ਚੰਦ ਪੈਸੇ ਬਚਾਉਣ ਲਈ ਬੈਰੀਕੇਡ ਦੀ ਥਾਂ ਲਗਾਏ ਮੁੱਖ ਮੰਤਰੀ ਸਿਹਤ ਯੋਜਨਾ ਦੇ ਬੋਰਡ ਠੇਕੇਦਾਰ ਦੀ ਵੱਡੀ ਲਾਪ੍ਰਵਾਹ ਚੰਦ ਪੈਸੇ ਬਚਾਉਣ ਲਈ ਬੈਰੀਕੇਡ ਦੀ ਥਾਂ ਲਗਾਏ ਮੁੱਖ ਮੰਤਰੀ ਸਿਹਤ ਯੋਜਨਾ ਦੇ ਬੋਰਡ
Publish Date: Sun, 11 Oct 2026 06:04 PM (IST)
Updated Date: Sun, 11 Oct 2026 06:05 PM (IST)
ਅਮਰਜੀਤ ਧੀਮਾਨ, ਪੰਜਾਬੀ ਜਾਗਰਣ, ਮੋਰਿੰਡਾ: ਸ਼ਹਿਰ ਵਿਚ ਸੜਕਾਂ ਅਤੇ ਗਲੀਆਂ ਦੇ ਚੱਲ ਰਹੇ ਵਿਕਾਸ ਕਾਰਜਾਂ ਦੌਰਾਨ ਕਾਲਜ ਰੋਡ ਵਿਖੇ ਕੀਤੇ ਜਾ ਰਹੇ ਟਾਈਲ ਵਰਕ ਸਮੇਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੇ ਪ੍ਰਸ਼ਾਸਨਿਕ ਪ੍ਰਬੰਧਾਂ ਅਤੇ ਠੇਕੇਦਾਰਾਂ ਦੀ ਮਨਮਾਨੀ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ। ਇੱਥੇ ਖਾਲਸਾ ਕਾਲਜ ਰੋਡ ’ਤੇ ਸੀਵਰੇਜ ਪਾਉਣ ਉਪਰੰਤ ਕੀਤੇ ਜਾ ਰਹੇ ਟਾਈਲ ਵਰਕ ਦੇ ਵਿਕਾਸ ਕਾਰਜ ਸਮੇਂ ਸੜਕ ਨੂੰ ਬੰਦ ਕਰਨ ਲਈ ਲੋੜੀਂਦੇ ਬੈਰੀਕੇਡ ਲਗਾਉਣ ਦੀ ਬਜਾਏ, ਠੇਕੇਦਾਰ ਨੇ ਚੰਦ ਪੈਸੇ ਦੀ ਬੱਚਤ ਕਰਨ ਦੇ ਚੱਕਰ ’ਚ ਸਰਕਾਰੀ ਨਿਯਮਾਂ ਅਤੇ ਜਨਤਕ ਭਾਵਨਾਵਾਂ ਦੀਆਂ ਧੱਜੀਆਂ ਉਡਾ ਦਿੱਤੀਆਂ। ਠੇਕੇਦਾਰ ਵੱਲੋਂ ਸੜਕ ਬੰਦ ਕਰਨ ਲਈ ਮੁੱਖ ਮੰਤਰੀ ਸਿਹਤ ਯੋਜਨਾ ਦੇ ਪ੍ਰਚਾਰ ਬੋਰਡਾਂ ਦੀ ਵਰਤੋਂ ਬੈਰੀਕੇਡ ਵਜੋਂ ਕਰ ਦਿੱਤੀ ਗਈ। ਜਿਸ ਨਾਲ ਠੇਕੇਦਾਰ/ ਕੰਮ ਕਰਨ ਵਾਲੀ ਏਜੰਸੀ ਦੀ ਕਾਰਗੁਜ਼ਾਰੀ ਤੋਂ ਇਲਾਵਾ ਨਗਰ ਕੌਂਸਲ ਦੇ ਜੇਈ/ਏਐਮਈ ਦੀ ਕਾਰਗੁਜ਼ਾਰੀ ’ਤੇ ਵੀ ਸਵਾਲ ਖੜੇ ਹੋ ਰਹੇ ਹਨ। ਇਸ ਸਬੰਧ ’ਚ ਸ੍ਰੋਮਣੀ ਅਕਾਲੀ ਦਲ ਦੇ ਪੀਏਸੀ ਕਮੇਟੀ ਮੈਂਬਰ ਐਨਆਰਆਈ. ਜਗਰਾਜ ਸਿੰਘ ਮਾਨਖੇੜੀ, ਹਲਕਾ ਸ੍ਰੀ ਚਮਕੌਰ ਸਾਹਿਬ ਦੇ ਪ੍ਰਧਾਨ ਸੁਰਜੀਤ ਸਿੰਘ ਤਾਜਪੁਰਾ, ਯੂਥ ਆਗੂ ਲੱਖੀ ਸ਼ਾਹ ਅਤੇ ਮਜੀਦ ਖਾਨ, ਸਵਰਨਕਾਰ ਸੰਘ ਦੇ ਆਗੂ ਮਨਮੋਹਨ ਕੁਮਾਰ, ਵਿਕਰਾਂਤ ਵਰਮਾ, ਦੋਧੀ ਅਤੇ ਡੇਅਰੀ ਯੂਨੀਅਨ ਦੇ ਆਗੂ ਤੇਜਿੰਦਰ ਕੁਮਾਰ ਬਿੱਟੂ ਅਤੇ ਹੋਰਨਾਂ ਅਨੇਕਾਂ ਸ਼ਹਿਰ ਵਾਸੀਆਂ ਦਾ ਦੱਸਣਾ ਹੈ ਕਿ ਨਿਯਮਾਂ ਅਨੁਸਾਰ ਸ਼ਹਿਰ ’ਚ ਵਿਕਾਸ ਕਾਰਜ ਵਾਲੀ ਥਾਂ ਤੇ ਰਾਹਗੀਰਾਂ ਦੀ ਸੁਰੱਖਿਆ ਲਈ ਰਿਫਲੈਕਟਰ, ਬੈਰੀਕੇਡ ਲਗਾਉਣਾ ਠੇਕੇਦਾਰ ਦੀ ਜ਼ਿੰਮੇਵਾਰੀ ਹੁੰਦੀ ਹੈ, ਤਾਂ ਜੋ ਰਾਤ ਵੇਲੇ ਕੋਈ ਹਾਦਸਾ ਨਾ ਵਾਪਰੇ। ਪ੍ਰੰਤੂ ਕਾਲਜ ਰੋਡ ਤੇ ਚੱਲ ਰਹੇ ਸੜਕ ਦੇ ਨਿਰਮਾਣ ਕਾਰਜ ਸਮੇਂ ਠੇਕੇਦਾਰ ਨੇ ਚੰਦ ਪੈਸੇ ਬਚਾਉਣ ਦੀ ਖਾਤਰ ਲੋਕਾਂ ਦੀ ਜਾਨ ਨੂੰ ਜ਼ੋਖਮ ’ਚ ਪਾ ਦਿੱਤਾ। ਬੈਰੀਕੇਡਾਂ ਦੀ ਥਾਂ ਪੰਜਾਬ ਸਰਕਾਰ ਦੀ ਸਿਹਤ ਯੋਜਨਾ ਦਾ ਪ੍ਰਚਾਰ ਕਰਦੇ ਹੋਏ ਫਲੈਕਸ ਬੋਰਡ ਉਖਾੜ ਕੇ ਸੜਕ ਵਿਚਕਾਰ ਲਗਾ ਦਿੱਤੇ। ਜਿਸ ਨਾਲ ਠੇਕੇਦਾਰ ਵੱਲੋਂ ਸਰਕਾਰੀ ਸਕੀਮ ਦੇ ਬੋਰਡਾਂ ਦੀ ਦੁਰਵਰਤੋਂ ਕੀਤੀ ਗਈ ਹੈ। ਉੱਥੇ ਹੀ ਇਸ ਨਾਲ ਸਰਕਾਰ ਦੀ ਪ੍ਰਚਾਰ ਮੁਹਿੰਮ ਅਤੇ ਜਾਗਰੂਕਤਾ ਫੈਲਾਉਣਾ ਵੀ ਪ੍ਰਭਾਵਿਤ ਹੁੰਦਾ ਹੈ। ’ਚ ਨੂੰ ਵੀ ਧੱਕਾ ਲੱਗਾ ਹੈ। =============== ਆਪ ਦੇ ਆਗੂਆਂ ਨੇ ਕੀਤੀ ਜਾਂਚ ਦੀ ਮੰਗ ਇਸ ਸਬੰਧ ਵਿਚ ਆਮ ਆਦਮੀ ਪਾਰਟੀ ਦੇ ਆਗੂ ਜਗਤਾਰ ਸਿੰਘ ਸਹੇੜੀ, ਨਿਰਪਾਲ ਸਿੰਘ ਮੰਡੇਰ ਅਤੇ ਹੋਰ ਆਗੂਆਂ ਨੇ ਮੰਗ ਕੀਤੀ ਹੈ ਕਿ ਸਰਕਾਰੀ ਪ੍ਰਚਾਰ ਪ੍ਰਭਾਵਿਤ ਕਰਨ ਸਬੰਧੀ ਜਾਂਚ ਕੀਤੀ ਜਾਵੇ, ਨਗਰ ਕੌਂਸਲ ਦੇ ਜੇਈ ਜਾਂ ਅਧਿਕਾਰੀਆਂ/ ਕਰਮਚਾਰੀਆਂ ਦੀ ਨਿਰਮਾਣ ਕਾਰਜਾਂ ਸਮੇਂ ਹਾਜ਼ਰੀ ਯਕੀਨੀ ਬਣਾਈ ਜਾਵੇ। ਇਸ ਸਬੰਧੀ ਜਦੋਂ ਏਐਮਈ ਹਰਮੇਲ ਸਿੰਘ ਨਾਲ ਫੋਨ ਤੇ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹਨਾਂ ਨੇ ਤਸੱਲੀ ਬਖਸ਼ ਜਵਾਬ ਦੇਣ ਦੀ ਥਾਂ ਗੱਲ ਬਾਤ ਦੌਰਾਨ ਹੀ ਫੋਨ ਕੱਟ ਦਿੱਤਾ।