ਖੁਰਾਕ ਤੇ ਸਿਵਲ ਸਪਲਾਈ ਵਿਭਾਗ ਦੇ ਨਿਰੀਖਕਾਂ ਵੱਲੋਂ ਹੜਤਾਲ ਦਾ ਐਲਾਨ ਪੰਜਾਬ ਦੇ ਖੁਰਾਕ ਤੇ ਸਿਵਲ ਸਪਲਾਈ ਵਿਭਾਗ ਦੇ ਨਿਰੀਖਕਾਂ ਵੱਲੋਂ ਹੜ੍ਹਤਾਲ ਦਾ ਐਲਾਨ
Publish Date: Wed, 19 Aug 2026 04:10 PM (IST)
Updated Date: Wed, 19 Aug 2026 04:12 PM (IST)
ਕਰੋੜਾਂ ਦੀਆਂ ਕਟੌਤੀਆਂ ਅਤੇ ਟਾਲ-ਮਟੋਲ ਦੀ ਨੀਤੀ ਖਿਲਾਫ ਕੰਮ ਪੂਰੀ ਤਰ੍ਹਾਂ ਬੰਦ ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਰੂਪਨਗਰ : ਪੰਜਾਬ ਰਾਜ ਦੇ ਖੁਰਾਕ ਸਪਲਾਈ ਵਿਭਾਗ ਵਿਚ ਤਾਇਨਾਤ ਸਮੂਹ ਨਿਰੀਖਕਾਂ (ਇੰਸਪੈਕਟਰਾਂ) ਅਤੇ ਸਹਾਇਕ ਖੁਰਾਕ ਸਪਲਾਈ ਅਫ਼ਸਰਾਂ ਨੇ ਵਿਭਾਗ ਦੀਆਂ ਕਥਿਤ ਗਲਤ ਨੀਤੀਆਂ, ਤਨਖਾਹਾਂ ਵਿੱਚੋਂ ਨਾਜਾਇਜ਼ ਲੇਟ ਡਾਕੂਮੈਂਟ ਰਿਕਵਰੀਆਂ ਅਤੇ ਮੰਗਾਂ ਪ੍ਰਤੀ ਅਪਣਾਈ ਜਾ ਰਹੀ ਟਾਲ-ਮਟੋਲ ਦੀ ਨੀਤੀ ਦੇ ਵਿਰੋਧ ਵਿਚ ਅਣਮਿੱਥੇ ਸਮੇਂ ਲਈ ਹੜ੍ਹਤਾਲ ’ਤੇ ਜਾਣ ਅਤੇ ਹਰ ਤਰ੍ਹਾਂ ਦਾ ਕੰਮ ਮੁਕੰਮਲ ਬੰਦ ਕਰਨ ਦਾ ਐਲਾਨ ਕਰ ਦਿੱਤਾ ਹੈ। ਇੰਸਪੈਕਟੋਰੇਟ ਫੂਡ ਸਪਲਾਈਜ਼ ਯੂਨੀਅਨ ਪੰਜਾਬ ਵੱਲੋਂ ਮੁੱਖ ਮੰਤਰੀ ਪੰਜਾਬ ਨੂੰ ਭੇਜੇ ਗਏ ਇੱਕ ਮੰਗ ਪੱਤਰ ਰਾਹੀਂ ਦੱਸਿਆ ਗਿਆ ਕਿ ਜਨਤਕ ਵੰਡ ਪ੍ਰਣਾਲੀ (ਪੀਡੀਐੱਸ) ਅਤੇ ਸੂਬੇ ਦੇ ਅਨਾਜ ਦੀ ਖਰੀਦ, ਸਾਂਭ-ਸੰਭਾਲ ਅਤੇ ਦੇਸ਼ ਭਰ ਵਿਚ ਮੂਵਮੈਂਟ ਵਰਗੇ ਅਹਿਮ ਕਾਰਜਾਂ ਨੂੰ ਨੇਪਰੇ ਚਾੜ੍ਹਨ ਵਾਲੇ ਫੀਲਡ ਸਟਾਫ਼ ਦਾ ਪਿਛਲੇ ਕਈ ਸਾਲਾਂ ਤੋਂ ਆਰਥਿਕ ਅਤੇ ਮਾਨਸਿਕ ਸ਼ੋਸ਼ਣ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਮੁੱਖ ਮੰਗਾਂ ਅਤੇ ਹੜ੍ਹਤਾਲ ਦੇ ਕਾਰਨ ਨਾਜਾਇਜ ਰਿਕਵਰੀਆਂ ’ਤੇ ਤੁਰੰਤ ਰੋਕ, ਵਿਭਾਗ ਦੀਆਂ ਗਲਤ ਨੀਤੀਆਂ ਕਾਰਨ ਮੁਲਾਜ਼ਮਾਂ ਦੀਆਂ ਤਨਖਾਹਾਂ ਵਿੱਚੋਂ ‘ਲੇਟ ਡਾਕੂਮੈਂਟ ਰਿਕਵਰੀਆਂ’ ਦੇ ਨਾਂ ’ਤੇ ਕੀਤੀ ਜਾ ਰਹੀਆਂ ਭਾਰੀ ਕਟੌਤੀਆਂ ਨੂੰ ਤੁਰੰਤ ਬੰਦ ਕਰਨ ਦੀ ਮੰਗ ਕੀਤੀ ਗਈ ਹੈ। ਯੂਨੀਅਨ ਵੱਲੋਂ ਆਪਣੀਆਂ ਸਮੱਸਿਆਵਾਂ ਦੇ ਹੱਲ੍ਹ ਲਈ ਵਿਭਾਗ ਦੇ ਮੰਤਰੀ ਨਾਲ ਕਈ ਵਾਰ ਮੀਟਿੰਗ ਦੀ ਮੰਗ ਕੀਤੀ ਗਈ, ਪ੍ਰੰਤੂ ਵਿਭਾਗ ਵੱਲੋਂ ਲਗਾਤਾਰ ਮੀਟਿੰਗਾਂ ਨੂੰ ਟਾਲਣ ਕਾਰਨ ਨਿਰੀਖਕ ਕੇਡਰ ਵਿਚ ਭਾਰੀ ਰੋਸ ਹੈ। ਆਗੂਆਂ ਨੇ ਦੱਸਿਆ ਕਿ ਪਿਛਲੇ 4 ਸਾਲਾਂ ਤੋਂ ਵਿਭਾਗ ਵੱਲੋਂ ਅਨਾਜ ਦੀ ਸਾਂਭ-ਸੰਭਾਲ ਲਈ ਲੋੜੀਂਦਾ ਸਟਾਕ ਆਰਟੀਕਲ (ਜਿਵੇਂ ਕ੍ਰੇਟ, ਤਰਪਾਲਾਂ ਆਦਿ) ਮੁਹੱਈਆ ਨਹੀਂ ਕਰਵਾਇਆ ਗਿਆ। ਇਸ ਦੇ ਬਾਵਜੂਦ ਮੁਲਾਜ਼ਮਾਂ ਨੇ ਆਪਣੀ ਜਾਨ ਜੋਖਮ ਵਿਚ ਪਾ ਕੇ ਸਰਕਾਰ ਦੇ ਕਰੋੜਾਂ ਰੁਪਏ ਦਾ ਵਿੱਤੀ ਅਤੇ ਕੁਆਲਿਟੀ ਨੁਕਸਾਨ ਹੋਣ ਤੋਂ ਬਚਾਇਆ। ਇਸ ਦੇ ਇਲਾਵਾ ਫੀਲਡ ਸਟਾਫ਼ ਦੇ ਦਫ਼ਤਰਾਂ ਲਈ ਜ਼ਰੂਰੀ ਇਨਫਰਾਸਟਰੱਕਚਰ ਮੁਹੱਈਆ ਕਰਵਾਉਣ ਅਤੇ ਕਨਵੈਂਸ ਅਲਾਊਂਸ ਸਮੇਤ ਹੋਰ ਬਕਾਇਆ ਭੱਤੇ ਤੁਰੰਤ ਜਾਰੀ ਕਰਨ ਦੀ ਮੰਗ ਕੀਤੀ ਗਈ ਹੈ। ਯੂਨੀਅਨ ਦੇ ਆਗੂਆਂ ਨੇ ਸਾਫ਼ ਕੀਤਾ ਕਿ ਕੋਰੋਨਾ ਵਰਗੀ ਗੰਭੀਰ ਮਹਾਮਾਰੀ ਦੌਰਾਨ ਵੀ ਖੁਰਾਕ ਸਪਲਾਈ ਦੇ ਨਿਰੀਖਕਾਂ ਨੇ ਹਰ ਘਰ ਤੱਕ ਰਾਸ਼ਨ ਪਹੁੰਚਾਉਣਾ ਯਕੀਨੀ ਬਣਾਇਆ ਸੀ ਪ੍ਰੰਤੂ ਹੁਣ ਵਿਭਾਗ ਦੇ ਅੜੀਅਲ ਵਤੀਰੇ ਕਾਰਨ ਮਜ਼ਬੂਰ ਹੋ ਕੇ ਸਮੂਹ ਨਿਰੀਖਕਾਂ ਵੱਲੋਂ ਮੁਕੰਮਲ ਹੜ੍ਹਤਾਲ ਦਾ ਫ਼ੈਸਲਾ ਲਿਆ ਗਿਆ ਹੈ। ਯੂਨੀਅਨ ਨੇ ਮੁੱਖ ਮੰਤਰੀ ਪੰਜਾਬ ਪਾਸੋਂ ਮੰਗ ਕੀਤੀ ਹੈ ਕਿ ਉਹ ਇਸ ਮਾਮਲੇ ਵਿਚ ਨਿੱਜੀ ਦਖਲ ਦੇ ਕੇ ਨਾਜਾਇਜ਼ ਕਟੌਤੀਆਂ ’ਤੇ ਰੋਕ ਲਗਾਉਣ ਅਤੇ ਵਿਭਾਗ ਨੂੰ ਮੁਲਾਜ਼ਮਾਂ ਦੀਆਂ ਜਾਇਜ਼ ਮੰਗਾਂ ਤੁਰੰਤ ਪ੍ਰਵਾਨ ਕਰਨ ਦੇ ਨਿਰਦੇਸ਼ ਜਾਰੀ ਕਰਨ ਤਾਂ ਜੋ ਖੁਰਾਕ ਸਪਲਾਈ ਦੇ ਫੀਲਡ ਸਟਾਫ ਨੂੰ ਆ ਰਹੀਆਂ ਦਿੱਕਤਾਂ ਦਾ ਹੱਲ੍ਹ ਕੀਤਾ ਜਾ ਸਕੇ।