨਾਲ ਪ੍ਰਦਰਸ਼ਨ ਕਰਦਿਆਂ ਤੀਜਾ ਸਥਾਨ ਹਾਸਿਲ ਕੀਤਾ। ਇਸ ਦੇ ਨਾਲ ਹੀ ਰਵਾਇਤੀ ਲੋਕ ਕਲਾਵਾਂ ਦੇ ਮੁਕਾਬਲਿਆਂ ’ਚ ਵੀ ਕਾਲਜ ਦੀਆਂ ਵਿਦਿਆਰਥਣਾਂ ਦਾ ਜਲਵਾ ਦੇਖਣ ਨੂੰ ਮਿਲਿਆ। ਵਿਦਿਆਰਥਣਾਂ ਨੇ ਪੀੜ੍ਹੀ ਬੁਣਨਾ, ਪਰਾਂਦਾ ਬਣਾਉਣਾ, ਕਢਾਈ ਅਤੇ ਗੁੱਡੀਆਂ-ਪਟੋਲੇ ਬਣਾਉਣ ਸਮੇਤ ਕੁੱਲ ਚਾਰ ਵੱਖ-ਵੱਖ ਆਈਟਮਾਂ ’ਚ ਤੀਜਾ ਸਥਾਨ ਪ੍ਰਾਪਤ ਕਰਕੇ ਕਾਲਜ ਦੀ ਜਿੱਤ ਨੂੰ ਹੋਰ ਵੀ ਮਾਣਮੱਤਾ ਬਣਾ ਦਿੱਤਾ। ਇਸ ਸ਼ਾਨਦਾਰ ਸਫ਼ਲਤਾ ’ਤੇ ਖ਼ੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਾਲਜ ਦੇ ਪ੍ਰਿੰਸੀਪਲ ਡਾ. ਗੁਰਪ੍ਰੀਤ ਕੌਰ ਨੇ ਯੂਥ ਕੋਆਰਡੀਨੇਟਰ ਪ੍ਰੋ. ਦਿਵਿਆ ਸ਼ਰਮਾ, ਸਮੂਹ ਆਈਟਮ ਇੰਚਾਰਜਾਂ ਪ੍ਰੋ. ਹਰਪ੍ਰੀਤ ਕੌਰ, ਪ੍ਰੋ. ਅਲਕਾ, ਪ੍ਰੋ. ਪਵਨਜੋਤ ਕੌਰ, ਅਤੇ ਪ੍ਰੋ. ਜਸਮੀਨ ਕੌਰ ਦੇ ਨਾਲ-ਨਾਲ ਜੇਤੂ ਵਿਦਿਆਰਥਣਾਂ ਨੂੰ ਵਧਾਈ ਦਿੱਤੀ। ਉਨ੍ਹਾਂ ਵਿਦਿਆਰਥਣਾਂ ਅਤੇ ਅਧਿਆਪਕਾਂ ਦੀ ਸਖ਼ਤ ਮਿਹਨਤ ਦੀ ਭਰਪੂਰ ਪ੍ਰਸੰਸਾ ਕੀਤੀ। ਇਸ ਮੌਕੇ ਕਾਲਜ ਮੈਨੇਜਮੈਂਟ ਕਮੇਟੀ ਦੇ ਮੈਨੇਜਰ ਹਰਬੰਸ ਸਿੰਘ ਕੰਧੋਲਾ ਨੇ ਵੀ ਵਿਸ਼ੇਸ਼ ਤੌਰ ’ਤੇ ਵਧਾਈ ਭੇਜਦਿਆਂ ਪ੍ਰਿੰਸੀਪਲ, ਯੂਥ ਕੋਆਰਡੀਨੇਟਰ, ਅਧਿਆਪਕ ਸਾਹਿਬਾਨ ਅਤੇ ਹੋਣਹਾਰ ਵਿਦਿਆਰਥਣਾਂ ਦੀ ਪਿੱਠ ਥਾਪੀ। ਉਨ੍ਹਾਂ ਕਿਹਾ ਕਿ ਅਜਿਹੇ ਮੁਕਾਬਲੇ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ’ਚ ਅਹਿਮ ਭੂਮਿਕਾ ਨਿਭਾਉਂਦੇ ਹਨ। ਉਨ੍ਹਾਂ ਸਮੂਹ ਟੀਮ ਨੂੰ ਭਵਿੱਖ ’ਚ ਵੀ ਪ੍ਰਾਪਤੀਆਂ ਦੀ ਇਸ ਲੜੀ ਨੂੰ ਇਸੇ ਤਰ੍ਹਾਂ ਬਰਕਰਾਰ ਰੱਖਣ ਅਤੇ ਹੋਰ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ। ਕਾਲਜ ’ਚ ਇਸ ਜਿੱਤ ਕਾਰਨ ਖੁਸ਼ੀ ਦਾ ਮਾਹੌਲ ਹੈ।