ਅੰਤਰ-ਜ਼ਿਲ੍ਹਾ ਕਬੱਡੀ ਮੁਕਾਬਲੇ ਯਾਦਗਾਰੀ ਹੋ ਨਿਬੜੇ ਅੰਤਰ-ਜ਼ਿਲ੍ਹਾ ਕਬੱਡੀ ਮੁਕਾਬਲੇ ਯਾਦਗਾਰੀ ਹੋ ਨਿਬੜੇ
Publish Date: Sat, 31 Oct 2026 06:10 PM (IST)
Updated Date: Sat, 31 Oct 2026 06:11 PM (IST)
ਲੜਕਿਆਂ ’ਚ ਫਰੀਦਕੋਟ ਤੇ ਲੜਕੀਆਂ ’ਚ ਮੋਗਾ ਦੀਆਂ ਟੀਮਾਂ ਨੇ ਮਾਰੀ ਬਾਜ਼ੀ ਲਖਵੀਰ ਸਿੰਘ ਖਾਬੜਾ, ਪੰਜਾਬੀ ਜਾਗਰਣ, ਰੂਪਨਗਰ : 70ਵੀਆਂ ਅੰਤਰ-ਜ਼ਿਲ੍ਹਾ ਸਕੂਲ ਖੇਡਾਂ ਤਹਿਤ ਕਬੱਡੀ ਸਰਕਲ ਸਟਾਈਲ ਅੰਡਰ-17 ਲੜਕੇ ਤੇ ਲੜਕੀਆਂ ਦੇ ਚਾਰ ਰੋਜ਼ਾ ਮੁਕਾਬਲੇ ਸਥਾਨਕ ਡੀਏਵੀ. ਪਬਲਿਕ ਸੀਨੀਅਰ ਸੈਕੰਡਰੀ ਸਕੂਲ ਵਿਖੇ ਸ਼ਾਨਦਾਰ ਢੰਗ ਨਾਲ ਸੰਪੰਨ ਹੋ ਗਏ। ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ ਸਿੱਖਿਆ) ਰੂਪਨਗਰ ਪ੍ਰੇਮ ਕੁਮਾਰ ਮਿੱਤਲ ਦੀ ਅਗਵਾਈ ਹੇਠ ਕਰਵਾਏ ਗਏ ਇਨ੍ਹਾਂ ਮੁਕਾਬਲਿਆਂ ’ਚ ਪੰਜਾਬ ਭਰ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਲਗਭਗ 550 ਖਿਡਾਰੀਆਂ ਨੇ ਆਪਣੀ ਖੇਡ ਪ੍ਰਤਿਭਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਇਸ ਦੌਰਾਨ ਕਰੀਬ 80 ਰੋਮਾਂਚਕ ਮੈਚ ਖੇਡੇ ਗਏ। ਜ਼ਿਲ੍ਹਾ ਖੇਡ ਕੋਆਰਡੀਨੇਟਰ ਸ਼ਰਨਜੀਤ ਕੌਰ ਨੇ ਦੱਸਿਆ ਕਿ ਮੁਕਾਬਲਿਆਂ ਦੌਰਾਨ ਖਿਡਾਰੀਆਂ ਨੇ ਪੂਰੇ ਜੋਸ਼, ਉਤਸ਼ਾਹ ਅਤੇ ਖੇਡ ਭਾਵਨਾ ਨਾਲ ਆਪਣੀ ਕਲਾ ਦੇ ਜੌਹਰ ਦਿਖਾਏ। ਲੜਕਿਆਂ ਦੇ ਵਰਗ ’ਚ ਫਰੀਦਕੋਟ ਦੀ ਟੀਮ ਨੇ ਗੁਰਦਾਸਪੁਰ ਨੂੰ ਹਰਾ ਕੇ ਪਹਿਲਾ ਸਥਾਨ ਹਾਸਲ ਕੀਤਾ, ਜਦਕਿ ਲੜਕੀਆਂ ਦੇ ਵਰਗ ’ਚ ਮੋਗਾ ਦੀ ਟੀਮ ਨੇ ਫਾਜ਼ਿਲਕਾ ਨੂੰ ਮਾਤ ਦੇ ਕੇ ਜੇਤੂ ਹੋਣ ਦਾ ਮਾਣ ਪ੍ਰਾਪਤ ਕੀਤਾ। ਸਮਾਪਤੀ ਸਮਾਰੋਹ ਮੌਕੇ ਸਟੇਟ ਐਵਾਰਡੀ ਪ੍ਰਿੰਸੀਪਲ ਜਗਤਾਰ ਸਿੰਘ ਲੌਂਗੀਆ ਅਤੇ ਪ੍ਰਿੰਸੀਪਲ ਸੰਗੀਤਾ ਰਾਣੀ ਨੇ ਸਾਂਝੇ ਤੌਰ ਤੇ ਜੇਤੂ ਖਿਡਾਰੀਆਂ ਨੂੰ ਇਨਾਮ ਤਕਸੀਮ ਕਰਦਿਆਂ ਉਨ੍ਹਾਂ ਦੀ ਹੌਸਲਾ ਅਫ਼ਜ਼ਾਈ ਕੀਤੀ। ਉਨ੍ਹਾਂ ਕਿਹਾ ਕਿ ਖੇਡਾਂ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ, ਅਨੁਸ਼ਾਸਨ ਅਤੇ ਸਰੀਰਕ ਤੰਦਰੁਸਤੀ ਲਈ ਅਹਿਮ ਭੂਮਿਕਾ ਨਿਭਾਉਂਦੀਆਂ ਹਨ। ਉਨ੍ਹਾਂ ਖਿਡਾਰੀਆਂ ਨੂੰ ਭਵਿੱਖ ਵਿਚ ਵੀ ਖੇਡ ਮੈਦਾਨਾਂ ਨਾਲ ਜੁੜੇ ਰਹਿਣ, ਖੇਡ ਭਾਵਨਾ ਕਾਇਮ ਰੱਖਣ ਅਤੇ ਨਸ਼ਿਆਂ ਤੋਂ ਦੂਰ ਰਹਿ ਕੇ ਸਿਹਤਮੰਦ ਜੀਵਨ ਬਤੀਤ ਕਰਨ ਦਾ ਸੱਦਾ ਦਿੱਤਾ। ਇਸ ਮੌਕੇ ਹਰਮਨਦੀਪ ਸਿੰਘ, ਰਾਜਵੀਰ ਸਿੰਘ, ਪੰਕਜ ਵਸ਼ਿਸ਼ਟ, ਅਸ਼ੋਕ ਕੁਮਾਰ, ਗੁਰਵਿੰਦਰ ਸਿੰਘ, ਗੁਰਜੀਤ ਸਿੰਘ, ਅਨੀਤਾ, ਪੁਸ਼ਪਾ ਦੇਵੀ, ਹਰਿੰਦਰ ਪਾਲ, ਨਰਿੰਦਰ ਸੈਣੀ, ਜਸਵੀਰ ਕੌਰ, ਦਲਜੀਤ ਕੌਰ ਅਤੇ ਸਤਵੰਤ ਕੌਰ ਨੇ ਵੱਖ-ਵੱਖ ਅਧਿਕਾਰੀਆਂ ਵਜੋਂ ਆਪਣੀਆਂ ਜ਼ਿੰਮੇਵਾਰੀਆਂ ਬਾਖੂਬੀ ਨਿਭਾਈਆਂ।