ਕਮਲ ਚੌਹਾਨ ਵੱਲੋਂ ਖਿਡਾਰੀਆਂ ਨੂੰ ਜਰਸੀਆਂ ਤੇ ਖੇਡ ਸਮੱਗਰੀ ਵੰਡੀ ਪਿੰਡ ਝੱਜ ਵਿਖੇ ਕਮਲ ਚੌਹਾਨ ਵੱਲੋਂ ਨੌਜਵਾਨ ਖਿਡਾਰੀਆਂ ਨੂੰ ਕ੍ਰਿਕਟ ਜਰਸੀਆਂ ’ਤੇ ਖੇਡ ਸਮੱਗਰੀ ਵੰਡੀ
Publish Date: Sat, 17 Oct 2026 05:14 PM (IST)
Updated Date: Sat, 17 Oct 2026 05:15 PM (IST)
ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨਾ ਸਮੇਂ ਦੀ ਮੁੱਖ ਲੋੜ ਦਿਨੇਸ਼ ਹੱਲਣ, ਪੰਜਾਬੀ ਜਾਗਰਣ, ਨੂਰਪੁਰਬੇਦੀ: ਨੌਜਵਾਨਾਂ ਨੂੰ ਖੇਡਾਂ ਪ੍ਰਤੀ ਉਤਸ਼ਾਹਿਤ ਕਰਨ ਅਤੇ ਉਨ੍ਹਾਂ ਦੀ ਖੇਡ ਪ੍ਰਤਿਭਾ ਨੂੰ ਨਿਖਾਰਨ ਦੇ ਉਦੇਸ਼ ਨਾਲ ਅਖਿਲ ਭਾਰਤੀਯ ਗੁੱਜਰ ਮਹਾਂਸਭਾ ਪੰਜਾਬ ਦੇ ਪ੍ਰਧਾਨ ਅਤੇ ਸਮਾਜ ਸੇਵਕ ਕਮਲ ਚੌਹਾਨ ਵੱਲੋਂ ਪਿੰਡ ਝੱਜ ਵਿਖੇ ਤਰਨ ਦੇ ਗ੍ਰਹਿ ਵਿਖੇ ਪਹੁੰਚੇ ਜਿੱਥੇ ਆਯੋਜਿਤ ਇੱਕ ਸਮਾਗਮ ਦੌਰਾਨ ਉਨਾਂ ਨੇ ਨੌਜਵਾਨ ਖਿਡਾਰੀਆਂ ਨੂੰ ਕ੍ਰਿਕਟ ਜਰਸੀਆਂ ਅਤੇ ਖੇਡ ਸਮੱਗਰੀ ਵੰਡੀ ਗਈ। ਇਸ ਮੌਕੇ ਉਹ ਆਪਣੀ ਟੀਮ ਦੇ ਸਾਥੀਆਂ ਸੁਖਮਨ ਜੱਟਪੁਰ ਅਤੇ ਓਂਕਾਰ ਚੌਹਾਨ ਸਮੇਤ ਪਹੁੰਚੇ। ਖੇਡ ਸਮੱਗਰੀ ਮਿਲਣ ’ਤੇ ਖਿਡਾਰੀਆਂ ਨੇ ਖੁਸ਼ੀ ਜ਼ਾਹਰ ਕਰਦਿਆਂ ਇਸ ਉਪਰਾਲੇ ਲਈ ਧੰਨਵਾਦ ਕੀਤਾ। ਇਸ ਮੌਕੇ ਕਮਲ ਚੌਹਾਨ ਨੇ ਕਿਹਾ ਕਿ ਨੌਜਵਾਨਾਂ ਦੀ ਊਰਜਾ ਨੂੰ ਸਹੀ ਦਿਸ਼ਾ ਦੇਣ ਲਈ ਉਨ੍ਹਾਂ ਨੂੰ ਖੇਡਾਂ ਅਤੇ ਹੋਰ ਉਸਾਰੂ ਗਤੀਵਿਧੀਆਂ ਨਾਲ ਜੋੜਨਾ ਬੇਹੱਦ ਜ਼ਰੂਰੀ ਹੈ। ਖੇਡਾਂ ਨਾ ਸਿਰਫ਼ ਸ਼ਰੀਰਕ ਤੰਦਰੁਸਤੀ ਦਾ ਸਾਧਨ ਹਨ, ਸਗੋਂ ਇਹ ਨੌਜਵਾਨਾਂ ’ਚ ਅਨੁਸ਼ਾਸਨ, ਆਪਸੀ ਸਹਿਯੋਗ, ਮਿਹਨਤ ਅਤੇ ਜਿੱਤ-ਹਾਰ ਨੂੰ ਸਵੀਕਾਰ ਕਰਨ ਦੀ ਭਾਵਨਾ ਵੀ ਪੈਦਾ ਕਰਦੀਆਂ ਹਨ। ਉਨ੍ਹਾਂ ਕਿਹਾ ਕਿ ਪਿੰਡਾਂ ’ਚ ਕਈ ਹੋਣਹਾਰ ਖਿਡਾਰੀ ਮੌਜੂਦ ਹਨ, ਜਿਨ੍ਹਾਂ ਨੂੰ ਸਹੀ ਮੌਕਿਆਂ ਅਤੇ ਲੋੜੀਂਦੀ ਖੇਡ ਸਮੱਗਰੀ ਦੀ ਸਹਾਇਤਾ ਮਿਲਣ ਨਾਲ ਆਪਣੀ ਪ੍ਰਤਿਭਾ ਦਿਖਾਉਣ ਦਾ ਮੌਕਾ ਮਿਲ ਸਕਦਾ ਹੈ। ਸਮਾਜ ਦੇ ਸਮਰੱਥ ਲੋਕਾਂ ਨੂੰ ਅਜਿਹੇ ਨੌਜਵਾਨਾਂ ਦੀ ਮਦਦ ਲਈ ਅੱਗੇ ਆਉਣਾ ਚਾਹੀਦਾ ਹੈ, ਤਾਂ ਜੋ ਉਹ ਖੇਡਾਂ ਦੇ ਖੇਤਰ ’ਚ ਮੱਲਾਂ ਮਾਰ ਸਕਣ। ਕਮਲ ਚੌਹਾਨ ਨੇ ਕਿਹਾ ਕਿ ਨਸ਼ਿਆਂ ਵਰਗੀ ਸਮਾਜਿਕ ਬੁਰਾਈ ਨੂੰ ਠੱਲ੍ਹ ਪਾਉਣ ਲਈ ਨੌਜਵਾਨਾਂ ਨੂੰ ਖੇਡ ਮੈਦਾਨਾਂ ਵੱਲ ਪ੍ਰੇਰਿਤ ਕਰਨਾ ਸਮੇਂ ਦੀ ਲੋੜ ਹੈ। ਉਨ੍ਹਾਂ ਮਾਪਿਆਂ ਨੂੰ ਵੀ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਨੂੰ ਪੜ੍ਹਾਈ ਦੇ ਨਾਲ-ਨਾਲ ਖੇਡਾਂ ’ਚ ਹਿੱਸਾ ਲੈਣ ਲਈ ਉਤਸ਼ਾਹਿਤ ਕਰਨ। ਉਨ੍ਹਾਂ ਭਰੋਸਾ ਦਿੱਤਾ ਕਿ ਨੌਜਵਾਨਾਂ ਅਤੇ ਖਿਡਾਰੀਆਂ ਦੀ ਹੌਸਲਾ-ਅਫ਼ਜ਼ਾਈ ਲਈ ਉਹ ਅੱਗੇ ਵੀ ਆਪਣੇ ਪੱਧਰ ’ਤੇ ਯਤਨ ਜਾਰੀ ਰੱਖਣਗੇ। ਇਸ ਮੌਕੇ ਸੁਖਮਨ ਜੱਟਪੁਰ, ਓਂਕਾਰ ਚੌਹਾਨ ਸਮੇਤ ਹੋਰ ਸਾਥੀ, ਨੌਜਵਾਨ ਖਿਡਾਰੀ ਅਤੇ ਪਿੰਡ ਵਾਸੀ ਮੌਜੂਦ ਸਨ।