ਪੰਜਾਬ ਰਾਜ ਟਰੇਡ ਕਮਿਸ਼ਨ ਦੇ ਜ਼ਿਲ੍ਹਾ ਦਫ਼ਤਰ ਦਾ ਉਦਘਾਟਨ ਪੰਜਾਬ ਰਾਜ ਟਰੇਡ ਕਮਿਸ਼ਨ ਦੇ ਜ਼ਿਲ੍ਹਾ ਦਫ਼ਤਰ ਦਾ ਉਦਘਾਟਨ
Publish Date: Thu, 27 Aug 2026 03:32 PM (IST)
Updated Date: Thu, 27 Aug 2026 03:34 PM (IST)
ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਰੂਪਨਗਰ: ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਪੰਜਾਬ ਰਾਜ ਟਰੇਡ ਕਮਿਸ਼ਨ ਦੇ ਜ਼ਿਲ੍ਹਾ ਰੂਪਨਗਰ ਦਫ਼ਤਰ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਹਲਕਾ ਵਿਧਾਇਕ ਰੂਪਨਗਰ ਐਡਵੋਕੇਟ ਦਿਨੇਸ਼ ਚੱਢਾ, ਡਿਪਟੀ ਕਮਿਸ਼ਨਰ ਅਦਿੱਤਿਆ ਡੇਚਲਵਾਲ, ਪੰਜਾਬ ਰਾਜ ਟਰੇਡ ਕਮਿਸ਼ਨ ਦੇ ਮਾਲਵਾ ਜ਼ੋਨ ਇੰਚਾਰਜ ਸੰਜੀਵ ਗੁਪਤਾ ਅਤੇ ਸਹਾਇਕ ਕਮਿਸ਼ਨਰ ਜੀਐੱਸਟੀ ਗੁਰਸਿਮਰਨ ਕੌਰ ਹਾਜ਼ਰ ਸਨ। ਜ਼ਿਲ੍ਹਾ ਰੂਪਨਗਰ ਵਿਚ ਇਸ ਦਫ਼ਤਰ ਦੀ ਸਥਾਪਨਾ ਨਾਲ ਹੁਣ ਜ਼ਿਲ੍ਹੇ ਦੇ ਵਪਾਰੀਆਂ ਨੂੰ ਆਪਣੀਆਂ ਸਮੱਸਿਆਵਾਂ ਦੇ ਹੱਲ੍ਹ ਲਈ ਇੱਕ ਸੁਚੱਜਾ ਅਤੇ ਸਿੱਧਾ ਮੰਚ ਉਪਲਬਧ ਹੋਵੇਗਾ। ਵਪਾਰੀ ਵਰਗ ਆਪਣੀ ਕਿਸੇ ਵੀ ਸਮੱਸਿਆ, ਮੰਗ ਜਾਂ ਸੁਝਾਅ ਦੇ ਹੱਲ ਲਈ ਪੰਜਾਬ ਰਾਜ ਟਰੇਡ ਕਮਿਸ਼ਨ ਦੇ ਜ਼ਿਲ੍ਹਾ ਦਫ਼ਤਰ ਨਾਲ ਸੰਪਰਕ ਕਰ ਸਕਦਾ ਹੈ। ਇਹ ਦਫ਼ਤਰ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਰੂਪਨਗਰ ਦੇ ਕਮਰਾ ਨੰਬਰ:131 ਵਿਖੇ ਸਥਾਪਿਤ ਕੀਤਾ ਗਿਆ ਹੈ। ਇਸ ਮੌਕੇ ਡਿਪਟੀ ਕਮਿਸ਼ਨਰ ਅਦਿੱਤਿਆ ਡੇਚਲਵਾਲ ਨੇ ਵਪਾਰੀ ਵਰਗ ਨੂੰ ਭਰੋਸਾ ਦਿਵਾਇਆ ਕਿ ਜ਼ਿਲ੍ਹੇ ਦੇ ਤਿੰਨਾਂ ਵਿਧਾਨ ਸਭਾ ਹਲਕਿਆਂ ਵਿਚ ਵਪਾਰੀਆਂ ਨਾਲ ਸਬੰਧਤ ਸਮੱਸਿਆਵਾਂ ਦੇ ਹੱਲ੍ਹ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪੂਰਾ ਸਹਿਯੋਗ ਦਿੱਤਾ ਜਾਵੇਗਾ ਅਤੇ ਸਬੰਧਤ ਮਾਮਲਿਆਂ ਨੂੰ ਯੋਗ ਪੱਧਰ ’ਤੇ ਵਿਚਾਰਿਆ ਜਾਵੇਗਾ। ਇਸ ਮੌਕੇ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਨੇ ਵਪਾਰੀ ਵਰਗ ਨੂੰ ਵਧਾਈ ਦਿੰਦਿਆਂ ਕਿਹਾ ਕਿ ਵਪਾਰੀ ਸੂਬੇ ਦੀ ਆਰਥਿਕਤਾ ਅਤੇ ਵਿਕਾਸ ਵਿਚ ਅਹਿਮ ਭੂਮਿਕਾ ਨਿਭਾਉਂਦੇ ਹਨ। ਉਨ੍ਹਾਂ ਕਿਹਾ ਕਿ ਵਪਾਰੀਆਂ ਦੀਆਂ ਜਾਇਜ਼ ਸਮੱਸਿਆਵਾਂ ਦੇ ਹੱਲ੍ਹ ਲਈ ਹਰ ਸੰਭਵ ਸਹਿਯੋਗ ਦਿੱਤਾ ਜਾਵੇਗਾ। ਇਸ ਮੌਕੇ ਸੰਜੀਵ ਗੁਪਤਾ ਨੇ ਕਿਹਾ ਕਿ ਕਮਿਸ਼ਨ ਦਾ ਉਦੇਸ਼ ਵਪਾਰੀ ਵਰਗ ਦੀਆਂ ਸਮੱਸਿਆਵਾਂ ਨੂੰ ਗੰਭੀਰਤਾ ਨਾਲ ਸੁਣਨਾ ਅਤੇ ਉਨ੍ਹਾਂ ਦੇ ਹੱਲ ਲਈ ਸਬੰਧਤ ਵਿਭਾਗਾਂ ਨਾਲ ਪ੍ਰਭਾਵਸ਼ਾਲੀ ਤਾਲਮੇਲ ਕਰਨਾ ਹੈ। ਉਨ੍ਹਾਂ ਕਿਹਾ ਕਿ ਵਪਾਰੀਆਂ ਨੂੰ ਆਪਣੀਆਂ ਸਮੱਸਿਆਵਾਂ ਦੇ ਹੱਲ੍ਹ ਲਈ ਹੁਣ ਇੱਕ ਮਜ਼ਬੂਤ ਸੰਸਥਾਗਤ ਮੰਚ ਮਿਲਿਆ ਹੈ। ਇਸ ਮੌਕੇ ਟਰੇਡ ਕਮਿਸ਼ਨ ਵੱਲੋਂ ਜ਼ਿਲ੍ਹਾ ਰੂਪਨਗਰ ਲਈ ਦਾਰਾ ਸਿੰਘ ਨੂੰ ਜ਼ਿਲ੍ਹਾ ਪ੍ਰਧਾਨ, ਹਲਕਾ ਚੇਅਰਮੈਨ ਰੂਪਨਗਰ ਅਮਨਦੀਪ ਸਿੰਘ ਸੋਨੀ, ਹਲਕਾ ਚੇਅਰਮੈਨ ਸ੍ਰੀ ਚਮਕੌਰ ਸਾਹਿਬ ਲਖਵਿੰਦਰ ਸਿੰਘ ਕਾਕਾ ਅਤੇ ਹਲਕਾ ਚੇਅਰਮੈਨ ਸ੍ਰੀ ਅਨੰਦਪੁਰ ਸਾਹਿਬ ਗੁਰਪ੍ਰੀਤ ਸਿੰਘ ਅਰੋੜਾ ਨੂੰ ਜ਼ਿੰਮੇਵਾਰੀ ਸੌਂਪੀ ਗਈ। ਇਸ ਮੌਕੇ ਵਪਾਰੀ ਵਰਗ ਵੱਲੋਂ ਵਿਧਾਇਕ ਚੱਢਾ ਦਾ ਸਰਹਿੰਦ ਨਹਿਰ ’ਤੇ ਪੁਰਾਣੇ ਪੁਲ ਦੀ ਮੁੜ ਉਸਾਰੀ ਲਈ ਨੀਂਹ ਪੱਥਰ ਰੱਖਣ ਲਈ ਵਿਸ਼ੇਸ਼ ਧੰਨਵਾਦ ਕੀਤਾ ਗਿਆ। ਵਪਾਰੀਆਂ ਨੇ ਕਿਹਾ ਕਿ ਪੁਲ ਦੀ ਮੁੜ ਉਸਾਰੀ ਨਾਲ ਇਲਾਕੇ ਦੇ ਵਪਾਰੀਆਂ ਅਤੇ ਆਮ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ। ਟਰੇਡ ਕਮਿਸ਼ਨ ਰੂਪਨਗਰ ਦੇ ਹਲਕਾ ਚੇਅਰਮੈਨ ਅਮਨਦੀਪ ਸਿੰਘ ਸੋਨੀ ਵੱਲੋਂ ਸਮਾਗਮ ਵਿਚ ਸ਼ਾਮਲ ਹੋਏ ਸਮੂਹ ਪਤਵੰਤੇ ਵਿਅਕਤੀਆਂ, ਕਮਿਸ਼ਨ ਦੇ ਅਹੁੱਦੇਦਾਰਾਂ, ਵਪਾਰੀਆਂ ਅਤੇ ਜ਼ਿਲ੍ਹਾ ਟੀਮ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਪੰਜਾਬ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਮੈਂਬਰ ਕਮਿੱਕਰ ਸਿੰਘ ਡਾਢੀ, ਚੇਅਰਮੈਨ ਸੈਣੀ ਭਲਾਈ ਬੋਰਡ ਪੰਜਾਬ ਰਾਮ ਕੁਮਾਰ ਮੁਕਾਰੀ, ਜ਼ਿਲ੍ਹਾ ਯੂਥ ਪ੍ਰਧਾਨ ਆਪ ਚੇਤਨ ਕਾਲੀਆ, ਤਰਲੋਚਨ ਸਿੰਘ, ਗੁਰਵਿੰਦਰ ਸਿੰਘ ਸੈਣੀ, ਮਨਦੀਪ ਸਿੰਘ ਢੀਂਡਸਾ, ਗੁਰਦੀਪ ਸਿੰਘ ਮਗਰੋੜ, ਬਲਵਿੰਦਰ ਸਿੰਘ ਪੜ੍ਹੀ, ਹਰਦੀਪ ਸਿੰਘ ਸੋਨੀ, ਹਰਗੁਰਿੰਦਰ ਸਿੰਘ ਰੂਪਨਗਰ, ਗੌਰਵ ਅਰੋੜਾ, ਸਰਬਜੀਤ ਸਿੰਘ ਹਵੇਲੀ ਸਮੇਤ ਵੱਡੀ ਗਿਣਤੀ ਵਿਚ ਵਪਾਰੀ ਅਤੇ ਵੱਖ-ਵੱਖ ਬਲਾਕਾਂ ਦੇ ਅਹੁੱਦੇਦਾਰ ਹਾਜ਼ਰ ਸਨ।