- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜਮਹੂਰੀ ਕਿਸਾਨ ਸਭਾ ਨੇ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦਾ ਪੁਤਲਾ ਫੂਕਿਆ

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਰੂਪਨਗਰ: ਜਮਹੂਰੀ ਕਿਸਾਨ ਸਭਾ ਏਕਮ ਦੇ ਕਾਰਕੁੰਨਾਂ ਨੇ ਮਹਾਰਾਜਾ ਰਣਜੀਤ ਸਿੰਘ ਬਾਗ ’ਚ ਜਮਹੂਰੀ ਕਿਸਾਨ ਸਭਾ ਦੇ ਸੂਬਾਈ ਆਗੂ ਧਰਮਪਾਲ ਸੈਣੀ ਮਾਜਰਾ ਅਤੇ ਕਰਮ ਚੰਦ ਦੀ ਅਗਵਾਈ ਹੇਠ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਵੱਲੋਂ ਨੰਗੇ ਚਿੱਟੇ ਰੂਪ ’ਚ ਭਾਜਪਾ ਨੂੰ ਫਾਇਦਾ ਪਹੁੰਚਾਉਣ ਲਈ ਕੀਤੀਆਂ ਆਪ ਹੁਦਰੀਆਂ ਨਿਰੰਕੁਸ਼ ਕਾਰਵਾਈਆਂ, ਧਾਂਦਲੀਆਂ ਖਿਲਾਫ ਰੋਸ ਪ੍ਰਗਟ ਪ੍ਰਦਰਸ਼ਨ ਕੀਤਾ ਅਤੇ ਪੁਤਲਾ ਫੂਕਿਆ।
ਪ੍ਰਦਰਸ਼ਨਕਾਰੀਆਂ ਨੂੰ ਸੰਬੋਧਨ ਕਰਦੇ ਹੋਏ ਸੁਬਾਈ ਆਗੂ ਕਾਮਰੇਡ ਮੋਹਣ ਸਿੰਘ ਧਮਾਣਾ ਨੇ ਕਿਹਾ ਕਿ ਪਿਛਲੇ ਸਮੇਂ ਦੌਰਾਨ ਮੁੱਖ ਚੋਣ ਕਮਿਸ਼ਨਰ ਨੇ ਜਿਵੇਂ ਭਾਜਪਾ ਨੂੰ ਨੰਗੇ ਚਿੱਟੇ ਰੂਪ ’ਚ ਫਾਇਦਾ ਵਜਾਉਣ ਲਈ ਸਾਰੇ ਕਾਇਦੇ-ਕਾਨੂੰਨ ਅਤੇ ਨੈਤਿਕ ਕਦਰਾਂ-ਕੀਮਤਾਂ ਛਿੱਕੇ ’ਤੇ ਟੰਗ ਕੇ ਕਾਰਵਾਈਆਂ ਕੀਤੀਆਂ ਭਾਵੇਂ ਉਹ ਐਸਆਈਆਰ ਦੌਰਾਨ ਵਿਰੋਧੀ ਵੋਟਾਂ ਕੱਟਣੀਆਂ ਹੋਣ ਜਾਂ ਭਾਜਪਾ ਆਗੂਆਂ ਦੀਆਂ ਨਫਰਤ ਫੈਲਾਉਂਦੀਆਂ ਤਕਰੀਰਾਂ ਦੀਆਂ ਸ਼ਿਕਾਇਤਾਂ ਮਿਲਣ ਦੇ ਬਾਵਜੂਦ ਵੀ ਕੋਈ ਕਾਰਵਾਈ ਨਾ ਕਰਨੀ, ਇਹ ਸਿੱਧ ਕਰਦੀ ਹੈ ਕਿ ਗਿਆਨੇਸ਼ ਕੁਮਾਰ ਨੇ ਚੋਣ ਕਮਿਸ਼ਨ ਨੂੰ ਭਾਜਪਾ ਦਾ ਇੱਕ ਅੰਗ ਬਣਾ ਕੇ ਇਸ ਅਹੁਦੇ ਦੀ ਪ੍ਰਤਿਸ਼ਠਾ ਅਤੇ ਭਰੋਸੇ ਯੋਗਤਾ ਖਤਮ ਕਰ ਦਿੱਤੀ ਹੈ। ਇਸ ਅਪਰਾਧਕ ਕਾਰਵਾਈ ਲਈ ਗਿਆਨੇਸ਼ ਕੁਮਾਰ ਨੂੰ ਬਰਖਾਸਤ ਕਰਕੇ ਜੇਲ੍ਹ ਭੇਜਿਆ ਜਾਣਾ ਚਾਹੀਦਾ ਹੈ ਅਤੇ ਐਸਆਈਆਰ ਤੋਂ ਬਾਅਦ ਹੋਈਆਂ ਸਾਰੀਆਂ ਚੋਣਾਂ ਰੱਦ ਕਰਕੇ ਦੁਬਾਰਾ ਕਰਵਾਈਆਂ ਜਾਣ ਤਾਂ ਜੋ ਲੋਕਾਂ ’ਚ ਚੋਣ ਕਮਿਸ਼ਨ ਦੀ ਭਰੋਸੇ ਯੋਗਤਾ ਬਹਾਲ ਹੋ ਸਕੇ।
ਬੁਲਾਰਿਆਂ ਨੇ ਇਹ ਵੀ ਮੰਗ ਕੀਤੀ ਕਿ ਪ੍ਰਧਾਨ ਨਰਿੰਦਰ ਮੋਦੀ ਅਤੇ ਅਮਿਤ ਸ਼ਾਹ ਵੀ ਗੱਦੀ ਛੱਡਣ ਅਤੇ ਐਸਆਈਆਰ ਨੂੰ ਤੁਰੰਤ ਰੋਕਿਆ ਜਾਵੇ। ਪੁਰਾਣੀਆਂ ਵੋਟਾਂ ਬਹਾਲ ਕੀਤੀਆਂ ਜਾਣ, ਈਵੀਐਮ ਦੀ ਥਾਂ ਬੈਲਟ ਪੇਪਰ ਨਾਲ ਚੋਣਾਂ ਕਰਵਾਈਆਂ ਜਾਣ। ਲੋਕਤੰਤਰ ਦੀ ਮਜਬੂਤੀ ਲਈ ਨਿਰਪੱਖ ਅਤੇ ਪਾਰਦਰਸ਼ੀ ਚੋਣਾਂ ਹੋਣੀਆਂ ਬਹੁਤ ਜਰੂਰੀ ਹਨ। ਹਰ ਇਕ ਭਾਰਤੀ ਦਾ ਜਮਹੂਰੀ ਹੱਕ ਬਹਾਲ ਕੀਤਾ ਜਾਵੇ ਅਤੇ ਗੈਰ ਜਰੂਰੀ ਕਾਰਵਾਈਆਂ ਤੋਂ ਬਚਿਆ ਜਾਵੇ। ਇਸ ਮੌਕੇ ਸਾਥੀ ਸ਼ਮਸ਼ੇਰ ਸਿੰਘ ਹਵੇਲੀ ,ਮਹਿੰਦਰ ਸਿੰਘ ਰੰਧਾਵਾ ,ਦਰਸ਼ਨ ਸਿੰਘ ਬੜਵਾ, ਹੀਰਾ ਲਾਲ ਅਬਿਆਣਾ, ਸੁਰਿੰਦਰ ਸਿੰਘ ਬਡਵਾਲ, ਯੋਗਰਾਜ, ਸੁਰਜੀਤ ਸਿੰਘ ,ਬਲਵੰਤ ਲਹਿੜੀਆਂ ,ਅਵਤਾਰ ਸਿੰਘ, ਹਜ਼ਾਰਾ ਸਿੰਘ ਲਸਾੜੀ, ਰਾਮ ਲੋਕ ਆਦਿ ਤੋਂ ਇਲਾਵਾ ਵੱਡੀ ਗਿਣਤੀ ’ਚ ਕਿਸਾਨ ਮਜ਼ਦੂਰ ਹਾਜ਼ਰ ਸਨ।