ਪਰਾਲੀ ਨੂੰ ਖੇਤ ’ਚ ਵਾਹੋ, ਮਿੱਟੀ ਦੀ ਉਪਜਾਊ ਸ਼ਕਤੀ ਵਧਾਓ ਅਤੇ ਵਾਤਾਵਰਨ ਬਚਾਓ : ਡਾ. ਗੁਰਬਚਨ ਪਰਾਲੀ ਨੂੰ ਖੇਤ ਵਿਚ ਮਿਲਾਉਣ ਨਾਲ ਮਿੱਟੀ ਦੀ ਉਪਜਾਊ ਸ਼ਕਤੀ ਵੱਧਦੀ ਹੈ: ਡਾ ਗੁਰਬਚਨ ਸਿੰਘ
Publish Date: Tue, 20 Oct 2026 03:10 PM (IST)
Updated Date: Tue, 20 Oct 2026 03:12 PM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਰੂਪਨਗਰ : ਝੋਨੇ ਦੀ ਮਸ਼ੀਨੀ ਕਟਾਈ ਤੋਂ ਬਾਅਦ ਖੇਤ ’ਚ ਵੱਡੀ ਮਾਤਰਾ ’ਚ ਪਰਾਲੀ ਬੱਚ ਜਾਂਦੀ ਹੈ। ਪਰਾਲੀ ਸਾੜਨ ਨਾਲ ਹਵਾ ਦੀ ਗੁਣਵੱਤਾ, ਮਿੱਟੀ ਦੀ ਸਿਹਤ, ਜੈਵਿਕ ਵਿਭਿੰਨਤਾ ਅਤੇ ਮਨੁੱਖੀ ਸਿਹਤ ਪ੍ਰਭਾਵਿਤ ਹੁੰਦੇ ਹਨ। ਪਰਾਲੀ ਸਾੜਨ ਦੇ ਨੁਕਸਾਨ ਅਤੇ ਨਾ ਸਾੜਨ ਦੇ ਫਾਇਦਿਆਂ ਬਾਰੇ ਵਿਸਥਾਰ ’ਚ ਦੱਸਦਿਆਂ ਡਾ.ਗੁਰਬਚਨ ਸਿੰਘ ਸਾਬਕਾ ਮੁੱਖ ਖੇਤੀਬਾੜੀ ਅਫ਼ਸਰ ਨੇ ਦੱਸਿਆ ਕਿ ਪਰਾਲੀ ਸਾੜਨ ਨਾਲ ਹਵਾ ਦੀ ਗੁਣਵੱਤਾ ਤੇ ਮਾੜਾ ਅਸਰ ਪੈਂਦਾ ਹੈ, ਇਸ ਬਾਰੇ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਅਨੁਸਾਰ ਹਵਾ ਗੁਣਵੱਤਾ ਸੂਚਕ ਅੰਕ ਨੂੰ 6 ਸ਼੍ਰੇਣੀਆਂ ’ਚ ਵੰਡਿਆ ਗਿਆ ਹੈ ਚੰਗੀ (0-50), ਤਸੱਲੀਬਖ਼ਸ਼ (51-100), ਦਰਮਿਆਨੀ (101-200), ਮਾੜੀ (201-300), ਬਹੁਤ ਮਾੜੀ (301-400) ਅਤੀ ਗੰਭੀਰ (401-500)। ਪਰਾਲੀ ਸਾੜਨ ਕਾਰਨ ਜਦੋਂ ਧੂੰਏਂ ’ਚ ਮੌਜੂਦ ਕਣ ਵਾਤਾਵਰਨ ਦੀ ਨਮੀਂ ਅਤੇ ਧੁੰਦ ਨਾਲ ਮਿਲਦੇ ਹਨ ਤਾਂ ਧੂੰਏਂ ਤੋਂ ਸਮੋਗ ਬਣ ਜਾਂਦੀ ਹੈ। ਉਨ੍ਹਾਂ ਕਿਹਾ ਕਿ ਸਮੋਗ ਕਾਰਨ ਸੜਕਾਂ ’ਤੇ ਆਵਾਜਾਈ ਵੀ ਪ੍ਰਭਾਵਿਤ ਹੁੰਦੀ ਹੈ। ਪ੍ਰਦੂਸ਼ਿਤ ਹਵਾ ਦਾ ਪ੍ਰਭਾਵ ਖੇਤਾਂ ਅਤੇ ਪਿੰਡਾਂ ਤੱਕ ਸੀਮਤ ਨਹੀਂ ਰਹਿੰਦਾ, ਸਗੋਂ ਹਵਾ ਦੇ ਰੁੱਖ ਅਨੁਸਾਰ ਨੇੜੇ ਅਤੇ ਦੂਰ ਦੇ ਖੇਤਰਾਂ ਤੱਕ ਵੀ ਪਹੁੰਚ ਜਾਂਦਾ ਹੈ। ਉਨ੍ਹਾਂ ਕਿਹਾ ਕਿ ਪ੍ਰਦੂਸ਼ਿਤ ਹਵਾ ਦੇ ਸੰਪਰਕ ਨਾਲ ਅੱਖਾਂ ’ਚ ਜਲਣ, ਖੰਘ, ਸਾਹ ਲੈਣ ’ਚ ਤਕਲੀਫ਼ ਅਤੇ ਗਲੇ ’ਚ ਖਾਰਿਸ਼ ਵਰਗੀਆਂ ਸਮੱਸਿਆਵਾਂ ਵੱਧ ਜਾਂਦੀਆਂ ਹਨ। ਇਸ ਲਈ ਪਰਾਲੀ ਪ੍ਰਬੰਧਨ ਨੂੰ ਸਿਰਫ਼ ਖੇਤੀਬਾੜੀ ਦੀ ਸਮੱਸਿਆ ਨਾ ਮੰਨ ਕੇ ਜਨਤਕ ਸਿਹਤ ਅਤੇ ਵਾਤਾਵਰਨ ਨਾਲ ਜੁੜਿਆ ਮੁੱਦਾ ਸਮਝਣਾ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਕੁੱਝ ਕਿਸਾਨ ਇਸ ਤੱਥ ਤੋਂ ਅਣਜਾਣ ਹਨ ਕਿ ਖੇਤਾਂ ’ਚ ਅੱਗ ਲਗਾਉਣ ਨਾਲ ਅਜਿਹੇ ਲਾਹੇਵੰਦ ਕੀੜੇ-ਮਕੌੜੇ ਅਤੇ ਲਾਭਦਾਇਕ ਸੂਖਮ ਜੀਵ ਖਤਮ ਹੋ ਜਾਂਦੇ ਹਨ ਜੋ ਮਿੱਟੀ ਦੀ ਉਪਜਾਊ ਸ਼ਕਤੀ ਨੂੰ ਵਧਾਉਂਦੇ ਹਨ। ਡਾ. ਗਰਬਚਨ ਸਿੰਘ ਨੇ ਦੱਸਿਆ ਕਿ ਪਰਾਲੀ ’ਚ ਜੈਵਿਕ ਕਾਰਬਨ ਅਤੇ ਕਈ ਪੌਸ਼ਟਿਕ ਤੱਤ ਮੌਜੂਦ ਹੁੰਦੇ ਹਨ, ਇੱਕ ਟਨ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਨਾਲ ਲੱਗਭਗ 5.5 ਕਿਲੋਗ੍ਰਾਮ ਨਾਈਟ੍ਰੋਜਨ, 2.3 ਕਿਲੋਗ੍ਰਾਮ ਫਾਸਫੋਰਸ, 25 ਕਿਲੋਗ੍ਰਾਮ ਪੋਟਾਸ਼ ਅਤੇ 1.2 ਕਿਲੋਗ੍ਰਾਮ ਗੰਧਕ ਦੇ ਨੁਕਸਾਨ ਤੋਂ ਇਲਾਵਾ ਜੈਵਿਕ ਕਾਰਬਨ ਦਾ ਵੀ ਨੁਕਸਾਨ ਹੁੰਦਾ ਹੈ। ਉਨ੍ਹਾਂ ਕਿਹਾ ਕਿ ਪਰਾਲੀ ਨੂੰ ਖੇਤ ’ਚ ਮਿਲਾਉਣ ਨਾਲ ਮਿੱਟੀ ਦੀ ਉਪਜਾਊ ਸ਼ਕਤੀ ਅਤੇ ਜੈਵਿਕ ਮਾਦਾ ਬਰਕਰਾਰ ਰਹਿੰਦਾ ਹੈ, ਪਰਾਲੀ ਦੀ ਸਮੱਸਿਆ ਦਾ ਹੱਲ ਇਸ ਨੂੰ ਸਾੜਨਾ ਨਹੀਂ, ਬਲਕਿ ਸਹੀ ਤਕਨੀਕ ਨਾਲ ਇਸ ਦੀ ਵਰਤੋਂ ਕਰਨਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋਂ ਪਰਾਲੀ ਦੇ ਪ੍ਰਬੰਧਨ ਲਈ ਸਮਾਰਟ ਸੀਡਰ, ਹੈਪੀ ਸੀਡਰ, ਸੁਪਰ ਸੀਡਰ, ਸਰਫੇਸ ਸੀਡਰ, ਸੁਪਰ ਐੱਸ.ਐੱਮ.ਐੱਸ. ਆਦਿ ਕਈ ਮਸ਼ੀਨਾਂ ਦੀ ਸਿਫ਼ਾਰਸ਼ ਕੀਤੀ ਗਈ ਹੈ। ਇਨ੍ਹਾਂ ਤਕਨੀਕਾਂ ਦਾ ਇੱਕ ਵੱਡਾ ਫਾਇਦਾ ਇਹ ਹੈ ਕਿ ਪਰਾਲੀ ਨੂੰ ਖੇਤ ’ਚ ਸੰਭਾਲਦੇ ਹੋਏ ਕਣਕ ਦੀ ਬਿਜਾਈ ਸਮੇਂ ਸਿਰ ਕੀਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਪਰਾਲੀ ਨੂੰ ਖੇਤ ’ਚੋਂ ਬਾਹਰ ਕੱਢਣਾ ਲੋੜੀਂਦਾ ਹੋਵੇ, ਉੱਥੇ ਇਸ ਨੂੰ ਬੇਲਰਾਂ ਰਾਹੀਂ ਇਕੱਠਾ ਕਰਕੇ ਬਾਇਓਮਾਸ ਊਰਜਾ, ਕੰਪੋਸਟ, ਉਦਯੋਗਿਕ ਵਰਤੋਂ ਅਤੇ ਹੋਰ ਉਪਯੋਗੀ ਉਤਪਾਦਾਂ ਲਈ ਵਰਤਿਆ ਜਾ ਸਕਦਾ ਹੈ। ਇਸ ਤੋਂ ਇਲਾਵਾ, ਅੱਗ ਕਾਰਨ ਪੈਦਾ ਹੋਣ ਵਾਲੇ ਇਹ ਕਣ ਲੋਕਾਂ ’ਚ ਸਾਹ ਲੈਣ ਅਤੇ ਸਿਹਤ ਸੰਬੰਧੀ ਹੋਰ ਸਮੱਸਿਆਵਾਂ ਦਾ ਕਾਰਨ ਬਣ ਸਕਦੇ ਹਨ। ਕਿਸਾਨ ਖੁਦ ਇਸ ਤੋਂ ਸਭ ਤੋਂ ਵੱਧ ਪ੍ਰਭਾਵਿਤ ਹੁੰਦੇ ਹਨ ਕਿਉਂਕਿ ਉਹ ਖੇਤਾਂ ’ਚ ਲੱਗੀ ਅੱਗ ਦੇ ਮਾੜੇ ਪ੍ਰਭਾਵਾਂ ਦੇ ਸਿੱਧੇ ਸੰਪਰਕ ’ਚ ਆਉਂਦੇ ਹਨ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਉਪਲੱਬਧ ਮਸ਼ੀਨੀ ਅਤੇ ਜੈਵਿਕ ਤਕਨੀਕਾਂ ਦੀ ਵਰਤੋਂ ਕਰਕੇ ਪਰਾਲੀ ਦਾ ਖੇਤ ’ਚ ਹੀ ਵਿਗਿਆਨਕ ਪ੍ਰਬੰਧਨ ਕਰਨਾ ਚਾਹੀਦਾ ਹੈ।