ਖੈਰਪੁਰ ’ਚ ਜ਼ਮੀਨ ’ਤੇ ਕਬਜ਼ੇ ਨੂੰ ਲੈ ਕੇ ਦੋ ਧਿਰਾਂ ਵਿਚਕਾਰ ਭਾਰੀ ਤਣਾਅ ਪਿੰਡ ਖੈਰਪੁਰ ਵਿਖੇ ਜ਼ਮੀਨ ’ਤੇ ਕਬਜ਼ੇ ਨੂੰ ਲੈ ਕੇ ਦੋ ਧਿਰਾਂ ਵਿਚਕਾਰ ਭਾਰੀ ਤਣਾਅ
Publish Date: Tue, 15 Sep 2026 04:51 PM (IST)
Updated Date: Wed, 16 Sep 2026 04:05 AM (IST)
ਪੁਲਿਸ ਵੱਲੋਂ ਝਗੜੇ ਵਾਲੀ ਜ਼ਮੀਨ ’ਤੇ ਦੋਵੇਂ ਧਿਰਾਂ ਨੂੰ ਜਾਣ ਤੋਂ ਮਨਾਹੀ ਜੌਲੀ ਸੂਦ, ਪੰਜਾਬੀ ਜਾਗਰਣ, ਮੋਰਿੰਡਾ : ਨਜ਼ਦੀਕੀ ਪਿੰਡ ਖੈਰਪੁਰ ਵਿਖੇ ਜ਼ਮੀਨ ’ਤੇ ਕਬਜ਼ੇ ਨੂੰ ਲੈ ਕੇ ਦੋ ਧਿਰਾਂ ਵਿਚਕਾਰ ਭਾਰੀ ਤਣਾਅ ਦਾ ਮਾਹੌਲ ਹੈ। ਹਾਲਾਂਕਿ, ਮੋਰਿੰਡਾ ਪੁਲਿਸ ਵੱਲੋਂ ਸਖਤ ਸੁਰੱਖਿਆ ਪ੍ਰਬੰਧ ਕੀਤੇ ਗਏ। ਇਸ ਦੌਰਾਨ ਵਾਲਮੀਕ ਭਾਈਚਾਰੇ ਵੱਲੋਂ ਕੁੱਝ ਵਿਅਕਤੀਆਂ ਦੀ ਗ੍ਰਿਫਤਾਰੀ ਨੂੰ ਲੈ ਕੇ ਮੋਰਿੰਡਾ ਪੁਲਿਸ ਸਟੇਸ਼ਨ ਅੱਗੇ ਰੋਸ ਪ੍ਰਦਰਸ਼ਨ ਵੀ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਢੰਗਰਾਲੀ ਨਿਵਾਸੀ ਅਮਰੀਕ ਸਿੰਘ ਨੇ ਦੱਸਿਆ ਕਿ ਨਜ਼ਦੀਕੀ ਪਿੰਡ ਖੈਰਪੁਰ ਵਿਖੇ ਕੁਝ ਜ਼ਮੀਨ ਸਰਕਾਰੀ ਰਿਕਾਰਡ ਅਨੁਸਾਰ ਖੈਰਪੁਰ ਦੇ ਕਾਮਿਆਂ ਦੇ ਨਾਮ ’ਤੇ ਦਰਜ ਹੈ ਅਤੇ ਇਥੇ ਉਹ ਪਿਛਲੇ ਕਈ ਸਾਲਾਂ ਤੋਂ ਭਗਵਾਨ ਸ੍ਰੀ ਵਾਲਮੀਕਿ ਜੀ ਦਾ ਜਨਮ ਦਿਵਸ ਮਨਾਉਂਦੇ ਆ ਰਹੇ ਹਨ। ਉਨ੍ਹਾਂ ਅਰੋਪ ਲਗਾਏ ਕਿ ਪਿੰਡ ਖੈਰਪੁਰ ਦੇ ਕੁੱਝ ਵਿਅਕਤੀਆਂ ਵਲੋਂ ਇੱਥੇ ਲੱਗਿਆ ਭਗਵਾਨ ਵਾਲਮੀਕਿ ਦਾ ਨਿਸ਼ਾਨ ਸਾਹਿਬ ਅਤੇ ਉਨ੍ਹਾਂ ਦੀ ਤਸਵੀਰ ਉੱਥੋਂ ਹਟਾ ਦਿਤੀ ਗਈ ਹੈ ਅਤੇ ਭਗਵਾਨ ਸ੍ਰੀ ਵਾਲਮੀਕਿ ਜੀ ਦਾ ਨਿਰਾਦਰ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਮੋਰਿੰਡਾ ਪੁਲਿਸ ਨੂੰ ਸੂਚਿਤ ਕੀਤਾ ਗਿਆ ਹੈ ਅਤੇ ਪੁਲਿਸ ਵੱਲੋਂ ਕੁਝ ਵਿਅਕਤੀਆਂ ਖਿਲਾਫ ਮਾਮਲਾ ਵੀ ਦਰਜ ਕੀਤਾ ਗਿਆ ਹੈ ਪ੍ਰੰਤੂ ਅਜੇ ਤੱਕ ਕਿਸੇ ਦੀ ਗ੍ਰਿਫ਼ਤਾਰੀ ਨਹੀਂ ਹੋਈ ਹੈ। ਇਸ ਰੋਸ ਧਰਨੇ ਨੂੰ ਮੋਹਨ ਲਾਲ ਕਾਲਾ ਸਾਬਕਾ ਕੌਂਸਲਰ ਨੇ ਵੀ ਸੰਬੋਧਨ ਕੀਤਾ। ਕੀ ਕਹਿਣਾ ਹੈ ਦੂਜੀ ਧਿਰ ਦਾ ਇਸ ਸਬੰਧੀ ਪਿੰਡ ਖੈਰਪੁਰ ਦੇ ਦੂਜੀ ਧਿਰ ਦੇ ਵਿਅਕਤੀਆਂ ਦਾ ਕਹਿਣਾ ਹੈ ਕਿ ਇਹ ਜ਼ਮੀਨ ਪਿੰਡ ਖੈਰਪੁਰ ਦੇ ਕਾਮਿਆਂ ਦੀ ਹੈ। ਇਸ ਜ਼ਮੀਨ ਵਿਚ ਪਿੰਡ ਦੀ ਪੰਚਾਇਤ ਵੱਲੋਂ ਪੰਜ ਲੱਖ ਸਰਕਾਰੀ ਗ੍ਰਾਂਟ ਨਾਲ ਸ਼ੈੱਡ ਪਾਇਆ ਹੋਇਆ ਹੈ ਅਤੇ ਚਾਰਦੀਵਾਰੀ ਕੀਤੀ ਹੋਈ ਹੈ ਅਤੇ ਪਿੰਡ ਵਾਸੀ ਇਥੇ ਦੁੱਖ-ਸੁੱਖ ਵੇਲੇ ਸਮਾਗਮ ਕਰਦੇ ਰਹਿੰਦੇ ਹਨ। ਹੁਣ ਦੂਜੇ ਪਿੰਡ ਢੰਗਰਾਲੀ ਦੇ ਕੁਝ ਲੋਕ ਇਸ ਸਥਾਨ ’ਤੇ ਨਜਾਇਜ਼ ਕਬਜ਼ਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਦੋਵਾਂ ਧਿਰਾਂ ਨੂੰ ਝਗੜੇ ਵਾਲੀ ਜ਼ਮੀਨ ’ਤੇ ਜਾਣ ਤੋਂ ਮਨਾਹੀ : ਥਾਣਾ ਮੁਖੀ ਇਸ ਸਬੰਧੀ ਸਦਰ ਥਾਣਾ ਮੋਰਿੰਡਾ ਦੇ ਮੁਖੀ ਨੇ ਦੱਸਿਆ ਕਿ ਦੋਵੇਂ ਧਿਰਾਂ ਦੀਆਂ ਸ਼ਿਕਾਇਤਾਂ ਆਈਆਂ ਹੋਈਆਂ ਹਨ ਤੇ ਦਰਖਾਸਤਾਂ ਅਨੁਸਾਰ ਮਾਮਲੇ ਦਰਜ ਕੀਤੇ ਗਏ ਹਨ। ਇਨ੍ਹਾਂ ਮਾਮਲਿਆਂ ’ਚ ਲੋੜੀਂਦੇ ਵਿਅਕਤੀਆਂ ਨੂੰ ਗ੍ਰਿਫਤਾਰ ਕਰਨ ਲਈ ਰੇਡ ਕੀਤੀ ਜਾ ਰਹੀ ਹੈ, ਜਿਨ੍ਹਾਂ ਨੂੰ ਛੇਤੀ ਹੀ ਗ੍ਰਿਫਤਾਰ ਕਰ ਲਿਆ ਜਾਵਗਾ। ਉਨ੍ਹਾਂ ਕਿਹਾ ਕਿ ਝਗੜੇ ਨੂੰ ਰੋਕਣ ਅਤੇ ਅਮਨ ਚੈਨ ਕਾਇਮ ਰੱਖਣ ਲਈ ਦੋਵੇਂ ਧਿਰਾਂ ਨੂੰ ਝਗੜੇ ਵਾਲੀ ਜ਼ਮੀਨ ’ਤੇ ਜਾਣ ਤੋਂ ਮਨਾਹੀ ਕੀਤੀ ਗਈ ਹੈ ਤੇ ਇਸ ਸਬੰਧੀ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾ ਰਹੀ ਹੈ।