‘ਸ਼ਾਨਦਾਰ ਚਾਰ ਸਾਲ ਭਗਵੰਤ ਮਾਨ ਨਾਲ’ ਤਹਿਤ ਜਨ ਸੰਵਾਦ ਕਰਵਾਇਆ
ਸ਼ਾਨਦਾਰ ਚਾਰ ਸਾਲ ਭਗਵੰਤ ਮਾਨ ਨਾਲ ਦੇ ਤਹਿਤ ਜਨ ਸੰਵਾਦ ਕਰਵਾਇਆ
Publish Date: Sun, 29 Mar 2026 04:20 PM (IST)
Updated Date: Mon, 30 Mar 2026 04:00 AM (IST)

ਨਰਿੰਦਰ ਸੈਣੀ, ਪੰਜਾਬੀ ਜਾਗਰਣ, ਸ੍ਰੀ ਕੀਰਤਪੁਰ ਸਾਹਿਬ : ਸ਼ਾਨਦਾਰ ਚਾਰ ਸਾਲ ਭਗਵੰਤ ਮਾਨ ਨਾਲ ਦੇ ਤਹਿਤ ਸ੍ਰੀ ਕੀਰਤਪੁਰ ਸਾਹਿਬ ਦੇ ਜਿਊਵਾਲ ਸਥਿਤ ਧਰਮਸ਼ਾਲਾ ਵਿੱਚ ਵਿਸ਼ਾਲ ਜਨ ਸੰਵਾਦ ਕਰਾਇਆ ਗਿਆ। ਇਸ ਦੌਰਾਨ ਮਾਰਕੀਟ ਕਮੇਟੀ ਦੇ ਚੇਅਰਮੈਨ ਕਮਿਕੱਰ ਸਿੰਘ ਡਾਢੀ ਨੇ ਪੂਰੀ ਆਮ ਆਦਮੀ ਟੀਮ ਨਾਲ ਸ਼ਹਿਰ ਵਾਸੀਆਂ ਅੱਗੇ ਆਮ ਆਦਮੀ ਪਾਰਟੀ ਦੀ ਚਾਰ ਸਾਲ ਦੀ ਰਿਪੋਰਟ ਕਾਰਡ ਪੇਸ਼ ਕੀਤੀ। ਇਸ ਦੌਰਾਨ ਕਮਿਕੱਰ ਸਿੰਘ ਨੇ ਦੱਸਿਆ ਕਿ ਭਗਵੰਤ ਮਾਨ ਦੀ ਸਰਕਾਰ ਨੇ ਸੂਬੇ ਅੰਦਰ ਚਾਰ ਸਾਲਾਂ ਵਿੱਚ ਸਰਬਪੱਖੀ ਵਿਕਾਸ ਕਰਾਇਆ ਹੈ। ਉਹਨਾਂ ਦੱਸਿਆ ਕਿ ਪੰਜਾਬ ਦੇ ਸਰਕਾਰੀ ਸਕੂਲ ਦੇਸ਼ ਦੇ ਨੰਬਰ ਇੱਕ ਉੱਤੇ ਆ ਰਹੇ ਹਨ ਸਕੂਲਾਂ ਵਿੱਚ ਬੱਚਿਆਂ ਨੂੰ ਵਧੀਆ ਟੀਚਰ ਵਧੀਆ ਬਿਲਡਿੰਗਾਂ ਅਤੇ ਆਧੁਨਿਕ ਤਰੀਕੇ ਨਾਲ ਸਿੱਖਿਆ ਦਿੱਤੀ ਜਾ ਰਹੀ ਹੈ ਜਿਸ ਨਾਲ ਬੱਚੇਆਂ ਨੂੰ ਮਿਹਨਤ ਕਰਕੇ ਸਮਾਜ ਵਿੱਚ ਅੱਗੇ ਵਧਣ ਦਾ ਮੌਕਾ ਮਿਲ ਰਿਹਾ ਹੈ। ਉਹਨਾਂ ਕਿਹਾ ਕਿ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਤਹਿਤ ਹਰ ਇੱਕ ਪਰਿਵਾਰ ਦੇ ਮੁਫਤ ਕੈਸ਼ਲੈਸ ਇਲਾਜ ਦੇ ਕਾਰਡ ਬਣਵਾਏ ਜਾ ਰਹੇ ਹਨ, ਜਿਸ ਨਾਲ ਕੋਈ ਵੀ ਵਿਅਕਤੀ ਬਿਨਾਂ ਇਲਾਜ ਤੋਂ ਨਹੀਂ ਰਹੇਗਾ। ਉਨ੍ਹਾਂ ਦੱਸਿਆ ਕਿ ਸੂਬੇ ਅੰਦਰ 985 ਆਮ ਆਦਮੀ ਕਲੀਨਿਕ ਰਾਹੀਂ ਮੁਫਤ ਇਲਾਜ ਦਵਾਈਆਂ ਅਤੇ ਜਾਂਚ ਟੈਸਟ ਕੀਤੇ ਜਾ ਰਹੇ ਹਨ। ਸੂਬੇ ਅੰਦਰ 9000 ਤੋਂ ਵੱਧ ਆਧੁਨਿਕ ਪੇਂਡੂ ਖੇਡ ਮੈਦਾਨ ਬਣਾਏ ਜਾ ਰਹੇ ਹਨ। ਸੂਬੇ ਅੰਦਰ 40 ਹਜਾਰ ਕਿਲੋਮੀਟਰ ਪੇਂਡੂ ਲਿੰਕ ਸੜਕਾਂ ਦਾ ਮੁੜ ਨਿਰਮਾਣ ਕਰਵਾਇਆ ਜਾ ਰਿਹਾ ਹੈ, ਜਿਸ ਨਾਲ ਸੜਕਾਂ ਨੂੰ ਚੌੜਾ ਕਰਕੇ ਮੁੱਖ ਮਾਰਗਾਂ ਨਾਲ ਮਿਲਾਇਆ ਜਾ ਰਿਹਾ ਹੈ। ਕਿਸਾਨਾਂ ਨੂੰ ਦਿਨ ਸਮੇਂ ਅੱਠ ਘੰਟੇ ਬਿਜਲੀ ਮਿਲ ਰਹੀ ਹੈ ਇਹ ਪੰਜਾਬ ਵਿੱਚ ਪਹਿਲੀ ਵਾਰ ਹੋ ਰਿਹਾ ਹੈ। ਸਰਕਾਰ ਬਣਦੇ ਸਾਰ ਹੀ ਪਿਛਲੇ ਚਾਰ ਸਾਲਾਂ ਤੋਂ ਸੂਬੇ ਅੰਦਰ 90% ਤੋਂ ਵੱਧ ਘਰਾਂ ਨੂੰ ਮੁਫਤ ਬਿਜਲੀ ਮਿਲ ਰਹੀ ਹੈ ਜਿਸ ਨਾਲ ਸੂਬੇ ਅੰਦਰ ਆਮ ਘਰਾਂ ਦੇ ਬਿਜਲੀ ਦੇ ਬਿਲ ਜੀਰੋ ਆ ਰਹੇ ਹਨ। ਸਰਕਾਰ ਵੱਲੋਂ ਬਿਨਾਂ ਰਿਸ਼ਵਤ ਤੋਂ 65 ਹਜਾਰ ਤੋਂ ਵੱਧ ਨੌਕਰੀਆਂ ਯੋਗਤਾ ਦੇ ਆਧਾਰ ’ਤੇ ਦਿੱਤੀਆਂ ਗਈਆਂ ਜਿਸ ਵਿੱਚ ਬਿਨਾਂ ਸਿਫਾਰਸ਼ ਅਤੇ ਭਰਿਸ਼ਟਾਚਾਰ ਤੋਂ ਮੈਰਿਟ ਦੇ ਆਧਾਰ ’ਤੇ ਨੌਕਰੀਆਂ ਦਿੱਤੀਆਂ ਗਈਆਂ। ਨਸ਼ਾ ਤਸਕਰਾਂ ਵਿਰੁੱਧ ਇਤਿਹਾਸਿਕ ਕਾਰਵਾਈ ਕੀਤੀ ਗਈ ਜਿਸ ਨਾਲ 92 ਹਜ਼ਾਰ ਤੋਂ ਵੱਧ ਤਸਕਰ ਗ੍ਰਿਫਤਾਰ ਕੀਤੇ ਗਏ, ਨਸ਼ੇ ਦੇ ਮਰੀਜ਼ ਵਿਅਕਤੀਆਂ ਦਾ ਮੁਫਤ ਨਸ਼ਾ ਛੁਡਾਊ ਕੇਂਦਰ ਇਲਾਜ ਕੀਤਾ ਗਿਆ। ਇਸੇ ਤਰ੍ਹਾਂ ਗੈਂਗਸਟਰਾਂ ਤੇ ਵਾਰ ਦੌਰਾਨ 14700 ਗੈਂਗਸਟਰ ਗ੍ਰਿਫਤਾਰ ਕੀਤੇ ਗਏ ਜਿਸ ਨਾਲ ਪੰਜਾਬ ਵਿੱਚੋਂ ਗੈਂਗਸਟਰ ਨੈੱਟਵਰਕ ਨੂੰ ਖਤਮ ਕਰਨ ਲਈ ਸਰਕਾਰ ਵੱਲੋਂ ਵਧੀਆ ਕੰਮ ਕੀਤਾ ਗਿਆ। ਪਨਾ ਦੱਸਿਆ ਕਿ ਪੰਜਾਬ ਪਹਿਲਾ ਸੂਬਾ ਹੈ ਜਿਸ ਵਿੱਚ ਸੜਕ ਸੁਰੱਖਿਆ ਫੋਰਸ ਦਾ ਗਠਨ ਕੀਤਾ ਗਿਆ। 50 ਸਾਲ ਤੋਂ ਵੱਧ ਉਮਰ ਦੇ ਨਾਗਰਿਕਾਂ ਲਈ ਮੁਫਤ ਤੀਰਥ ਯਾਤਰਾ ਕਰਵਾਈ ਜਾ ਰਹੀ ਹੈ ਜਿਸ ਵਿੱਚ ਏਸੀ ਬੱਸਾਂ, ਏਸੀ ਰਹਿਣ ਸਹਿਣ ਅਤੇ ਭੋਜਨ ਦਾ ਇੰਤਜਾਮ ਸਰਕਾਰ ਵੱਲੋਂ ਕੀਤਾ ਜਾ ਰਿਹਾ ਹੈ। ਸ਼ਹੀਦ ਸੈਨਿਕਾਂ ਦੇ ਪਰਿਵਾਰਾਂ ਲਈ ਇਕ ਕਰੋੜ ਦੀ ਸਨਮਾਨ ਰਾਸ਼ੀ ਸੂਬਾ ਸਰਕਾਰ ਵੱਲੋਂ ਦਿੱਤੀ ਜਾ ਰਹੀ ਹੈ। ਉਹਨਾਂ ਦੱਸਿਆ ਕਿ ਆਮ ਆਦਮੀ ਪਾਰਟੀ ਵੱਲੋਂ ਔਰਤਾਂ ਨਾਲ ਕੀਤੀ ਗਈ ਗਰੰਟੀ ਵੀ ਅਪ੍ਰੈਲ ਮਹੀਨੇ ਤੋਂ ਪੂਰੀ ਕੀਤੀ ਜਾ ਰਹੀ ਹੈ ਜਿਸ ਨਾਲ ਜਨਰਲ ਵਰਗ ਦੀ ਔਰਤਾਂ ਲਈ ਹਜਾਰ ਰੁਪ ਪ੍ਰਤੀ ਮਹੀਨਾ, ਐਸੀ ਵਰਗ ਦੀਆਂ ਔਰਤਾਂ ਲਈ 1500 ਰੁਪਏ ਮਹੀਨਾ ਸੂਬਾ ਸਰਕਾਰ ਵੱਲੋਂ ਦਿੱਤਾ ਜਾ ਰਿਹਾ ਹੈ ਜਿਸ ਲਈ ਰਜਿਸਟਰੇਸ਼ਨ ਇਕ ਅਪ੍ਰੈਲ ਤੋਂ ਸ਼ੁਰੂ ਕੀਤੀ ਜਾ ਰਹੀ ਹੈ। ਉਹਨਾਂ ਦੱਸਿਆ ਕਿ ਸੂਬਾ ਸਰਕਾਰ ਵੱਲੋਂ ਕਰ ਆਮਦਨ ਦੁਗਣੀ ਕੀਤੀ ਗਈ ਹੈ ਜਿਸ ਨਾਲ ਪੰਜਾਬ ਦਾ ਕਰਜਾ ਘੱਟ ਰਿਹਾ ਹੈ। ਉਨ੍ਹਾਂ ਦੱਸਿਆ ਕਿ ਆਮ ਆਦਮੀ ਪਾਰਟੀ ਵੱਲੋਂ ਹਰ ਪਿੰਡ ਹਰ ਸ਼ਹਿਰ ਵਿੱਚ ਆਪਣਾ ਰਿਪੋਰਟ ਕਾਰਡ ਲੋਕਾਂ ਅੱਗੇ ਰੱਖਿਆ ਜਾਵੇਗਾ ਅਤੇ ਆਉਣ ਵਾਲੇ ਸਮੇਂ ਵਿੱਚ ਰਿਕਾਰਡ ਤੋੜ ਵਿਕਾਸ ਕਾਰਜ ਸੂਬੇ ਅੰਦਰ ਕਰਵਾਏ ਜਾਣਗੇ। ਇਸ ਦੌਰਾਨ ਉਹਨਾਂ ਲੋਕਾਂ ਦੇ ਸੁਝਾਅ ਅਤੇ ਸ਼ਿਕਾਇਤਾਂ ਵੀ ਸੁਣੀਆਂ, ਜਿਸ ਨੂੰ ਜਲਦ ਹੀ ਹਲਕੇ ਦੇ ਵਿਧਾਇਕ ਅੱਗੇ ਰੱਖਣਗੇ। ਸ੍ਰੀ ਕੀਰਤਪੁਰ ਸਾਹਿਬ ਸ਼ਹਿਰ ਵਿੱਚ ਵੱਡੇ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਟੀਮ ਦੀ ਕੋਸ਼ਿਸ਼ ਹੈ ਕਿ ਹਸਪਤਾਲ ਵਿੱਚ 24 ਘੰਟੇ ਐਮਰਜੈਂਸੀ ਸੁਵਿਧਾ ਸ਼ੁਰੂ ਕੀਤੀ ਜਾਵੇ। ਇਸ ਦੌਰਾਨ ਚੇਅਰਮੈਨ ਕਮਿੱਕਰ ਸਿੰਘ ਡਾਢੀ, ਬਲਾਕ ਪ੍ਰਧਾਨ ਗਫੂਰ ਮੁਹੰਮਦ, ਟਰੇਡ ਵਿੰਗ ਪ੍ਰਧਾਨ ਗੁਰਪ੍ਰੀਤ ਸਿੰਘ ਅਰੋੜਾ, ਯੂਥ ਵਿੰਗ ਪ੍ਰਧਾਨ ਗਗਨਦੀਪ ਸਿੰਘ ਭਾਰਜ, ਕੁਲਵੰਤ ਸਿੰਘ, ਕੁਲਵਿੰਦਰ ਕੌਸ਼ਲ, ਗੁਰਨਾਮ ਸਿੰਘ, ਆਪ ਆਗੂ ਜਸਬੀਰ ਸਿੰਘ ਰਾਣਾ, ਐਸੀ ਵਿੰਗ ਪ੍ਰਧਾਨ ਜਸਵਿੰਦਰ ਸਿੰਘ ਵਿੱਕੀ, ਗੁਰਮੁਖ ਸਿੰਘ, ਮਹਿਲਾ ਵਿੰਗ ਪ੍ਰਧਾਨ ਪ੍ਰਕਾਸ਼ ਕੌਰ ਸਮੇਤ ਵੱਡੀ ਗਿਣਤੀ ਵਿੱਚ ਨੌਜਵਾਨ ਅਤੇ ਸ਼ਹਿਰ ਵਾਸੀ ਹਾਜ਼ਰ ਸਨ।