ਐਸਡੀਐਮ. ਮੋਰਿੰਡਾ ਵੱਲੋਂ ਚਰਚ ਤੇ ਦੁਕਾਨਾਂ ਵਾਲੀ ਜਾਇਦਾਦ ’ਤੇ ਧਾਰਾ 165 ਲਾਗੂ ਐਸਡੀਐਮ. ਮੋਰਿੰਡਾ ਵੱਲੋਂ ਚਰਚ ਅਤੇ ਦੁਕਾਨਾਂ ਵਾਲੀ ਜਾਇਦਾਦ ’ਤੇ ਧਾਰਾ 165 ਲਾਗੂ
Publish Date: Tue, 24 Nov 2026 06:50 PM (IST)
Updated Date: Tue, 24 Nov 2026 06:52 PM (IST)
ਅਮਰਜੀਤ ਧੀਮਾਨ, ਪੰਜਾਬੀ ਜਾਗਰਣ, ਮੋਰਿੰਡਾ : ਮੋਰਿੰਡਾ ਸ਼ਹਿਰ ’ਚ ਨਗਰ ਕੌਂਸਲ ਦਫ਼ਤਰ ਦੇ ਨਜ਼ਦੀਕ ਸਥਿਤ ਲਗਭਗ 3300 ਵਰਗ ਗਜ਼ ਵਿਵਾਦਿਤ ਜਾਇਦਾਦ ਦੇ ਕਬਜ਼ੇ ਨੂੰ ਲੈ ਕੇ ਦੋਵਾਂ ਧਿਰਾਂ ਵਿਚਕਾਰ ਪੈਦਾ ਹੋਏ ਭਾਰੀ ਤਣਾਅ ਤੇ ਅਮਨ-ਕਾਨੂੰਨ ਭੰਗ ਹੋਣ ਦੇ ਖਦਸ਼ੇ ਨੂੰ ਵੇਖਦਿਆਂ ਉਪ ਮੰਡਲ ਮੈਜਿਸਟਰੇਟ ਮੋਰਿੰਡਾ ਲਿੰਧਿਆ ਐਲਐਨ ਨੇ ਸਖ਼ਤ ਕਾਰਵਾਈ ਕਰਦਿਆਂ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ ਦੀ ਧਾਰਾ 165(1) ਅਧੀਨ ਹੁਕਮ ਜਾਰੀ ਕੀਤੇ ਹਨ। ਇਸ ਜਾਇਦਾਦ ਦੇ ਮੁੱਖ ਸੜਕ ਵਾਲੇ ਪਾਸੇ ਦੁਕਾਨਾਂ ਬਣੀਆਂ ਹੋਈਆਂ ਹਨ, ਜਦਕਿ ਅੰਦਰਲੇ ਪਾਸੇ ‘ਦੀ ਯੂਨਾਈਟਿਡ ਚਰਚ ਆਫ ਨੌਰਦਰਨ ਇੰਡੀਆ’ ਸਥਿਤ ਹੈ। ਥਾਣਾ ਸਿਟੀ ਮੋਰਿੰਡਾ ਦੇ ਮੁੱਖ ਅਫ਼ਸਰ ਇੰਸਪੈਕਟਰ ਗਗਨਦੀਪ ਸਿੰਘ ਵੱਲੋਂ ਨਗਰ ਕੌਂਸਲ ਮੋਰਿੰਡਾ ਦੇ ਅਸੈਸਮੈਂਟ ਨੰਬਰ 450 ਤੋਂ 469 ਅਧੀਨ ਆਉਂਦੀ ਲਾਲ ਲਕੀਰ ਅੰਦਰਲੀ ਇਸ 3300 ਵਰਗ ਗਜ਼ ਜਗ੍ਹਾ ਦੀ ਬੈਨਾਮਾ ਰਜਿਸਟਰੀ ਸਿਵਲ ਅਦਾਲਤ ਦੇ ਹੁਕਮਾਂ ’ਤੇ ਸਾਲ 2020 ’ਚ ਜਗਤਾਰ ਸਿੰਘ (ਵਾਸੀ ਪਿੰਡ ਗੰਢੂਆਂ ਕਲਾਂ, ਹਾਲ ਵਾਸੀ ਮੋਰਿੰਡਾ) ਦੇ ਨਾਮ ਹੋ ਚੁੱਕੀ ਹੈ, ਜਿਸ ’ਚ ਮਸਤਾਬਵਿੰਦਰ ਸਿੰਘ ਵੀ ਸ਼ਾਮਲ ਹਨ। ਦੂਜੀ ਧਿਰ ’ਚ ਚਰਚ ਵਿਖੇ ਬਤੌਰ ਪਾਸਟਰ ਸੇਵਾ ਨਿਭਾਅ ਰਹੇ ਲਖਵਿੰਦਰ ਸਿੰਘ, ਮੇਜਰ ਸਿੰਘ ਤੇ ਸਨੀ ਮੱਟੂ ਸ਼ਾਮਲ ਹਨ। ਇਸ ਜ਼ਮੀਨ ਦੇ ਕਬਜ਼ੇ ਸਬੰਧੀ ਕੇਸ ਅਜੇ ਵੀ ਸਿਵਲ ਅਦਾਲਤ ’ਚ ਵਿਚਾਰ ਅਧੀਨ ਹੈ। ਦੋਵਾਂ ਧਿਰਾਂ ਵੱਲੋਂ ਆਪੋ-ਆਪਣਾ ਹੱਕ ਜਤਾਉਣ ਕਾਰਨ ਅਕਸਰ ਲੜਾਈ-ਝਗੜੇ ਤੇ ਖੂਨ-ਖਰਾਬੇ ਦਾ ਖਦਸ਼ਾ ਬਣਿਆ ਰਹਿੰਦਾ ਸੀ। ਪੁਲਿਸ ਵੱਲੋਂ ਪਹਿਲਾਂ ਧਾਰਾ 126/169 ਬੀਐਨਐਸਐਸ. ਤਹਿਤ ਰੋਕੂ ਕਾਰਵਾਈ ਵੀ ਅਮਲ ਵਿੱਚ ਲਿਆਂਦੀ ਗਈ ਸੀ, ਪਰ ਸਥਿਤੀ ਨਾ ਸੰਭਲਣ ’ਤੇ ਪੁਲਿਸ ਨੇ ਧਾਰਾ 165 ਤਹਿਤ ਕਾਰਵਾਈ ਦੀ ਸਿਫ਼ਾਰਸ਼ ਕੀਤੀ। 23 ਨਵੰਬਰ 2026 ਨੂੰ ਜਾਰੀ ਹੁਕਮਾਂ ਰਾਹੀਂ ਐੱਸਡੀਐਮ. ਨੇ ਸਿਵਲ ਅਦਾਲਤ ’ਚ ਕੇਸ ਦਾ ਫੈਸਲਾ ਹੋਣ ਤੱਕ ਦੋਵਾਂ ਧਿਰਾਂ ਦੇ ਇਸ ਜਾਇਦਾਦ ’ਚ ਦਾਖ਼ਲ ਹੋਣ ’ਤੇ ਰੋਕ ਲਗਾ ਦਿੱਤੀ ਹੈ। ਇਸ ਤੋਂ ਇਲਾਵਾ, ਜਾਇਦਾਦ ਦੀ ਸਾਂਭ-ਸੰਭਾਲ ਤੇ ਪ੍ਰਬੰਧਨ ਲਈ ਧਾਰਾ 165(2) ਬੀ.ਐਨ.ਐਸ.ਐਸ. ਅਧੀਨ ਤਹਿਸੀਲਦਾਰ, ਮੋਰਿੰਡਾ ਨੂੰ ਬਤੌਰ ਰਸੀਵਰ ਨਿਯੁਕਤ ਕੀਤਾ ਗਿਆ ਹੈ। ਤਹਿਸੀਲਦਾਰ ਨੂੰ ਜਾਇਦਾਦ ਦਾ ਕਬਜ਼ਾ ਆਪਣੇ ਅਧੀਨ ਲੈਣ, ਕਿਸੇ ਧਿਰ ਨੂੰ ਦਖ਼ਲਅੰਦਾਜ਼ੀ ਨਾ ਕਰਨ ਦੇਣ ਤੇ ਹੋਣ ਵਾਲੀ ਆਮਦਨ ਦਾ ਹਿਸਾਬ-ਕਿਤਾਬ ਰੱਖ ਕੇ ਅਦਾਲਤ ਨੂੰ ਰਿਪੋਰਟ ਦੇਣ ਦੇ ਨਿਰਦੇਸ਼ ਦਿੱਤੇ ਗਏ ਹਨ। ਮਾਮਲੇ ਦੀ ਅਗਲੀ ਪੇਸ਼ੀ 26 ਨਵੰਬਰ 2026 ਨੂੰ ਰੱਖੀ ਗਈ ਹੈ। ਇਸ ਕਾਰਵਾਈ ਸਬੰਧੀ ਜਾਣਕਾਰੀ ਦਿੰਦਿਆਂ ਤਹਿਸੀਲਦਾਰ ਪੁਨੀਤ ਬਾਂਸਲ ਨੇ ਦੱਸਿਆ ਕਿ ਮਾਨਯੋਗ ਐਸਡੀਐਮ ਲਿੰਧੀਆ ਐਲਐਨ ਵੱਲੋਂ ਬੀਐਨਐਸਐਸ. ਦੀ ਧਾਰਾ 165 ਤਹਿਤ ਹੁਕਮ ਜਾਰੀ ਕੀਤੇ ਗਏ ਹਨ, ਜਿਸ ਅਧੀਨ ਉਨ੍ਹਾਂ ਨੂੰ ਬਤੌਰ ਰਿਸੀਵਰ ਨਿਯੁਕਤ ਕੀਤਾ ਗਿਆ ਹੈ। ਇਲਾਕੇ ’ਚ ਅਮਨ-ਕਾਨੂੰਨ ਦੀ ਸਥਿਤੀ ਨੂੰ ਬਰਕਰਾਰ ਰੱਖਣ ਦੇ ਮੱਦੇਨਜ਼ਰ ਪ੍ਰਸ਼ਾਸਨ ਵੱਲੋਂ ਚਰਚ ਸਬੰਧੀ ਸਖ਼ਤ ਕਦਮ ਚੁੱਕਦਿਆਂ ਇਸ ਦਾ ਕਬਜ਼ਾ ਆਪਣੇ ਅਧੀਨ ਲੈ ਲਿਆ ਗਿਆ ਹੈ। ਤਹਿਸੀਲਦਾਰ ਪੁਨੀਤ ਬਾਂਸਲ ਨੇ ਦੱਸਿਆ ਕਿ ਪੁਲਿਸ ਵਿਭਾਗ ਵੱਲੋਂ ਇਸ ਮਾਮਲੇ ’ਚ ਕਲੰਦਰਾ (ਫਾਈਲ ਨੰਬਰ 2) ਪੇਸ਼ ਕੀਤਾ ਗਿਆ ਸੀ। ਇਲਾਕੇ ’ਚ ਸ਼ਾਂਤੀ ਤੇ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਐਸਡੀਐਮ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਐਸਐਚਓ. ਦੀ ਮੌਜੂਦਗੀ ’ਚ ਚਰਚ ਦਾ ਕਬਜ਼ਾ (ਪੋਜੈਸ਼ਨ) ਪ੍ਰਸ਼ਾਸਨ ਨੂੰ ਸੌਂਪ ਦਿੱਤਾ ਗਿਆ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਇਹ ਪ੍ਰਬੰਧ ਅਗਲੇ ਹੁਕਮਾਂ ਤੱਕ ਇਸੇ ਤਰ੍ਹਾਂ ਜਾਰੀ ਰਹੇਗਾ। ਤਹਿਸੀਲਦਾਰ ਬਾਂਸਲ ਨੇ ਆਮ ਲੋਕਾਂ ਤੇ ਸਬੰਧਤ ਧਿਰਾਂ ਨੂੰ ਅਪੀਲ ਕੀਤੀ ਕਿ ਜਿੱਥੇ ਅਜਿਹੀ ਧਾਰਾ ਲਾਗੂ ਹੋ ਜਾਂਦੀ ਹੈ ਤੇ ਰਿਸੀਵਰ ਨਿਯੁਕਤ ਕਰ ਦਿੱਤਾ ਜਾਂਦਾ ਹੈ, ਉੱਥੇ ਕਿਸੇ ਵੀ ਤਰ੍ਹਾਂ ਦੀ ਛੇੜਛਾੜ ਦੀ ਕੋਈ ਗੁੰਜਾਇਸ਼ ਨਹੀਂ ਰਹਿੰਦੀ।