ਮੌਕੇ ’ਤੇ ਚਲਾਈਆਂ ਗੋਲ਼ੀਆਂ ਦੇ 12 ਖਾਲੀ ਰੋਂਦ ਬਰਾਮਦ
ਨੂਰਪੁਰਬੇਦੀ 'ਚ ਸਕੈਨ ਸੈਂਟਰ 'ਤੇ ਅਣਪਛਾਤੇ ਵਿਅਕਤੀਆਂ ਵੱਲੋਂ ਗੋਲੀਆਂ ਚਲਾਉਣ ਦੀ ਘਟਨਾ
Publish Date: Sun, 31 May 2026 05:31 PM (IST)
Updated Date: Mon, 01 Jun 2026 04:08 AM (IST)

ਨੂਰਪੁਰਬੇਦੀ ਚ ਸਕੈਨ ਸੈਂਟਰ ਤੇ ਅਣਪਛਾਤੇ ਵਿਅਕਤੀਆਂ ਵੱਲੋਂ ਗੋਲ਼ੀਆਂ ਚਲਾਉਣ ਦੀ ਘਟਨਾ ਦਿਨੇਸ਼ ਹੱਲਣ, ਪੰਜਾਬੀ ਜਾਗਰਣ, ਨੂਰਪੁਰਬੇਦੀ: ਨੂਰਪੁਰਬੇਦੀ-ਗੜ੍ਹਸ਼ੰਕਰ ਮੁੱਖ ਮਾਰਗ ਤੇ ਸਥਿਤ ਸਟੇਟ ਬੈਂਕ ਆਫ ਇੰਡੀਆ ਦੇ ਨਜ਼ਦੀਕ ਇਕ ਨਿੱਜੀ ਅਲਟਰਾਸਾਊਂਡ ਸਕੈਨ ਸੈਂਟਰ ਤੇ ਅਣਪਛਾਤੇ ਵਿਅਕਤੀਆਂ ਵੱਲੋਂ ਗੋਲੀਆਂ ਚਲਾਉਣ ਦੀ ਸਨਸਨੀਖੇਜ਼ ਘਟਨਾ ਸਾਹਮਣੇ ਆਈ ਹੈ। ਇਸ ਘਟਨਾ ਤੋਂ ਬਾਅਦ ਸਮੁੱਚੇ ਇਲਾਕੇ ਵਿੱਚ ਦਹਿਸ਼ਤ ਅਤੇ ਚਿੰਤਾ ਦਾ ਮਾਹੌਲ ਬਣ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ ਇਹ ਘਟਨਾ ਤੜਕੇ ਕਰੀਬ 3:20 ਵਜੇ ਵਾਪਰੀ। ਆਸ-ਪਾਸ ਲੱਗੇ ਸੀਸੀਟੀਵੀ ਕੈਮਰਿਆਂ ਅਤੇ ਸਥਾਨਕ ਲੋਕਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਦੋ ਨੌਜਵਾਨ ਇੱਕ ਮੋਟਰਸਾਈਕਲ ਤੇ ਸਵਾਰ ਹੋ ਕੇ ਗੜਸ਼ੰਕਰ ਵਾਲੇ ਪਾਸੇ ਤੋਂ ਨੂਰਪੁਰਬੇਦੀ ਵੱਲ ਆਏ। ਉਨ੍ਹਾਂ ਨੇ ਆਪਣਾ ਮੋਟਰਸਾਈਕਲ ਗਣੇਸ਼ ਸਕੈਨ ਸੈਂਟਰ ਦੇ ਸਾਹਮਣੇ ਸੜਕ ਦੇ ਦੂਜੇ ਪਾਸੇ ਖੜ੍ਹਾ ਕੀਤਾ। ਇਸ ਦੌਰਾਨ ਇੱਕ ਵਿਅਕਤੀ ਮੋਟਰਸਾਈਕਲ ਤੋਂ ਉਤਰ ਕੇ ਸੜਕ ਪਾਰ ਕਰਦਾ ਹੋਇਆ ਸਕੈਨ ਸੈਂਟਰ ਦੇ ਸਾਹਮਣੇ ਪਹੁੰਚਿਆ ਅਤੇ ਉਸ ਵੱਲੋਂ ਸੈਂਟਰ ਦੇ ਬੰਦ ਸ਼ਟਰ ਨੂੰ ਨਿਸ਼ਾਨਾ ਬਣਾਉਂਦੇ ਹੋਏ ਇੱਕ ਤੋਂ ਬਾਅਦ ਇੱਕ ਕਈ ਗੋਲੀਆਂ ਚਲਾਈਆਂ ਗਈਆਂ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਦੋਵੇਂ ਵਿਅਕਤੀ ਮੋਟਰਸਾਈਕਲ ਤੇ ਸਵਾਰ ਹੋ ਕੇ ਮੁੜ ਗੜਸ਼ੰਕਰ ਵਾਲੀ ਦਿਸ਼ਾ ਵੱਲ ਫਰਾਰ ਹੋ ਗਏ। ਦੱਸਣ ਯੋਗ ਹੈ ਕਿ ਮੌਕੇ ’ਤੇ ਉਕਤ ਅਣਪਛਾਤੇ ਨੌਜਵਾਨ ਵੱਲੋਂ ਚਲਾਈਆਂ ਗਈਆਂ 12 ਗੋਲੀਆਂ ਦੇ ਖਾਲੀ ਰੋਂਦ ਬਰਾਮਦ ਹੋਏ ਹਨ। ਹੈਰਾਨੀਜਨਕ ਗੱਲ ਇਹ ਰਹੀ ਕਿ ਇਹ ਘਟਨਾ ਪੁਲਿਸ ਸਟੇਸ਼ਨ ਤੋਂ ਕੁਝ ਹੀ ਦੂਰੀ ਤੇ ਵਾਪਰੀ, ਪਰ ਪੁਲਿਸ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਮਿਲੀ। ਸੂਤਰਾਂ ਅਨੁਸਾਰ ਦੁਪਹਿਰ ਕਰੀਬ 1 ਵਜੇ ਜਦੋਂ ਇਲਾਕੇ ਦੇ ਦੁਕਾਨਦਾਰਾਂ ਨੇ ਸਕੈਨ ਸੈਂਟਰ ਦੇ ਸ਼ਟਰ ਤੇ ਗੋਲੀਆਂ ਦੇ ਨਿਸ਼ਾਨ ਵੇਖੇ ਤਾਂ ਉਨ੍ਹਾਂ ਵੱਲੋਂ ਪੁਲਿਸ ਨੂੰ ਸੂਚਿਤ ਕੀਤਾ ਗਿਆ। ਇਸ ਤੋਂ ਬਾਅਦ ਪੁਲਿਸ ਟੀਮ ਮੌਕੇ ਤੇ ਪਹੁੰਚੀ ਅਤੇ ਘਟਨਾ ਸਥਾਨ ਦਾ ਜਾਇਜ਼ਾ ਲੈਂਦਿਆਂ ਜਾਂਚ ਸ਼ੁਰੂ ਕੀਤੀ। ਪੁਲਿਸ ਵੱਲੋਂ ਮਾਮਲੇ ਦੀ ਹਰ ਪੱਖ ਤੋਂ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਇਲਾਕੇ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਵੀ ਖੰਗਾਲੀ ਜਾ ਰਹੀ ਹੈ। ਉਧਰ ਜਦੋਂ ਇਸ ਸਬੰਧੀ ਸਕੈਨ ਸੈਂਟਰ ਦੇ ਮਾਲਕ ਸੰਜੀਵ ਪਾਠਕ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਮਾਮਲੇ ਬਾਰੇ ਕੋਈ ਵੀ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ। ਹਾਲਾਂਕਿ ਉਨ੍ਹਾਂ ਕਿਹਾ ਕਿ ਪੁਲਿਸ ਆਪਣਾ ਕੰਮ ਕਰ ਰਹੀ ਹੈ ਅਤੇ ਉਹ ਉਮੀਦ ਕਰਦੇ ਹਨ ਕਿ ਪ੍ਰਸ਼ਾਸਨ ਇਸ ਮਾਮਲੇ ਦੀ ਨਿਰਪੱਖ ਅਤੇ ਡੂੰਘਾਈ ਨਾਲ ਜਾਂਚ ਕਰਕੇ ਅਸਲ ਤੱਥ ਲੋਕਾਂ ਸਾਹਮਣੇ ਲਿਆਵੇਗਾ। ਇਸ ਘਟਨਾ ਸਬੰਧੀ ਮੌਕੇ ਤੇ ਪਹੁੰਚੇ ਸਾਬਕਾ ਕਮੇਟੀ ਮੈਂਬਰ ਨਰਿੰਦਰ ਬੱਗਾ ਨੇ ਪੁਲਿਸ ਪ੍ਰਸ਼ਾਸਨ ਦੀ ਕਾਰਗੁਜ਼ਾਰੀ ਤੇ ਸਵਾਲ ਚੁੱਕਦੇ ਹੋਏ ਕਿਹਾ ਕਿ ਨੂਰਪੁਰਬੇਦੀ ਇਲਾਕਾ ਹਮੇਸ਼ਾ ਤੋਂ ਇੱਕ ਸ਼ਾਂਤਮਈ ਖੇਤਰ ਵਜੋਂ ਜਾਣਿਆ ਜਾਂਦਾ ਰਿਹਾ ਹੈ, ਪਰ ਪਿਛਲੇ ਕੁਝ ਸਮੇਂ ਦੌਰਾਨ ਵਾਪਰੀਆਂ ਵੱਖ-ਵੱਖ ਘਟਨਾਵਾਂ ਕਾਰਨ ਲੋਕਾਂ ਵਿੱਚ ਅਸੁਰੱਖਿਆ ਦੀ ਭਾਵਨਾ ਵਧੀ ਹੈ। ਉਨ੍ਹਾਂ ਕਿਹਾ ਕਿ ਪੁਲਿਸ ਸਟੇਸ਼ਨ ਤੋਂ ਕੁਝ ਹੀ ਦੂਰੀ ਤੇ ਇੰਨੀ ਗੰਭੀਰ ਵਾਰਦਾਤ ਵਾਪਰ ਜਾਣਾ ਅਤੇ ਪੁਲਿਸ ਨੂੰ ਇਸ ਦੀ ਭਿਣਕ ਤੱਕ ਨਾ ਲੱਗਣਾ ਚਿੰਤਾ ਦਾ ਵਿਸ਼ਾ ਹੈ। ਇਸ ਨਾਲ ਪੁਲਿਸ ਦੀ ਗਸ਼ਤ ਅਤੇ ਸੁਰੱਖਿਆ ਪ੍ਰਬੰਧਾਂ ਦੀ ਪ੍ਰਭਾਵਸ਼ੀਲਤਾ ਤੇ ਵੀ ਸਵਾਲ ਖੜ੍ਹੇ ਹੁੰਦੇ ਹਨ। ਬਾਕਸ ਇਨ : ਇਸ ਸਬੰਧੀ ਨੂਰਪੁਰ ਬੇਦੀ ਦੇ ਥਾਣਾ ਮੁੱਖੀ ਗੁਰਮੁੱਖ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਇਹ ਗੋਲੀਆਂ ਦਹਿਸ਼ਤ ਫੈਲਾਉਣ ਜਾਂ ਕੋਈ ਹੋਰ ਮਕਸਦ ਨਾਲ ਚਲਾਈਆਂ ਹੋਈਆਂ ਲੱਗਦੀਆਂ ਹਨ ਪ੍ਰੰਤੂ ਸਾਡੀ ਪੂਰੀ ਟੀਮ ਇਸ ਮਾਮਲੇ ਦੀ ਜਾਂਚ ਵਿੱਚ ਜੁੱਟੀ ਹੈ, ਆਲੇ-ਦੁਆਲੇ ਲੱਗੇ ਸੀਸੀਟੀਵੀ ਕੈਮਰੇ ਵੀ ਖੰਗਾਲੇ ਜਾ ਰਹੇ ਹਨ ਤੇ ਅੰਤਿਮ ਜਾਂਚ ਮੁਕੰਮਲ ਹੋਣ ਤੋਂ ਉਪਰੰਤ ਇਸ ਘਟਨਾ ਦੇ ਕਾਰਨਾਂ ਅਤੇ ਦੋਸ਼ੀਆਂ ਬਾਰੇ ਸਪੱਸ਼ਟ ਤਸਵੀਰ ਸਾਹਮਣੇ ਆ ਸਕੇਗੀ।