ਕੀ ਕਿਸੇ ਅਣਸਖਾਵੀ ਘਟਨਾ ਦੀ ਉਡੀਕ ਵਿੱਚ ਹੈ ਪ੍ਰਸ਼ਾਸਨ ? ਕੀ ਕਿਸੇ ਅਣਸਖਾਵੀ ਘਟਨਾ ਦੀ ਉਡੀਕ ਵਿੱਚ ਹੈ ਪ੍ਰਸ਼ਾਸਨ ?
Publish Date: Wed, 23 Sep 2026 04:59 PM (IST)
Updated Date: Wed, 23 Sep 2026 05:00 PM (IST)
ਬਜ਼ਾਰਾਂ ’ਤੇ ਰਿਹਾਇਸ਼ੀ ਇਲਾਕਿਆਂ ’ਚ ਕੁੱਤਿਆਂ ਦੇ ਝੁੰਡਾਂ ਤੋਂ ਸ਼ਹਿਰ ਵਾਸੀ ਪਰੇਸ਼ਾਨ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਸ੍ਰੀ ਕੀਰਤਪੁਰ ਸਾਹਿਬ: ਸ੍ਰੀ ਕੀਰਤਪੁਰ ਸਾਹਿਬ ਸ਼ਹਿਰ ਵਿੱਚ ਅਵਾਰਾ ਕੁੱਤਿਆਂ ਦੀ ਵਧਦੀ ਗਿਣਤੀ ਸ਼ਹਿਰ ਵਾਸੀਆਂ ਲਈ ਗੰਭੀਰ ਚਿੰਤਾ ਦਾ ਕਾਰਨ ਬਣੀ ਹੋਈ ਹੈ। ਸ਼ਹਿਰ ਦੀਆਂ ਗਲੀਆਂ, ਬਜ਼ਾਰਾਂ ਅਤੇ ਰਿਹਾਇਸ਼ੀ ਇਲਾਕਿਆਂ ਵਿੱਚ ਥਾਂ-ਥਾਂ ਅਵਾਰਾ ਕੁੱਤਿਆਂ ਦੇ ਝੁੰਡ ਆਮ ਦੇਖਣ ਨੂੰ ਮਿਲ ਰਹੇ ਹਨ। ਇਨ੍ਹਾਂ ਕੁੱਤਿਆਂ ਵੱਲੋਂ ਬੱਚਿਆਂ, ਬਜ਼ੁਰਗਾਂ ਅਤੇ ਰਾਹਗੀਰਾਂ ਨੂੰ ਦੌੜਾਉਣ ਅਤੇ ਵੱਢਣ ਦੀਆਂ ਘਟਨਾਵਾਂ ਸਾਹਮਣੇ ਆਉਣ ਦੇ ਬਾਵਜੂਦ ਵੀ ਇਨ੍ਹਾਂ ਦਾ ਕੋਈ ਸਥਾਈ ਹੱਲ ਨਾ ਹੋਣ ਕਾਰਨ ਲੋਕਾਂ ਵਿੱਚ ਪ੍ਰਸ਼ਾਸਨ ਪ੍ਰਤੀ ਰੋਸ ਪਾਇਆ ਜਾ ਰਿਹਾ ਹੈ। ਸ਼ਹਿਰ ਵਾਸੀਆਂ ਦਾ ਕਹਿਣਾ ਹੈ ਕਿ ਅਵਾਰਾ ਕੁੱਤਿਆਂ ਦੀ ਸਮੱਸਿਆ ਨੂੰ ਲੈ ਕੇ ਸਮੇਂ-ਸਮੇਂ ’ਤੇ ਅਖ਼ਬਾਰਾਂ ਵਿੱਚ ਖ਼ਬਰਾਂ ਪ੍ਰਕਾਸ਼ਿਤ ਹੁੰਦੀਆਂ ਰਹੀਆਂ ਹਨ, ਪਰ ਇਸ ਦੇ ਬਾਵਜੂਦ ਨਗਰ ਪੰਚਾਇਤ ਕੀਰਤਪੁਰ ਸਾਹਿਬ ਅਤੇ ਸਬੰਧਤ ਪ੍ਰਸ਼ਾਸਨ ਵੱਲੋਂ ਕੋਈ ਠੋਸ ਤੇ ਪੱਕਾ ਹੱਲ ਨਹੀਂ ਕੀਤਾ ਗਿਆ। ਪਿਛਲੇ ਦਿਨੀਂ ਵੀ ਬਜ਼ਾਰ ਵਿੱਚ ਅਵਾਰਾ ਕੁੱਤਿਆਂ ਦੇ ਇੱਕ ਝੁੰਡ ਵੱਲੋਂ ਪੰਜ-ਸੱਤ ਵਿਅਕਤੀਆਂ ਨੂੰ ਵੱਢਣ ਦੀ ਘਟਨਾ ਸਾਹਮਣੇ ਆਈ ਸੀ, ਜਿਸ ਤੋਂ ਬਾਅਦ ਲੋਕਾਂ ਵਿੱਚ ਡਰ ਦਾ ਮਾਹੌਲ ਬਣ ਗਿਆ ਸੀ। ਇਸ ਦੇ ਬਾਵਜੂਦ ਕੁਝ ਸਮੇਂ ਬਾਅਦ ਹਾਲਾਤ ਮੁੜ ਪਹਿਲਾਂ ਵਰਗੇ ਹੀ ਬਣ ਗਏ ਹਨ। ਲੋਕਾਂ ਅਨੁਸਾਰ ਸ਼ਹਿਰ ਦੀਆਂ ਕਈ ਗਲੀਆਂ ਵਿੱਚ ਸਵੇਰ ਤੋਂ ਲੈ ਕੇ ਦੇਰ ਰਾਤ ਤੱਕ ਅਵਾਰਾ ਕੁੱਤਿਆਂ ਦੇ ਝੁੰਡ ਘੁੰਮਦੇ ਰਹਿੰਦੇ ਹਨ। ਖ਼ਾਸ ਕਰਕੇ ਬਜ਼ਾਰਾਂ ਅਤੇ ਰਿਹਾਇਸ਼ੀ ਇਲਾਕਿਆਂ ਵਿੱਚ ਇਨ੍ਹਾਂ ਦੀ ਗਿਣਤੀ ਜ਼ਿਆਦਾ ਹੋਣ ਕਾਰਨ ਬਜ਼ੁਰਗਾਂ ਅਤੇ ਛੋਟੇ ਬੱਚਿਆਂ ਲਈ ਇਕੱਲੇ ਘਰੋਂ ਬਾਹਰ ਨਿਕਲਣਾ ਮੁਸ਼ਕਿਲ ਹੋ ਗਿਆ ਹੈ। ਸਵੇਰੇ ਸੈਰ ਕਰਨ ਵਾਲੇ ਲੋਕਾਂ ਅਤੇ ਸਕੂਲ ਜਾਣ ਵਾਲੇ ਬੱਚਿਆਂ ਨੂੰ ਵੀ ਕਈ ਵਾਰ ਕੁੱਤਿਆਂ ਦੇ ਝੁੰਡਾਂ ਤੋਂ ਬਚ ਕੇ ਲੰਘਣਾ ਪੈਂਦਾ ਹੈ। ਦੋਪਹੀਆ ਵਾਹਨ ਚਾਲਕਾਂ ਦੇ ਪਿੱਛੇ ਕੁੱਤਿਆਂ ਵੱਲੋਂ ਦੌੜਨ ਕਾਰਨ ਹਾਦਸੇ ਵਾਪਰਨ ਦਾ ਵੀ ਖ਼ਤਰਾ ਬਣਿਆ ਰਹਿੰਦਾ ਹੈ। ----------- ਬਾਕਸ- ਗਲੀਆਂ ’ਚ ਰੋਟੀ ਪਾਉਣ ਵਾਲਿਆਂ ਕਾਰਨ ਵੀ ਵਧ ਰਹੀ ਸਮੱਸਿਆ ਸ਼ਹਿਰ ਵਾਸੀਆਂ ਦਾ ਇਹ ਵੀ ਕਹਿਣਾ ਹੈ ਕਿ ਕੁਝ ਲੋਕ ਗਲੀਆਂ ਤੇ ਰਿਹਾਇਸ਼ੀ ਇਲਾਕਿਆਂ ’ਚ ਅਵਾਰਾ ਕੁੱਤਿਆਂ ਨੂੰ ਖਾਣ ਲਈ ਰੋਟੀਆਂ ਤੇ ਹੋਰ ਖਾਣ-ਪੀਣ ਦੀਆਂ ਚੀਜ਼ਾਂ ਪਾਉਂਦੇ ਹਨ। ਮਨੁੱਖਤਾ ਦੇ ਨਾਤੇ ਜਾਨਵਰਾਂ ਨੂੰ ਖਾਣਾ ਦੇਣਾ ਆਪਣੀ ਥਾਂ ਹੈ ਪਰ ਜਦੋਂ ਰਿਹਾਇਸ਼ੀ ਗਲੀਆਂ ਤੇ ਲੋਕਾਂ ਦੀ ਆਵਾਜਾਈ ਵਾਲੀਆਂ ਥਾਵਾਂ ’ਤੇ ਕੁੱਤਿਆਂ ਦੇ ਝੁੰਡ ਇਕੱਠੇ ਕਰਕੇ ਉਨ੍ਹਾਂ ਨੂੰ ਖਾਣਾ ਪਾਇਆ ਜਾਂਦਾ ਹੈ ਤਾਂ ਰਾਹਗੀਰਾਂ ਲਈ ਮੁਸ਼ਕਿਲ ਪੈਦਾ ਹੁੰਦੀ ਹੈ। ਖਾਣੇ ਦੇ ਆਲੇ-ਦੁਆਲੇ ਇਕੱਠੇ ਹੋਏ ਕੁੱਤੇ ਕਈ ਵਾਰ ਬਹੁਤ ਗੁੱਸੈਲ ਹੋ ਜਾਂਦੇ ਹਨ ਤੇ ਉੱਥੋਂ ਲੰਘਣ ਵਾਲੇ ਲੋਕਾਂ ’ਤੇ ਝਪਟ ਪੈਂਦੇ ਹਨ। ਲੋਕਾਂ ਦਾ ਕਹਿਣਾ ਹੈ ਕਿ ਪਿਛਲੇ ਸਮੇਂ ਦੌਰਾਨ ਵੀ ਅਵਾਰਾ ਕੁੱਤਿਆਂ ਵੱਲੋਂ ਲੋਕਾਂ ਨੂੰ ਵੱਢਣ ਦੀਆਂ ਕਈ ਘਟਨਾਵਾਂ ਵਾਪਰ ਚੁੱਕੀਆਂ ਹਨ। ਜੇਕਰ ਸਮੇਂ ਸਿਰ ਇਨ੍ਹਾਂ ਦੀ ਗਿਣਤੀ ਨੂੰ ਕਾਬੂ ਕਰਨ ਤੇ ਕੁੱਤਿਆਂ ਦੀ ਨਸਬੰਦੀ ਸਮੇਤ ਹੋਰ ਲੋੜੀਂਦੇ ਉਪਾਅ ਨਾ ਕੀਤੇ ਗਏ ਤਾਂ ਆਉਣ ਵਾਲੇ ਸਮੇਂ ’ਚ ਕੋਈ ਵੱਡਾ ਹਾਦਸਾ ਵਾਪਰ ਸਕਦਾ ਹੈ। ਇਸ ਸਬੰਧੀ ਜਦੋਂ ਕਾਰਜ ਸਾਧਕ ਅਫਸਰ ਨਗਰ ਪੰਚਾਇਤ ਕੀਰਤਪੁਰ ਸਾਹਿਬ ਨਾਲ ਗੱਲ ਕਰਨੀ ਚਾਹੀ ਤਾਂ ਉਹਨਾਂ ਵੱਲੋਂ ਫੋਨ ਨਹੀਂ ਚੁੱਕਿਆ ਗਿਆ ।