ਇਕਬਾਲ ਸਿੰਘ ਲਾਲਪੁਰਾ ਵੱਲੋਂ ਬੁੱਧੀਜੀਵੀਆਂ ਤੇ ਪ੍ਰਮੁੱਖ ਸ਼ਖ਼ਸੀਅਤਾਂ ਨਾਲ ਵਿਚਾਰਾਂ ਇਕਬਾਲ ਸਿੰਘ ਲਾਲਪੁਰਾ ਨੇ ਜਗਜੀਤ ਨਗਰ ਵਿਖੇ ਬੁੱਧੀਜੀਵੀਆਂ ਅਤੇ ਪ੍ਰਮੁੱਖ ਸ਼ਖ਼ਸੀਅਤਾਂ ਨਾਲ ਕੀਤੀ ਵਿਸ਼ੇਸ਼ ਮੀਟਿੰਗ
Publish Date: Tue, 03 Nov 2026 04:17 PM (IST)
Updated Date: Tue, 03 Nov 2026 04:20 PM (IST)
ਪੰਜਾਬ ਦੇ ਹਾਲਾਤਾਂ, ਰੋਪੜ ਦੇ ਵਿਕਾਸ ਤੇ ਲੋਕਾਂ ਦੀਆਂ ਸਮੱਸਿਆਵਾਂ ਬਾਰੇ ਹੋਈ ਵਿਸਥਾਰਪੂਰਵਕ ਚਰਚਾ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਰੂਪਨਗਰ : ਪੰਜਾਬ ਵਿਧਾਨ ਸਭਾ ਚੋਣਾਂ 2027 ਦੇ ਮੱਦੇਨਜ਼ਰ ਭਾਰਤੀ ਜਨਤਾ ਪਾਰਟੀ ਵੱਲੋਂ ਸਿਆਸੀ ਤੇ ਜਥੇਬੰਦਕ ਸਰਗਰਮੀਆਂ ਤੇਜ਼ ਕੀਤੀਆਂ ਜਾ ਰਹੀਆਂ ਹਨ। ਇਸੇ ਲੜੀ ਤਹਿਤ ਮੰਗਲਵਾਰ ਨੂੰ ਭਾਜਪਾ ਦੇ ਪਾਰਲੀਮੈਂਟਰੀ ਬੋਰਡ ਦੇ ਮੈਂਬਰ ਅਤੇ ਸੀਨੀਅਰ ਆਗੂ ਇਕਬਾਲ ਸਿੰਘ ਲਾਲਪੁਰਾ ਵੱਲੋਂ ਰੋਪੜ ਦੇ ਜਗਜੀਤ ਨਗਰ ਵਿਖੇ ਮੋਹਿੰਦਰਪਾਲ ਸਿੰਘ ਕਾਜਲਾ ਦੇ ਗ੍ਰਹਿ ਵਿਖੇ ਇਲਾਕੇ ਦੇ ਬੁੱਧੀਜੀਵੀਆਂ, ਸਮਾਜਿਕ ਤੇ ਵੱਖ-ਵੱਖ ਖੇਤਰਾਂ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਨਾਲ ਇੱਕ ਵਿਸ਼ੇਸ਼ ਮੀਟਿੰਗ ਕੀਤੀ ਗਈ। ਮੋਹਿੰਦਰਪਾਲ ਸਿੰਘ ਕਾਜਲਾ ਭਾਜਪਾ ਮੰਡਲ ਪ੍ਰਧਾਨ ਜਗਦੀਸ਼ ਚੰਦਰ ਕਾਜਲਾ ਦੇ ਭਰਾ ਹਨ। ਇਸ ਮੌਕੇ ਪੰਕਜ ਕਾਜਲਾ ਵੱਲੋਂ ਇਕਬਾਲ ਸਿੰਘ ਲਾਲਪੁਰਾ ਦਾ ਨਿੱਘਾ ਸਵਾਗਤ ਕੀਤਾ ਗਿਆ। ਮੀਟਿੰਗ ਦੌਰਾਨ ਪੰਜਾਬ ਦੇ ਮੌਜੂਦਾ ਰਾਜਨੀਤਿਕ, ਸਮਾਜਿਕ ਤੇ ਆਰਥਿਕ ਹਾਲਾਤਾਂ ਦੇ ਨਾਲ-ਨਾਲ ਰੋਪੜ ਹਲਕੇ ਦੇ ਵਿਕਾਸ ਨਾਲ ਜੁੜੇ ਅਹਿਮ ਮੁੱਦਿਆਂ ਉੱਤੇ ਵਿਸਥਾਰ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ। ਇਸ ਮੀਟਿੰਗ ਨੂੰ ਆਉਣ ਵਾਲੀਆਂ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਲੋਕਾਂ ਨਾਲ ਸਿੱਧਾ ਸੰਵਾਦ ਸਥਾਪਿਤ ਕਰਨ ਅਤੇ ਚੋਣ ਮੁਹਿੰਮ ਦੀ ਸ਼ੁਰੂਆਤੀ ਕੜੀ ਵਜੋਂ ਦੇਖਿਆ ਜਾ ਰਿਹਾ ਹੈ। ਇਸ ਮੌਕੇ ਲਾਲਪੁਰਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਕੇਂਦਰ ਸਰਕਾਰ ਦੀਆਂ ਨੀਤੀਆਂ ਦਾ ਮੁੱਖ ਉਦੇਸ਼ ਦੇਸ਼ ਨੂੰ ਵਿਕਸਿਤ ਭਾਰਤ ਬਣਾਉਣਾ ਹੈ। ਉਨ੍ਹਾਂ ਕਿਹਾ ਕਿ ਵਿਕਸਿਤ ਭਾਰਤ ਦੇ ਸੰਕਲਪ ਨੂੰ ਪੂਰਾ ਕਰਨ ਲਈ ਵਿਕਸਿਤ ਪੰਜਾਬ ਬਹੁਤ ਜ਼ਰੂਰੀ ਹੈ। ਪੰਜਾਬ ਦੀ ਤਰੱਕੀ, ਨੌਜਵਾਨਾਂ ਲਈ ਰੁਜ਼ਗਾਰ ਦੇ ਮੌਕੇ, ਬਿਹਤਰ ਬੁਨਿਆਦੀ ਢਾਂਚਾ ਅਤੇ ਲੋਕਾਂ ਨੂੰ ਮਿਆਰੀ ਸਹੂਲਤਾਂ ਮੁਹੱਈਆ ਕਰਵਾਉਣਾ ਸਮੇਂ ਦੀ ਮੁੱਖ ਲੋੜ ਹੈ। ਆਮ ਆਦਮੀ ਪਾਰਟੀ ਦੀ ਸਰਕਾਰ ’ਤੇ ਸਵਾਲ ਉਠਾਉਂਦਿਆਂ ਉਨ੍ਹਾਂ ਕਿਹਾ ਕਿ ਰੋਪੜ ਵਿਕਾਸ ਦੇ ਮਾਮਲੇ ’ਚ ਪਿੱਛੇ ਰਹਿ ਗਿਆ ਹੈ। ਸ਼ਹਿਰ ਤੇ ਆਲੇ-ਦੁਆਲੇ ਦੇ ਇਲਾਕਿਆਂ ’ਚ ਸੜਕਾਂ ਦੀ ਮਾੜੀ ਹਾਲਤ, ਸੀਵਰੇਜ ਦੀ ਸਮੱਸਿਆ, ਸਫ਼ਾਈ ਅਤੇ ਹੋਰ ਬੁਨਿਆਦੀ ਸਹੂਲਤਾਂ ਦੀ ਘਾਟ ਕਾਰਨ ਆਮ ਨਾਗਰਿਕਾਂ ਨੂੰ ਰੋਜ਼ਾਨਾ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਲੋਕਾਂ ਦੀਆਂ ਅਸਲ ਸਮੱਸਿਆਵਾਂ ਨੂੰ ਸਮਝਣਾ ਤੇ ਉਨ੍ਹਾਂ ਦੇ ਹੱਲ ਲਈ ਠੋਸ ਯੋਜਨਾਵਾਂ ਤਿਆਰ ਕਰਨਾ ਹੀ ਰਾਜਨੀਤੀ ਦਾ ਅਸਲ ਮਕਸਦ ਹੋਣਾ ਚਾਹੀਦਾ ਹੈ। ਮੀਟਿੰਗ ’ਚ ਹਾਜ਼ਰ ਬੁੱਧੀਜੀਵੀਆਂ ਤੇ ਪ੍ਰਮੁੱਖ ਸ਼ਖ਼ਸੀਅਤਾਂ ਨੇ ਵੀ ਪੰਜਾਬ ਦੇ ਮੌਜੂਦਾ ਹਾਲਾਤਾਂ, ਰੋਪੜ ਦੇ ਵਿਕਾਸ, ਸਿੱਖਿਆ, ਸਿਹਤ ਸੇਵਾਵਾਂ, ਸੜਕਾਂ, ਸੀਵਰੇਜ ਤੇ ਨੌਜਵਾਨਾਂ ਦੇ ਭਵਿੱਖ ਨਾਲ ਸਬੰਧਤ ਆਪਣੇ ਵਿਚਾਰ ਅਤੇ ਸੁਝਾਅ ਪੇਸ਼ ਕੀਤੇ। ਸ੍ਰੀ ਲਾਲਪੁਰਾ ਨੇ ਸਾਰਿਆਂ ਦੇ ਵਿਚਾਰ ਧਿਆਨ ਨਾਲ ਸੁਣੇ ਤੇ ਕਿਹਾ ਕਿ ਸਮਾਜ ਦੇ ਪੜ੍ਹੇ-ਲਿਖੇ, ਤਜ਼ਰਬੇਕਾਰ ਤੇ ਜਾਗਰੂਕ ਵਰਗ ਦੀ ਭਾਗੀਦਾਰੀ ਨਾਲ ਹੀ ਪੰਜਾਬ ਦੇ ਭਵਿੱਖ ਲਈ ਬਿਹਤਰ ਰਣਨੀਤੀ ਤਿਆਰ ਕੀਤੀ ਜਾ ਸਕਦੀ ਹੈ। ਇਸ ਮੌਕੇ ਅਸ਼ੋਕ ਕੁਮਾਰ, ਹਰਮੇਸ਼ ਧੀਮਾਨ, ਰਮੇਸ਼ਵਰ ਸ਼ਰਮਾ (ਆਸ਼ੀਰਵਾਦ ਹੋਟਲ), ਐਡਵੋਕੇਟ ਰਾਣਾ ਕਮਲਜੀਤ ਸਿੰਘ, ਕਰਮਚੰਦ ਵਰਮਾ, ਰਾਮਪਾਲ, ਸੁਰ ਸਿੰਘ, ਗੰਗਾ ਰਾਮ, ਸ਼ੋਰੀ ਲਾਲ, ਅਮਰਿੰਦਰ ਪਾਲ ਸਿੰਘ, ਜਸਕਰਨ ਪਾਲ ਸਿੰਘ, ਬਲਜੀਤ ਸਿੰਘ, ਰੁਪਿੰਦਰ ਕੌਰ, ਅਜੈ ਮਾਨ ਸਮੇਤ ਹੋਰ ਪਤਵੰਤੇ ਸੱਜਣ ਮੌਜੂਦ ਸਨ।