
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਕੈਨੇਡਾ ਪੁਲਿਸ ’ਚ ਅਫਸਰ ਬਣੀ ਖੇੜੀ ਸਲਾਬਤਪੁਰ ਦੀ ਜੰਮਪਲ ਜਸਲੀਨ ਸੈਣੀ

ਪੰਜਾਬੀ ਜਾਗਰਣ ਟੀਮ, ਸ੍ਰੀ ਚਮਕੌਰ ਸਾਹਿਬ/ਬੇਲਾ : ਨੇੜਲੇ ਪਿੰਡ ਖੇੜੀ ਸਲਾਬਤਪੁਰ ਦੀ ਜੰਮਪਲ ਜਸਲੀਨ ਕੌਰ ਸੈਣੀ ਨੇ ਕੈਨੇਡਾ ਦੇ ਵਿਕਟੋਰੀਆ ਪੁਲਿਸ ਵਿਭਾਗ ਵਿਚ ਬਤੌਰ ਅਫਸਰ ਚੁਣੇ ਜਾਣ ਨਾਲ ਆਪਣੇ ਪਿੰਡ ਅਤੇ ਸਮੁੱਚੇ ਇਲਾਕੇ ਦਾ ਨਾਮ ਰੌਸ਼ਨ ਕੀਤਾ ਹੈ। ਪਿੰਡ ਦੇ ਸਰਪੰਚ ਹਾਕਮ ਸਿੰਘ ਅਤੇ ਚੇਅਰਮੈਨ ਪਰਮਜੀਤ ਸਿੰਘ ਨੇ ਕਿਹਾ ਕਿ ਜਸਲੀਨ ਕੌਰ ਸੈਣੀ ਪਿੰਡ ਵਾਸੀ ਸੁਰਿੰਦਰ ਸਿੰਘ ਦੀ ਲਾਡਲੀ ਬੇਟੀ ਅਤੇ ਕਰਨੈਲ ਸਿੰਘ ਦੀ ਪੋਤਰੀ ਹੈ। ਇਸ ਮੌਕੇ ਪਰਿਵਾਰਿਕ ਮੈਂਬਰਾਂ ਨੇ ਕਿਹਾ ਕਿ ਜਸਲੀਨ ਕੌਰ ਜਨਵਰੀ, 2019 ਵਿਚ ਸਟੱਡੀ ਵੀਜ਼ੇ ’ਤੇ ਕੈਨੇਡਾ ਦੇ ਸ਼ਹਿਰ ਵਿਕਟੋਰੀਆ (ਬ੍ਰਿਟਿਸ਼ ਕੋਲੰਬੀਆ) ਵਿਖੇ ਗਈ ਸੀ। ਉੱਥੇ ਉਸ ਨੇ 2 ਸਾਲ ਦੀ ਪੜ੍ਹਾਈ ਬਾਅਦ ਪੀਆਰ ਦੀ ਪ੍ਰਕਿਰਿਆ ਪੂਰੀ ਕੀਤੀ ਅਤੇ ਵਿਕਟੋਰੀਆ ਪੁਲਿਸ ਵਿਭਾਗ ਵਿਚ ਭਰਤੀ ਲਈ ਅਪਲਾਈ ਕੀਤਾ। ਉਹ ਆਪਣੀ ਮਿਹਨਤ ਤੇ ਲਗਨ ਸਦਕਾ ਬਤੌਰ ਪੁਲਿਸ ਅਫਸਰ ਚੁਣੀ ਗਈ। ਉਸ ਦੀ ਇਸ ਪ੍ਰਾਪਤੀ ਨਾਲ ਪਿੰਡ ਵਾਸੀਆਂ ਅਤੇ ਸਮੁੱਚੇ ਇਲਾਕੇ ਵਿਚ ਖੁਸ਼ੀ ਦੀ ਲਹਿਰ ਹੈ। ਉਨ੍ਹਾਂ ਕਿਹਾ ਕਿ ਜਸਲੀਨ ਕੌਰ ਨੇ ਆਪਣੀ ਮਿਹਨਤ ਅਤੇ ਕਾਬਲੀਅਤ ਨਾਲ ਮਾਪਿਆਂ ਦੇ ਨਾਲ-ਨਾਲ ਪਿੰਡ ਦਾ ਵੀ ਮਾਣ ਵਧਾਇਆ ਹੈ। ਉਸ ਦੀ ਇਸ ਉਪਲਬਧੀ ’ਤੇ ਸਮੂਹ ਨਗਰ ਨਿਵਾਸੀਆਂ ਵੱਲੋਂ ਖੁਸ਼ੀ ਅਤੇ ਮਾਣ ਦਾ ਪ੍ਰਗਟਾਵਾ ਕੀਤਾ ਗਿਆ।