ਅਤਿ-ਆਧੁਨਿਕ ਸਮਾਰਟ ਕਲਾਸਰੂਮ ਦਾ ਉਦਘਾਟਨ ਸਰਕਾਰੀ ਪ੍ਰਾਇਮਰੀ ਸਕੂਲ ਮਾਣੇਮਾਜਰਾ ਵਿਖੇ ਅਤਿ-ਆਧੁਨਿਕ ਸਮਾਰਟ ਕਲਾਸਰੂਮ ਦਾ ਉਦਘਾਟਨ
Publish Date: Sat, 07 Nov 2026 03:54 PM (IST)
Updated Date: Sat, 07 Nov 2026 03:56 PM (IST)
ਰਾਜਵੀਰ ਸਿੰਘ ਚੌਂਤਾ, ਪੰਜਾਬੀ ਜਾਗਰਣ, ਸ੍ਰੀ ਚਮਕੌਰ ਸਾਹਿਬ : ਸਰਕਾਰੀ ਪ੍ਰਾਇਮਰੀ ਸਕੂਲ ਮਾਣੇਮਾਜਰਾ ਵਿਖੇ ਸਮੱਗਰਾ ਸਿੱਖਿਆ ਅਭਿਆਨ ਤਹਿਤ 9 ਲੱਖ 50 ਹਜ਼ਾਰ ਰੁਪਏ ਦੀ ਲਾਗਤ ਨਾਲ ਤਿਆਰ ਕੀਤੇ ਗਏ ਅਤਿ-ਆਧੁਨਿਕ ਸਮਾਰਟ ਕਲਾਸਰੂਮ ਦਾ ਉਦਘਾਟਨ ਮੁੱਖ ਮਹਿਮਾਨ ਪਰਮਜੀਤ ਸਿੰਘ ਰਾਣਾ, ਚੇਅਰਮੈਨ ਰਾਜਪੂਤ ਕਲਿਆਣ ਬੋਰਡ ਵੱਲੋਂ ਕੀਤਾ ਗਿਆ। ਇਸ ਮੌਕੇ ਪਰਮਜੀਤ ਸਿੰਘ ਰਾਣਾ ਨੇ ਕਿਹਾ ਕਿ ਆਧੁਨਿਕ ਯੁੱਗ ’ਚ ਸਿੱਖਿਆ ਦੇ ਖੇਤਰ ਅੰਦਰ ਤਕਨੀਕ ਦੀ ਵਰਤੋਂ ਸਮੇਂ ਦੀ ਮੁੱਖ ਲੋੜ ਹੈ। ਸਰਕਾਰੀ ਸਕੂਲਾਂ ’ਚ ਅਜਿਹੀਆਂ ਆਧੁਨਿਕ ਸਹੂਲਤਾਂ ਦਾ ਵਿਕਾਸ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਦੇ ਨਾਲ-ਨਾਲ ਵਿਦਿਆਰਥੀਆਂ ਨੂੰ ਮੁਕਾਬਲੇ ਦੇ ਯੁੱਗ ਦੇ ਹਾਣੀ ਬਣਾਉਣ ’ਚ ਸਹਾਈ ਹੋਵੇਗਾ। ਉਨ੍ਹਾਂ ਸਕੂਲ ਪ੍ਰਬੰਧਕਾਂ ਦੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਬੱਚਿਆਂ ਨੂੰ ਬਿਹਤਰ ਸਿੱਖਿਆ ਸਹੂਲਤਾਂ ਮੁਹੱਈਆ ਕਰਵਾਉਣਾ ਸਮਾਜ ਦੀ ਸਾਂਝੀ ਜ਼ਿੰਮੇਵਾਰੀ ਹੈ। ਸਕੂਲ ਦੇ ਮੁੱਖ ਅਧਿਆਪਕ ਜਤਿੰਦਰ ਕੁਮਾਰ ਨੇ ਦੱਸਿਆ ਕਿ ਨਵੇਂ ਸਮਾਰਟ ਕਲਾਸਰੂਮ ’ਚ ਆਧੁਨਿਕ ਤਕਨੀਕੀ ਸਹੂਲਤਾਂ ਰਾਹੀਂ ਵਿਦਿਆਰਥੀਆਂ ਨੂੰ ਪਾਠਕ੍ਰਮ ਦੀ ਪੜ੍ਹਾਈ ਵਧੇਰੇ ਦਿਲਚਸਪ, ਸਰਲ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਕਰਵਾਈ ਜਾਵੇਗੀ। ਇਸ ਨਾਲ ਬੱਚਿਆਂ ਨੂੰ ਕਿਤਾਬੀ ਗਿਆਨ ਦੇ ਨਾਲ-ਨਾਲ ਦ੍ਰਿਸ਼-ਸਰਵਣ ਸਾਧਨਾਂ ਰਾਹੀਂ ਵਿਸ਼ਿਆਂ ਨੂੰ ਸਮਝਣ ਦਾ ਮੌਕਾ ਮਿਲੇਗਾ। ਉਨ੍ਹਾਂ ਇਸ ਪ੍ਰੋਜੈਕਟ ਲਈ ਸਿੱਖਿਆ ਵਿਭਾਗ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਕੂਲ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਸਮੇਂ ਦੇ ਹਾਣ ਦੀ ਮਿਆਰੀ ਸਿੱਖਿਆ ਪ੍ਰਦਾਨ ਕਰਨਾ ਹੈ। ਇਸ ਮੌਕੇ ਪ੍ਰੀਤਮ ਸਿੰਘ, ਅਵਤਾਰ ਸਿੰਘ, ਸੱਜਣ ਸਿੰਘ ਸਰਪੰਚ ਟੱਪਰੀਆਂ, ਅਮਰ ਸਿੰਘ, ਗੁਰਕੀਰਤ ਸਿੰਘ, ਸੰਤੋਖ ਸਿੰਘ, ਗੁਰਪ੍ਰੀਤ ਸਿੰਘ ਕੈਂਬੋ, ਅਮਨਜੋਤ ਸਿੰਘ ਢੀਂਡਸਾ, ਸੁਰਿੰਦਰਪਾਲ ਸਿੰਘ ਬੰਟੀ ਕੰਧੋਲਾ, ਅਮਰਦੀਪ ਸਿੰਘ, ਸੰਗੀਤਾ ਰਾਣੀ, ਰੰਜਨਾ, ਚਰਨਜੀਤ ਕੌਰ, ਅਨੀਸ਼ਾ ਕੌਰ, ਮਿਸ ਸ਼ਾਲੂ, ਹਰਪਾਲ ਕੌਰ, ਗੁਰਜਿੰਦਰ ਕੌਰ ਅਤੇ ਸੁਖਦੀਪ ਕੌਰ ਸਮੇਤ ਹੋਰ ਪਤਵੰਤੇ ਤੇ ਸਕੂਲ ਸਟਾਫ਼ ਹਾਜ਼ਰ ਸੀ।