ਅੰਤਰਰਾਸ਼ਟਰੀ ਆਫ਼ਤ ਜੋਖ਼ਮ ਘਟਾਓ ਦਿਵਸ ਮਨਾਇਆ ਸਰਕਾਰੀ ਕਾਲਜ ਰੂਪਨਗਰ ਵਿਖੇ ਅੰਤਰਰਾਸ਼ਟਰੀ ਆਫ਼ਤ ਜੋਖ਼ਮ ਘਟਾਓ ਦਿਵਸ ਮਨਾਇਆ
Publish Date: Wed, 14 Oct 2026 04:03 PM (IST)
Updated Date: Wed, 14 Oct 2026 04:06 PM (IST)
ਡਿਪਟੀ ਕਮਿਸ਼ਨਰ ਵਿਦਿਆਰਥੀਆਂ ਨੂੰ ਹੌਂਸਲੇ ਨਾਲ ਅੱਗੇ ਵਧਣ ਲਈ ਪ੍ਰੇਰਿਆ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਰੂਪਨਗਰ: ਸਰਕਾਰੀ ਕਾਲਜ ਰੂਪਨਗਰ ਵਿਖੇ ਯੁਵਾ ਮਾਮਲੇ ਅਤੇ ਖੇਡ ਮੰਤਰਾਲੇ, ਭਾਰਤ ਸਰਕਾਰ ਅਤੇ ਮੇਰਾ ਯੁਵਾ ਭਾਰਤ ਦੇ ਸਾਂਝੇ ਯਤਨਾਂ ਸਦਕਾ ਪ੍ਰਿੰਸੀਪਲ ਗੁਨਜੀਤ ਕੌਰ ਦੀ ਅਗਵਾਈ ਹੇਠ ਅੰਤਰਰਾਸ਼ਟਰੀ ਆਫ਼ਤ ਜੋਖ਼ਮ ਘਟਾਓ ਦਿਵਸ ਮਨਾਇਆ ਗਿਆ। ਇਸ ਮੌਕੇ ਵਿਦਿਆਰਥੀਆਂ ਨੂੰ ਕੁਦਰਤੀ ਆਫ਼ਤਾਂ ਦੌਰਾਨ ਜਾਨਾਂ ਬਚਾਉਣ, ਮੁੱਢਲੀ ਸਹਾਇਤਾ ਦੇਣ, ਆਫ਼ਤਾਂ ਦੇ ਜੋਖ਼ਮ ਘਟਾਉਣ ਅਤੇ ਸੰਕਟ ਦੇ ਸਮੇਂ ਜ਼ਿੰਮੇਵਾਰੀ ਨਾਲ ਸਹਾਇਤਾ ਕਰਨ ਸਬੰਧੀ ਜਾਗਰੂਕ ਕੀਤਾ ਗਿਆ। ਇਸ ਮੌਕੇ ਡਿਪਟੀ ਕਮਿਸ਼ਨਰ ਅਦਿੱਤਿਆ ਡੇਚਲਵਾਲ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਸਖ਼ਤ ਮਿਹਨਤ, ਦ੍ਰਿੜ੍ਹ ਇਰਾਦੇ, ਹਿੰਮਤ ਅਤੇ ਹੌਸਲੇ ਨਾਲ ਜੀਵਨ ’ਚ ਅੱਗੇ ਵਧਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੂੰ ਹਮੇਸ਼ਾ ਉੱਚੇ ਟੀਚੇ ਮਿੱਥਣੇ ਚਾਹੀਦੇ ਹਨ ਅਤੇ ਉਨ੍ਹਾਂ ਦੀ ਪ੍ਰਾਪਤੀ ਲਈ ਪੂਰੀ ਲਗਨ ਨਾਲ ਯਤਨ ਕਰਨੇ ਚਾਹੀਦੇ ਹਨ। ਉੱਚੇ ਟੀਚੇ ਅਤੇ ਨਿਰੰਤਰ ਮਿਹਨਤ ਹੀ ਮਨੁੱਖ ਨੂੰ ਸਫ਼ਲਤਾ ਦੀਆਂ ਨਵੀਆਂ ਮੰਜ਼ਿਲਾਂ ਤੱਕ ਪਹੁੰਚਾਉਂਦੇ ਹਨ। ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਰੂਪਨਗਰ ਦੇ ਸਕੱਤਰ ਗੁਰਸੋਹਣ ਸਿੰਘ ਨੇ ਵਿਦਿਆਰਥੀਆਂ ਨੂੰ ਮੁੱਢਲੀ ਸਹਾਇਤਾ ਅਤੇ ਦਿਲ-ਫੇਫੜੇ ਮੁੜ ਚਾਲੂ ਕਰਨ ਦੀ ਸੀਪੀਆਰ. ਤਕਨੀਕ ਦਾ ਵਿਹਾਰਕ ਪ੍ਰਦਰਸ਼ਨ ਕਰਕੇ ਸਮਝਾਇਆ। ਉਨ੍ਹਾਂ ਕੁਦਰਤੀ ਆਫ਼ਤਾਂ ਦੌਰਾਨ ਜ਼ਖ਼ਮੀਆਂ ਦੀ ਸਹਾਇਤਾ ਕਰਨ ਅਤੇ ਗੰਭੀਰ ਹਾਲਤ ਵਾਲੇ ਮਰੀਜ਼ਾਂ ਨੂੰ ਤਰਜੀਹ ਦੇ ਆਧਾਰ ’ਤੇ ਡਾਕਟਰੀ ਸਹਾਇਤਾ ਦੇਣ ਲਈ ਵਰਤੀ ਜਾਂਦੀ ਟ੍ਰਾਇਏਜ ਪ੍ਰਣਾਲੀ ਬਾਰੇ ਵੀ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਅਜਿਹੇ ਸੰਕਟ ਦੇ ਸਮੇਂ ਸਹੀ ਜਾਣਕਾਰੀ, ਮੁੱਢਲੀ ਸਹਾਇਤਾ ਅਤੇ ਸਮੇਂ ਸਿਰ ਕਾਰਵਾਈ ਕਈ ਕੀਮਤੀ ਜਾਨਾਂ ਬਚਾਉਣ ’ਚ ਸਹਾਈ ਹੋ ਸਕਦੀ ਹੈ। ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਰੂਪਨਗਰ ਦੀ ਉਪ ਪ੍ਰਧਾਨ ਰੇਨ ਰੀਟਾ ਡੇਚਲਵਾਲ ਨੇ ਰੋਜ਼ਾਨਾ ਜੀਵਨ ਵਿਚ ਸਫ਼ਾਈ ਦੀ ਮਹੱਤਤਾ, ਸੀਪੀਆਰ. ਤਕਨੀਕ ਅਤੇ ਆਪਣੇ ਤਜਰਬੇ ਵਿਦਿਆਰਥੀਆਂ ਨਾਲ ਸਾਂਝੇ ਕੀਤੇ। ਉਨ੍ਹਾਂ ਕਿਹਾ ਕਿ ਜੇਕਰ ਸਾਡੇ ਸਾਹਮਣੇ ਕੋਈ ਆਫ਼ਤ ਤੋਂ ਪ੍ਰਭਾਵਿਤ ਜਾਂ ਜ਼ਖ਼ਮੀ ਵਿਅਕਤੀ ਆਉਂਦਾ ਹੈ ਤਾਂ ਉਸ ਦੀ ਮਦਦ ਕਰਨਾ ਸਾਡਾ ਫ਼ਰਜ਼ ਹੈ। ਅਜਿਹੇ ਸਮੇਂ ਵੀਡੀਓ ਬਣਾਉਣ ਦੀ ਬਜਾਏ ਪੀੜਤ ਦੀ ਸਹਾਇਤਾ ਨੂੰ ਪਹਿਲ ਦੇਣੀ ਚਾਹੀਦੀ ਹੈ। ਜ਼ਿਲ੍ਹਾ ਯੁਵਾ ਕੋਆਰਡੀਨੇਟਰ ਅਸ਼ੀਸ਼ ਪਾਲ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਬੱਚੇ ਆਪਣੇ ਆਲੇ-ਦੁਆਲੇ ਦੇ ਲੋਕਾਂ ਦੇ ਵਿਹਾਰ ਤੋਂ ਸਿੱਖਦੇ ਹਨ। ਇਸ ਲਈ ਸਾਨੂੰ ਆਪਣੇ ਚੰਗੇ ਆਚਰਨ ਅਤੇ ਸਮਾਜ ਸੇਵਾ ਰਾਹੀਂ ਉਨ੍ਹਾਂ ਸਾਹਮਣੇ ਪ੍ਰੇਰਨਾਦਾਇਕ ਮਿਸਾਲ ਪੇਸ਼ ਕਰਨੀ ਚਾਹੀਦੀ ਹੈ। ਰੈੱਡ ਕਰਾਸ ਕਾਲਜ ਇਕਾਈ ਰੂਪਨਗਰ ਦੀ ਕਨਵੀਨਰ ਪ੍ਰੋਫੈਸਰ ਉਪਦੇਸ਼ਦੀਪ ਕੌਰ ਨੇ ਮੰਚ ਸੰਚਾਲਨ ਕਰਦਿਆਂ ਵਿਦਿਆਰਥੀਆਂ ਨੂੰ ਰੈੱਡ ਕਰਾਸ ਸੁਸਾਇਟੀ ਨਾਲ ਜੁੜ ਕੇ ਸਮਾਜ ਸੇਵਾ ਦੀਆਂ ਗਤੀਵਿਧੀਆਂ ਵਿਚ ਸਰਗਰਮ ਭੂਮਿਕਾ ਨਿਭਾਉਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਕੁਦਰਤੀ ਆਫ਼ਤਾਂ ਦੌਰਾਨ ਜ਼ਖ਼ਮੀਆਂ ਦੀ ਸਹਾਇਤਾ ਕਰਨਾ ਅਤੇ ਲੋੜਵੰਦਾਂ ਦੀ ਜਾਨ ਬਚਾਉਣ ਲਈ ਯਤਨ ਕਰਨਾ ਮਨੁੱਖਤਾ ਦੀ ਸੱਚੀ ਸੇਵਾ ਹੈ। ਪ੍ਰੋਫੈਸਰ ਅਰਵਿੰਦਰ ਕੌਰ ਨੇ ਅੰਤਰਰਾਸ਼ਟਰੀ ਰੈੱਡ ਕਰਾਸ ਇੰਟਰਨਸ਼ਿਪ ਸਬੰਧੀ ਆਪਣੇ ਪਿਛਲੇ ਤਜਰਬੇ ਵਿਦਿਆਰਥੀਆਂ ਨਾਲ ਸਾਂਝੇ ਕੀਤੇ ਅਤੇ ਉਨ੍ਹਾਂ ਨੂੰ ਅਜਿਹੀਆਂ ਸਿੱਖਿਆਦਾਇਕ ਤੇ ਸਮਾਜ ਸੇਵਾ ਨਾਲ ਜੁੜੀਆਂ ਗਤੀਵਿਧੀਆਂ ਵਿਚ ਵੱਧ-ਚੜ੍ਹ ਕੇ ਹਿੱਸਾ ਲੈਣ ਲਈ ਉਤਸ਼ਾਹਿਤ ਕੀਤਾ। ਸਮਾਗਮ ਦੌਰਾਨ ਵਿਦਿਆਰਥੀਆਂ ਨੂੰ ਇਹ ਸੰਦੇਸ਼ ਦਿੱਤਾ ਗਿਆ ਕਿ ਆਫ਼ਤਾਂ ਦੇ ਸਮੇਂ ਜਾਗਰੂਕਤਾ, ਸਹੀ ਤਿਆਰੀ, ਮੁੱਢਲੀ ਸਹਾਇਤਾ ਅਤੇ ਆਪਸੀ ਸਹਿਯੋਗ ਰਾਹੀਂ ਨੁਕਸਾਨ ਨੂੰ ਘਟਾਇਆ ਜਾ ਸਕਦਾ ਹੈ ਅਤੇ ਕੀਮਤੀ ਮਨੁੱਖੀ ਜਾਨਾਂ ਬਚਾਈਆਂ ਜਾ ਸਕਦੀਆਂ ਹਨ। ਇਸ ਮੌਕੇ ਸਾਹਿਲ ਬਲੇਚਾ, ਰੈੱਡ ਕਰਾਸ ਦੀ ਮੈਂਬਰ ਸਕੀਨਾ ਐਰੀ, ਕਾਲਜ ਦੇ ਉਪ ਪ੍ਰਿੰਸੀਪਲ ਪ੍ਰੋਫੈਸਰ ਹਰਜੀਤ ਸਿੰਘ, ਪ੍ਰੋਫੈਸਰ ਦਲਵਿੰਦਰ ਸਿੰਘ, ਪ੍ਰੋਫੈਸਰ ਕੁਲਦੀਪ ਕੌਰ, ਪ੍ਰੋਫੈਸਰ ਰਵਨੀਤ ਕੌਰ, ਪ੍ਰੋਫੈਸਰ ਡਿੰਪਲ, ਪ੍ਰੋਫੈਸਰ ਮਨਜਿੰਦਰ ਸਿੰਘ, ਪੰਜਾਬੀ ਵਿਭਾਗ ਤੋਂ ਪ੍ਰੋਫੈਸਰ ਮਨਦੀਪ ਕੌਰ ਅਤੇ ਹੋਰ ਸਟਾਫ਼ ਮੈਂਬਰ ਹਾਜ਼ਰ ਸਨ।