ਤਿਉਹਾਰਾਂ ਦੇ ਮੱਦੇਨਜ਼ਰ ਟ੍ਰੈਫਿਕ ਪੁਲਿਸ ਹੋਈ ਸਖ਼ਤ ਤਿਉਹਾਰਾਂ ਦੇ ਮੱਦੇਨਜ਼ਰ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆ ਖਿਲਾਫ਼ ਮੋਰਿੰਡਾ ਟ੍ਰੈਫਿਕ ਪੁਲਿਸ ਹੋਈ ਸਖ਼ਤ
Publish Date: Wed, 28 Oct 2026 06:51 PM (IST)
Updated Date: Wed, 28 Oct 2026 06:52 PM (IST)
ਰੌਂਗ ਪਾਰਕਿੰਗ, ਬੁਲਟ ਦੇ ਪਟਾਕੇ ਮਾਰਨ ਤੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਕੱਟੇ ਚਲਾਨ ਅਮਰਜੀਤ ਧੀਮਾਨ,ਪੰਜਾਬੀ ਜਾਗਰਣ, ਮੋਰਿੰਡਾ : ਦਿਵਾਲੀ ਤੇ ਚੱਲ ਰਹੇ ਹੋਰਨਾਂ ਤਿਉਹਾਰਾਂ ਨੂੰ ਮੱਦੇ ਨਜ਼ਰ ਰੱਖਦਿਆਂ ਤੇ ਸ਼ਹਿਰ ਦੀ ਟ੍ਰੈਫਿਕ ਵਿਵਸਥਾ ’ਚ ਸੁਧਾਰ ਲਿਆਉਣ ਲਈ ਮੋਰਿੰਡਾ ਟ੍ਰੈਫਿਕ ਪੁਲਿਸ ਵੱਲੋਂ ਇੱਕ ਵਿਸ਼ੇਸ਼ ਮੁਹਿੰਮ ਚਲਾਈ ਗਈ। ਇਸ ਮੁਹਿੰਮ ਤਹਿਤ ਟ੍ਰੈਫਿਕ ਪੁਲਿਸ ਵੱਲੋਂ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਅਤੇ ਮੁੱਖ ਮਾਰਗਾਂ ਤੇ ਗਲਤ ਢੰਗ (ਰੌਂਗ ਪਾਰਕਿੰਗ) ਨਾਲ ਖੜ੍ਹੀਆਂ ਕੀਤੀਆਂ ਕਾਰਾਂ ਅਤੇ ਵਾਹਨਾਂ ਦੇ ਚਲਾਨ ਕੱਟੇ ਗਏ। ਇਸ ਸਬੰਧੀ ਜਾਣਕਾਰੀ ਦਿੰਦਿਆਂ ਟ੍ਰੈਫਿਕ ਇੰਚਾਰਜ ਏਐਸਆਈ ਮਲਕੀਅਤ ਸਿੰਘ ਨੇ ਦੱਸਿਆ ਕਿ ਉਨਾਂ ਨੇ ਟ੍ਰੈਫਿਕ ਪੁਲਿਸ ਦੀ ਟੀਮ ਨਾਲ ਆਵਾਜਾਈ ਪ੍ਰਤੀ ਲੋਕਾਂ ਦੁਕਾਨਦਾਰਾਂ ਅਤੇ ਰੇਹੜੀ, ਫੜ੍ਹੀ ਵਾਲਿਆਂ ਨੂੰ ਨਿਯਮਾਂ ਦੀ ਪਾਲਣਾ ਕਰਨ ਸੰਬੰਧੀ ਜਾਗਰੂਕ ਕੀਤਾ। ਦੁਕਾਨਦਾਰਾਂ ਨੂੰ ਅਪੀਲ ਕੀਤੀ ਕਿ ਤਿਉਹਾਰਾਂ ਦਾ ਸੀਜ਼ਨ ਹੋਣ ਕਾਰਨ ਬਾਜ਼ਾਰਾਂ ’ਚ ਜਾਮ ਤੋਂ ਨਿਜਾਤ ਦਿਵਾਉਣ ਲਈ ਆਪਣੇ ਗ੍ਰਾਹਕਾਂ ਨੂੰ ਗੱਡੀਆਂ ਗਲਤ ਤਰੀਕੇ ਨਾਲ ਪਾਰਕ ਨਾ ਕਰਨ ਤੋਂ ਰੋਕਣ। ਉਨ੍ਹਾਂ ਸ਼ਹਿਰ ’ਚ ਪੈਦਲ ਚੱਲ ਕੇ ਗਲਤ ਤਰੀਕੇ ਨਾਲ ਖੜ੍ਹੀਆਂ ਰੇੜੀਆਂ ਵਾਲਿਆਂ ਨੂੰ ਹਟਾ ਕੇ ਇੱਧਰ-ਉੱਧਰ ਕਰਵਾਇਆ ਤਾਂ ਜੋ ਆਵਾਜਾਈ ਸੁਚਾਰੂ ਰੂਪ ’ਚ ਚੱਲ ਸਕੇ। ਟ੍ਰੈਫਿਕ ਇੰਚਾਰਜ ਏਐੱਸਆਈ. ਮਲਕੀਤ ਸਿੰਘ ਨੇ ਕਿਹਾ ਕਿ ਇਹਨਾਂ ਦਿਨਾਂ ਦੌਰਾਨ ਬਾਜ਼ਾਰਾਂ ’ਚ ਖ਼ਰੀਦਦਾਰੀ ਕਰਨ ਵਾਲੇ ਲੋਕਾਂ ਦੀ ਭੀੜ ਕਾਫੀ ਵਧ ਜਾਂਦੀ ਹੈ। ਕੁਝ ਲੋਕਾਂ ਵੱਲੋਂ ਆਪਣੇ ਵਾਹਨ ਸੜਕਾਂ ਦੇ ਵਿਚਕਾਰ ਜਾਂ ਗਲਤ ਤਰੀਕੇ ਨਾਲ ਪਾਰਕ ਕਰ ਦਿੱਤੇ ਜਾਂਦੇ ਹਨ, ਜਿਸ ਕਾਰਨ ਦੂਜੇ ਵਾਹਨ ਚਾਲਕਾਂ ਅਤੇ ਪੈਦਲ ਚੱਲਣ ਵਾਲੇ ਰਾਹਗੀਰਾਂ ਲਈ ਵੀ ਆਉਣ ਜਾਣ ’ਚ ਮੁਸ਼ਕਿਲ ਪੈਦਾ ਹੁੰਦੀ ਹੈ। ਉਨ੍ਹਾਂ ਦੱਸਿਆ ਕਿ ਇਸ ਵਿਸ਼ੇਸ਼ ਪੈਦਲ ਚੈਕਿੰਗ ਦੌਰਾਨ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਕਈ ਵਾਹਨਾਂ ਦੇ ਮੌਕੇ ਤੇ ਹੀ ਚਲਾਨ ਕੀਤੇ ਗਏ। ਉਨ੍ਹਾਂ ਦੱਸਿਆ ਕਿ ਕਾਰਾਂ ’ਤੇ ਕਾਲੀ ਜਾਲੀ ਲਗਾਉਣ ਵਾਲਿਆਂ ਦੇ 20 ਚਲਾਨ, ਰੌਂਗ ਪਾਰਕਿੰਗ ਦੇ 9 ਚਲਾਨ, ਬੁਲਟ ਤੇ ਪਟਾਕੇ ਮਾਰਨ ਵਾਲਿਆਂ ਦੇ ਦੋ ਚਲਾਨ ਟ੍ਰਿਪਲ ਰਾਈਡਿੰਗ ਦਾ 1 ਚਲਾਨ ਅਤੇ ਬਿਨਾਂ ਨੰਬਰ ਪਲੇਟ ਦੇ 2 ਚਲਾਨ ਕੱਟੇ ਗਏ ਹਨ। ਉਨ੍ਹਾਂ ਨੇ ਕਿਹਾ ਕਿ ਬਾਜ਼ਾਰਾਂ ’ਚ ਬੁਲਟ ਤੇ ਪਟਾਕੇ ਮਾਰਨ ਵਾਲਿਆਂ ਨੂੰ ਸਖਤ ਤਾੜਨਾ ਕੀਤੀ ਕਿ ਜੇਕਰ ਕਿਸੇ ਵੀ ਬੁਲਟ ਚਾਲਕ ਵੱਲੋਂ ਮੁਜ਼ਾਰਾ ’ਚ ਪਟਾਕੇ ਮਾਰੇ ਗਏ ਤਾਂ ਉਨਾਂ ਦੇ ਮੋਟਰਸਾਈਕਲ ਬੰਦ ਕੀਤੇ ਜਾਣਗੇ। ਉਨਾਂ ਨੂੰ ਵਾਹਨ ਚਾਲਕਾਂ ਨੂੰ ਅਪੀਲ ਕੀਤੀ ਕਿ ਵਾਹਨ ਚੋਰੀ ਹੋਣ ਤੋਂ ਬਚਾਅ ਲਈ ਆਪਣੇ ਤੋਂ ਪਹੀਆ ਵਾਹਨ ਬਿਨਾਂ ਲੌਕ ਕੀਤੇ ਪਾਰਕ ਨਾ ਕੀਤੇ ਜਾਣ। ਉਨ੍ਹਾਂ ਸਪੱਸ਼ਟ ਕੀਤਾ ਕਿ ਇਹ ਮੁਹਿੰਮ ਆਉਣ ਵਾਲੇ ਦਿਨਾਂ ’ਚ ਵੀ ਲਗਾਤਾਰ ਜਾਰੀ ਰਹੇਗੀ ਅਤੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਕਿਸੇ ਵੀ ਕੀਮਤ ’ਤੇ ਬਖ਼ਸ਼ਿਆ ਨਹੀਂ ਜਾਵੇਗਾ।