- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕੌਸਲ ਦੀ ਹਾਊਸ ਮੀਟਿੰਗ ਪੁਰਾਣੀ ਰੀਤ ਮੁਤਾਬਿਕ ਰਹੀ ਹੰਗਾਂਮਾ ਭਰਪੂਰ

ਪਹਿਲੀ ਵਾਰ ਇਕੱਠੇ ਵਿਖਾਈ ਦਿੱਤੇ ਅਕਾਲੀ ਦਲ ਤੇ ਭਾਜਪਾ ਦੇ ਕੌਂਸਲਰ
ਲਖਵੀਰ ਖਾਬੜਾ, ਪੰਜਾਬੀ ਜਾਗਰਣ,ਰੂਪਨਗਰ: ਨਗਰ ਕੌਸਲ ਦੀ ਪ੍ਰਧਾਨ ਇੰਦਰਪਾਲ ਸਿੰਘ ਰਾਜੂ ਸਤਿਆਲ ਦੀ ਅਗਵਾਈ ’ਚ ਹੋਈ ਮੀਟਿੰਗ ਇਸ ਵਾਰ ਵੀ ਪੁਰਾਣੀ ਰੀਤ ਮੁਤਾਬਿਕ ਹੰਗਾਮਾਂ ਭਰਪੂਰ ਰਹੀ, ਪ੍ਰਧਾਨ ਸਤਿਆਲ ਦੀ ਵਿਰੋਧੀ ਧਿਰ ਦੇ ਕੌਸਲਰਾਂ ’ਚ ਵਿਕਾਸ ਕਾਰਜਾਂ ਨੂੰ ਲੈ ਕੇ ਸ਼ਬਦੀ ਜੰਗ ਸਿਆਸੀ ਵਿਹੜੇ ਤੱਕ ਪਹੁੰਚ ਗਈ।
ਨਗਰ ਕੌਂਸਲ ਦੀ ਹੋਈ ਮੀਟਿੰਗ ’ਚ ਅਕਾਲੀ ਦਲ ਤੇ ਭਾਜਪਾ ਦੇ ਕੌਂਸਲਰ ਪਹਿਲੀ ਵਾਰ ਇਕੱਠੇ ਵਿਖਾਈ ਦਿੱਤੇ ਭਾਵ ਗੱਠਜੋੜ ਦਾ ਅਸਰ ਨਗਰ ਕੌਂਸਲ ਵਿੱਚ ਵੀ ਵੇਖਣ ਨੂੰ ਮਿਲਿਆ । ਕੌਂਸਲ ਵੱਲੋਂ ਮੀਟਿੰਗ ਦੇ ਏਜੰਡੇ ’ਚ ਪਿਛਲੇ ਮਹੀਨਿਆਂ ਦਾ ਹਿਸਾਬ ਕਿਤਾਬ ਭਾਵ ਆਮਦਨ ਤੇ ਖਰਚ ਦਾ ਵੇਰਵਾ ਨਾ ਦੱਸੇ ਜਾਣ ਤੇ ਅਕਾਲੀ ਕੌਂਸਲਰ ਤੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਮੱਕੜ ਨੇ ਪ੍ਰਧਾਨ ਤੇ ਕਾਰਜ ਸਾਧਕ ਅਫਸਰ ਨੂੰ ਲੰਮੇ ਹੱਥੀਂ ਲਿਆ ਤੇ ਉਨਾਂ ਨੇ ਮੰਨਿਆ ਕਿ ਅਗਲੀ ਮੀਟਿੰਗ ’ਚ ਇਹ ਹਿਸਾਬ ਕਿਤਾਬ ਜ਼ਰੂਰ ਦਿਖਾਇਆ ਜਾਵੇਗਾ। ਇਸ ਤੋਂ ਇਲਾਵਾ ਰੋਪੜ ਬੇਲਾ ਚੌਕ ਤੋਂ ਬਾਈ ਪਾਸ ਤੱਕ ਸਟਰੋਮ ਸੀਵਰ ਪਾਉਣ ਦੇ 68 ਕਰੋੜ 13 ਲੱਖ ਰੁਪਏ ਦੇ ਮਤੇ ਤੇ ਅਕਾਲੀ ਭਾਜਪਾ ਕੌਂਸਲਰਾਂ ਨੇ ਖੂਬ ਹੰਗਾਮਾ ਕੀਤਾ ਪਰਮਜੀਤ ਮੱਕੜ ਤੇ ਭਾਜਪਾ ਕੌਂਸਲਰ ਹਰਮਿੰਦਰ ਵਾਲੀਆ ਨੇ ਕਿਹਾ ਕਿ ਨਗਰ ਕੌਂਸਲ ਦਾ ਕੁੱਲ ਬਜਟ ਕੇਵਲ 12 ਕਰੋੜ ਦਾ ਹੈ ਜਿਸ ’ਚੋ 75 ਪ੍ਰਤੀਸ਼ਤ ਦੇ ਕਰੀਬ ਜ਼ਰੂਰੀ ਖਰਚੇ ਤਨਖਾਹ ਆਦਿਕ ’ਚ ਨਿਕਲ ਜਾਂਦਾ ਹੈ ਪਰ ਸੱਤਾਧਾਰੀ ਪਾਰਟੀ ਕਰੋੜਾਂ ਰੁਪਏ ਦੇ ਮਤੇ ਪਾਸ ਕਰ ਕੇ ਲੋਕਾਂ ਨੂੰ ਮੂਰਖ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ।
ਉਨਾਂ ਕਿਹਾ ਕਿ ਬੜੇ ਸ਼ਰਮ ਦੀ ਗੱਲ ਹੈ ਕਿ ਤਿੰਨ ਮਹੀਨੇ ਪਹਿਲਾਂ ਪਾਸ ਕੀਤੇ ਮਤੇ ਹਲੇ ਤੱਕ ਸਰਕਾਰ ਵਲੋਂ ਪਾਸ ਨਹੀਂ ਕੀਤੇ ਗਏ ਤੇ ਅੱਗੋਂ ਹੋਰ ਮਤੇ ਪਾਸ ਕਰ ਕੇ ਲੋਕਾਂ ਨੂੰ ਗੁਮਰਾਹ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ । ਉਨ੍ਹਾਂ ਕਿਹਾ ਕਿ ਨਗਰ ਕੌਂਸਲ ਵਲੋਂ ਪਾਣੀ ਦੇ ਕੁਨੈਕਸ਼ਨ ਲੈਣ ਲਈ ਰੋਡ ਕੱਟ ਦੇ ਰੇਟ ਡੇਢ ਗੁਣਾ ਕਰਨ ਦੇ ਮਤੇ ਦਾ ਵੀ ਅਕਾਲੀ ਭਾਜਪਾ ਕੌਂਸਲਰਾਂ ਨੇ ਡੱਟ ਕੇ ਵਿਰੋਧ ਕੀਤਾ ਜਿਸ ਦੇ ਚਲਦਿਆਂ ਇਹ ਮਤਾ ਪੈਂਡਿੰਗ ਕਰ ਦਿੱਤਾ ਗਿਆ।
ਅਕਾਲੀ ਕੌਂਸਲਰ ਗੁਰਵਿੰਦਰ ਸਿੰਘ ਬਾਵਾ ਨੇ ਸੁਖਰਾਮਪੁਰ ਟੱਪਰੀਆਂ ਦੇ ਟੋਭੇ ਨੂੰ ਪੱਕਾ ਕਰਨ ਦਾ ਕੰਮ ਜਲਦੀ ਸ਼ੁਰੂ ਕਰਾਉਣ ਤੇ ਜਗਜੀਤ ਨਗਰ ’ਚ ਗੰਦੇ ਪਾਣੀ ਦੀ ਸਪਲਾਈ ਦਾ ਮੁੱਦਾ ਉਠਾਇਆ। ਭਾਜਪਾ ਕੌਂਸਲਰਾਂ ਨੇ ਬਾਜ਼ਾਰ ’ਚ ਸਟ੍ਰੀਟ ਲਾਈਟ ਲਗਵਾਉਣ ਦੀ ਮੰਗ ਕੀਤੀ। ਅੱਜ ਅਕਾਲੀ ਕੌਂਸਲਰ ਪਰਮਜੀਤ ਸਿੰਘ ਮੱਕੜ, ਸੁਖਵਿੰਦਰ ਸਿੰਘ ਪਟਵਾਰੀ ਗੁਰਵਿੰਦਰ ਸਿੰਘ ਬਾਵਾ ਤੇ ਭਾਜਪਾ ਕੌਂਸਲਰ ਹਰਮਿੰਦਰਪਾਲ ਵਾਲੀਆ ,ਜਸਬੀਰ ਕੌਰ ਜੱਗੀ,ਕਿਰਨ ਗੁਪਤਾ ਤੇ ਕਰਮਜੀਤ ਕੌਰ ਇਕੱਠੇ ਹੀ ਮੀਟਿੰਗ ’ਚ ਆਏ ਤੇ ਸਾਰੇ ਮੁੱਦਿਆਂ ਤੇ ਇਕਮੁੱਠ ਦਿਖਾਈ ਦਿੱਤੇ।
ਉੱਧਰ ਪ੍ਰਧਾਨ ਇੰਦਰਪਾਲ ਸਿੰਘ ਰਾਜੂ ਸਤਿਆਲ ਨੇ ਕਿਹਾਕਿ ਕੌਸਲ ਦੀ ਹਾਊਸ ਮੀਟਿੰਗ ’ਚ ਸਾਰੇ ਮਤੇ ਪਾਸ ਕੀਤੇ ਗਏ ਹਨ ਇੱਕ ਮਤਾ ਰੋਕਿਆ ਗਿਆ ਹੈ। ਉਨ੍ਹਾਂ ਕਿਹਾ ਕਿ ਵਿਕਾਸ ਪ੍ਰਜੈਕਟਾਂ ਲਈ ਸਰਕਾਰ ਪੈਸੇ ਭੇਜ ਰਹੀ ਹੈ ਕਾਫੀ ਕੰਮ ਹੋਏ ਹਨ ਹੁਣ ਜਦੋਂ ਮਤਾ ਪਾਸ ਹੋ ਕੇ ਅੱਗੇ ਜਾਵੇਗਾ ਤਾਂ ਹੀ ਪੈਸੇ ਆਉਣਗੇ। ਉਨ੍ਹਾਂ ਕਿਹਾ ਕਿ ਵਿਰੋਧੀ ਕੌਸਲਰਾਂ ਵੱਲੋਂ ਬੇਬੁਨਿਆਦ ਬਿਆਨਬਾਜ਼ੀ ਕੀਤੀ ਜਾ ਰਹੀ ਹੈ ਜਿਸ ’ਚ ਕੋਈ ਤੱਥ ਸਹੀ ਨਹੀ ਹੈ ਤੇ ਵਿਕਾਸ ਕਰਨ ਲਈ ਆਏ ਹਾਂ ਤੇ ਵਿਕਾਸ ਹੀ ਸਾਡਾ ਮਕਸੱਦ ਹੈ। ਇਸ ਮੌਕੇ ਤੇ ਕੌਸਲ ਦੇ ਸੀਨੀਅਰ ਮੀਤ ਪ੍ਰਧਾਨ ਸੰਗੀਤਾਂ ਕਾਲੀਆਂ, ਮੀਤ ਪ੍ਰਧਾਨ ਜਗਮੋਹਣ ਸਿੰਘ, ਅੰਮ੍ਰਿਤਪਾਲ ਸਿੰਘ ਸੋਨੂੰ, ਅਵਤਾਰ ਸਿੰਘ,ਗੁਰਵਿੰਦਰ ਸਿੰਘ ਜੱਗੀ ਆਦਿ ਹਾਜਰ ਸਨ।