ਮੁਫ਼ਤ ਇਲਾਜ ਅਤੇ ਫਿਜ਼ਿਓਥੈਰੇਪੀ ਨਾਲ ਬੱਚੇ ਦੀ ਸਿਹਤ ’ਚ ਸੁਧਾਰ: ਕਟਾਰੀਆ ਅਰਲੀ ਇੰਟਰਵੈਨਸ਼ਨ ਸੈਂਟਰ ਵਿਖੇ ਮੁਫ਼ਤ ਇਲਾਜ ਅਤੇ ਫਿਜ਼ਿਓਥੈਰੇਪੀ ਨਾਲ ਬੱਚੇ ਦੀ ਸਿਹਤ 'ਚ ਸੁਧਾਰ: ਕਟਾਰੀਆ
Publish Date: Sat, 24 Oct 2026 03:42 PM (IST)
Updated Date: Sat, 24 Oct 2026 03:46 PM (IST)
ਬੱਚਿਆਂ ਦੇ ਵਿਕਾਸ ’ਚ ਦੇਰੀ ਨੂੰ ਅਣਗੌਲਿਆ ਨਾ ਕੀਤਾ ਜਾਵੇ, ਸਮੇਂ ਸਿਰ ਇਲਾਜ ਨਾਲ ਮਿਲ ਸਕਦੇ ਹਨ ਬਿਹਤਰ ਨਤੀਜੇ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਰੂਪਨਗਰ: ਰਾਸ਼ਟਰੀ ਬਾਲ ਸਿਹਤ ਕਾਰਿਆਕਰਮ (ਆਰਬੀਐੱਸਕੇ.) ਅਧੀਨ ਜ਼ਿਲ੍ਹਾ ਅਰਲੀ ਇੰਟਰਵੈਨਸ਼ਨ ਸੈਂਟਰ (ਡੀਈਆਈਸੀ.) ਰੂਪਨਗਰ ਵਿਖੇ ਬੱਚਿਆਂ ਦੇ ਮਾਨਸਿਕ ਜਾ ਸਰੀਰਕ ਵਿਕਾਸ ’ਚ ਦੇਰੀ ਦੀ ਪਛਾਣ ਅਤੇ ਸਮੇਂ ਸਿਰ ਇਲਾਜ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਵਿਵੇਕ ਕਟਾਰੀਆ ਨੇ ਦੱਸਿਆ ਕਿ ਅਰਲੀ ਇੰਟਰਵੈਨਸ਼ਨ ਅਤੇ ਨਿਯਮਿਤ ਥੈਰੇਪੀ ਰਾਹੀਂ ਵਿਕਾਸ ’ਚ ਦੇਰੀ ਦਾ ਸਾਹਮਣਾ ਕਰ ਰਹੇ ਬੱਚਿਆਂ ਦੇ ਜੀਵਨ ’ਚ ਸਕਾਰਾਤਮਕ ਸੁਧਾਰ ਲਿਆਂਦਾ ਜਾ ਸਕਦਾ ਹੈ। ਉਨ੍ਹਾਂ ਫਤਿਹਵੀਰ ਨਾਮਕ ਬੱਚੇ ਦੀ ਉਦਾਹਰਨ ਦਿੰਦਿਆਂ ਦੱਸਿਆ ਕਿ ਜਨਮ ਸਮੇਂ ਨਾ ਰੋਣ ਕਾਰਨ ਬੱਚੇ ਦੇ ਸਰੀਰਕ ਵਿਕਾਸ ਦੇ ਵੱਖ-ਵੱਖ ਪੜਾਵਾਂ ’ਚ ਦੇਰੀ ਹੋਈ। ਪੰਜ ਸਾਲ ਦੀ ਉਮਰ ਤੱਕ ਵੀ ਬੱਚਾ ਆਪਣੇ ਆਪ ਚੱਲ-ਫਿਰ ਨਹੀਂ ਸਕਦਾ ਸੀ ਅਤੇ ਉਸ ਦਾ ਇੱਕ ਹੱਥ ਵੀ ਪੂਰੀ ਤਰ੍ਹਾਂ ਕੰਮ ਨਹੀਂ ਕਰ ਰਿਹਾ ਸੀ। ਬੱਚੇ ਨੇ ਗਰਦਨ ਸੰਭਾਲਣ, ਬੈਠਣ ਅਤੇ ਖੜ੍ਹੇ ਹੋਣ ਵਰਗੀਆਂ ਸਰੀਰਕ ਕਿਰਿਆਵਾਂ ਵੀ ਦੇਰੀ ਨਾਲ ਸ਼ੁਰੂ ਕੀਤੀਆਂ। ਫਤਿਹਵੀਰ ਪਿਛਲੇ ਦੋ ਸਾਲਾਂ ਤੋਂ ਜ਼ਿਲ੍ਹਾ ਸਰਕਾਰੀ ਹਸਪਤਾਲ ਰੂਪਨਗਰ ਦੇ ਅਰਲੀ ਇੰਟਰਵੈਨਸ਼ਨ ਸੈਂਟਰ ਵਿਖੇ ਡਾ. ਯੋਗਿਤਾ ਭਾਰਦਵਾਜ ਦੀ ਦੇਖ-ਰੇਖ ਹੇਠ ਮੁਫ਼ਤ ਇਲਾਜ ਅਤੇ ਥੈਰੇਪੀ ਸੇਵਾਵਾਂ ਪ੍ਰਾਪਤ ਕਰ ਰਿਹਾ ਹੈ। ਇੱਥੇ ਬੱਚੇ ਨੂੰ ਫਿਜ਼ਿਓਥੈਰੇਪੀ ਰਾਹੀਂ ਵਿਸ਼ੇਸ਼ ਕਸਰਤਾਂ ਕਰਵਾਈਆਂ ਜਾਂਦੀਆਂ ਹਨ ਅਤੇ ਉਸ ਨੂੰ ਚੱਲਣ, ਖੜ੍ਹੇ ਹੋਣ ਅਤੇ ਸਰੀਰ ਦਾ ਸੰਤੁਲਨ ਬਣਾਉਣ ਸਬੰਧੀ ਸਿਖਲਾਈ ਦਿੱਤੀ ਜਾਂਦੀ ਹੈ। ਨਿਯਮਿਤ ਥੈਰੇਪੀ ਅਤੇ ਮਾਹਿਰਾਂ ਦੀ ਦੇਖ-ਰੇਖ ਸਦਕਾ ਬੱਚੇ ਦੇ ਵਿਕਾਸ ’ਚ ਸੁਧਾਰ ਹੋਇਆ ਹੈ ਅਤੇ ਹੁਣ ਉਹ ਆਪਣੇ ਪੈਰਾਂ ’ਤੇ ਖੜ੍ਹਾ ਹੋਣ ਅਤੇ ਆਪਣੇ ਆਪ ਚੱਲਣ-ਫਿਰਨ ਦੇ ਯੋਗ ਹੋ ਗਿਆ ਹੈ। ਸੈਂਟਰ ਦੇ ਮਾਹਿਰ ਸਟਾਫ਼ ਵੱਲੋਂ ਬੱਚੇ ਦੀ ਮਾਤਾ ਨੂੰ ਨਿਯਮਿਤ ਥੈਰੇਪੀ ਜਾਰੀ ਰੱਖਣ ਅਤੇ ਸ਼ੁਰੂਆਤੀ ਇਲਾਜ ਦੀ ਮਹੱਤਤਾ ਬਾਰੇ ਵੀ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ ਹੈ। ਡਾ. ਵਿਵੇਕ ਕਟਾਰੀਆ ਨੇ ਦੱਸਿਆ ਕਿ ਜ਼ਿਲ੍ਹਾ ਅਰਲੀ ਇੰਟਰਵੈਨਸ਼ਨ ਸੈਂਟਰ ਵਿਖੇ ਜਨਮ ਤੋਂ ਲੈ ਕੇ 18 ਸਾਲ ਤੱਕ ਦੇ ਬੱਚਿਆਂ ਨੂੰ ਮੁਫ਼ਤ ਵਿਸ਼ੇਸ਼ ਸਿਹਤ ਸੇਵਾਵਾਂ ਪ੍ਰਦਾਨ ਕੀਤੀਆਂ ਜਾਂਦੀਆਂ ਹਨ। ਇਨ੍ਹਾਂ ਸੇਵਾਵਾਂ ’ਚ ਫਿਜ਼ਿਓਥੈਰੇਪੀ, ਸਪੀਚ ਥੈਰੇਪੀ, ਆਕਿਊਪੇਸ਼ਨਲ ਥੈਰੇਪੀ, ਮਾਪਿਆਂ ਨੂੰ ਬੱਚਿਆਂ ਦੀ ਸੰਭਾਲ ਸਬੰਧੀ ਸਿਖਲਾਈ ਅਤੇ ਮਾਹਿਰਾਂ ਦੀ ਸਲਾਹ ਸ਼ਾਮਲ ਹੈ। ਇਨ੍ਹਾਂ ਸੇਵਾਵਾਂ ਦਾ ਉਦੇਸ਼ ਵਿਕਾਸ ’ਚ ਦੇਰੀ ਵਾਲੇ ਬੱਚਿਆਂ ਦੀ ਸਮੇਂ ਸਿਰ ਪਛਾਣ ਕਰਕੇ ਉਨ੍ਹਾਂ ਨੂੰ ਲੋੜੀਂਦਾ ਇਲਾਜ ਅਤੇ ਬਿਹਤਰ ਜੀਵਨ ਦੇ ਮੌਕੇ ਪ੍ਰਦਾਨ ਕਰਨਾ ਹੈ। ਸਿਵਲ ਸਰਜਨ ਨੇ ਮਾਪਿਆਂ ਨੂੰ ਅਪੀਲ ਕੀਤੀ ਕਿ ਜੇਕਰ ਕਿਸੇ ਬੱਚੇ ਦਾ ਵਿਕਾਸ ਉਸ ਦੀ ਉਮਰ ਦੇ ਅਨੁਸਾਰ ਨਹੀਂ ਹੋ ਰਿਹਾ ਜਾਂ ਉਸ ’ਚ ਗਰਦਨ ਸੰਭਾਲਣ, ਬੈਠਣ, ਤੁਰਨ, ਬੋਲਣ ਜਾਂ ਹੋਰ ਵਿਕਾਸੀ ਪੜਾਵਾਂ ’ਚ ਦੇਰੀ ਨਜ਼ਰ ਆਉਂਦੀ ਹੈ ਤਾਂ ਇਸ ਨੂੰ ਅਣਗੌਲਿਆ ਨਾ ਕੀਤਾ ਜਾਵੇ। ਅਜਿਹੀ ਸਥਿਤੀ ’ਚ ਬੱਚੇ ਦੀ ਨਜ਼ਦੀਕੀ ਸਿਹਤ ਸੰਸਥਾ ਵਿਖੇ ਜਾਂਚ ਕਰਵਾਈ ਜਾਵੇ ਤਾਂ ਜੋ ਲੋੜ ਪੈਣ ’ਤੇ ਉਸ ਨੂੰ ਜ਼ਿਲ੍ਹਾ ਅਰਲੀ ਇੰਟਰਵੈਨਸ਼ਨ ਸੈਂਟਰ ਵਿਖੇ ਰੈਫਰ ਕਰਕੇ ਸਮੇਂ ਸਿਰ ਯੋਗ ਇਲਾਜ ਮੁਹੱਈਆ ਕਰਵਾਇਆ ਜਾ ਸਕੇ।