ਅਮਰ ਸ਼ਹੀਦ ਬੀਬੀ ਸ਼ਰਨ ਕੌਰ ਦੀ ਜੀਵਨੀ ਨੂੰ ਸਮਰਪਿਤ ਸਚਿੱਤਰ ਪੁਸਤਕ ਲੋਕ ਅਰਪਣ ਅਮਰ ਸ਼ਹੀਦ ਬੀਬੀ ਸ਼ਰਨ ਕੌਰ ਦੇ ਜੀਵਨ ’ਤੇ ਆਧਾਰਿਤ ਸਚਿੱਤਰ ਪੁਸਤਕ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਲੋਕ ਅਰਪਣ
Publish Date: Sun, 29 Nov 2026 04:21 PM (IST)
Updated Date: Sun, 29 Nov 2026 04:23 PM (IST)
ਰਾਜਵੀਰ ਸਿੰਘ ਚੌਂਤਾ, ਪੰਜਾਬੀ ਜਾਗਰਣ, ਸ੍ਰੀ ਚਮਕੌਰ ਸਾਹਿਬ : ਅਮਰ ਸ਼ਹੀਦ ਬੀਬੀ ਸ਼ਰਨ ਕੌਰ ਦੇ ਜੀਵਨ ਤੇ ਮਹਾਨ ਸ਼ਹਾਦਤ ਨੂੰ ਸਮਰਪਿਤ ਸਚਿੱਤਰ ਪੁਸਤਕ ‘ਅਮਰ ਸ਼ਹੀਦ ਬੀਬੀ ਸ਼ਰਨ ਕੌਰ’ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਕਰਵਾਏ ਗਏ ਸੰਸਾਰ ਸਿੱਖ ਵਿਦਿਅਕ ਵਿਚਾਰ ਸੰਮੇਲਨ ਦੌਰਾਨ ਲੋਕ ਅਰਪਣ ਕੀਤੀ ਗਈ। ਲੇਖਕ ਸ਼ਮਿੰਦਰ ਸਿੰਘ ਭੱਕੂ ਮਾਜਰਾ ਵੱਲੋਂ ਬੀਬੀ ਸ਼ਰਨ ਕੌਰ ਦੇ ਜੀਵਨ ਬਾਰੇ ਪਹਿਲੀ ਪੁਸਤਕ ਲਿਖਣ ਦੇ ਇਸ ਨਿਵੇਕਲੇ ਉਪਰਾਲੇ ਦੀ ਹਾਜ਼ਰ ਵਿਦਵਾਨਾਂ ਤੇ ਸਿੱਖ ਸ਼ਖ਼ਸੀਅਤਾਂ ਨੇ ਭਰਪੂਰ ਸ਼ਲਾਘਾ ਕਰਦਿਆਂ ਉਨ੍ਹਾਂ ਨੂੰ ਮੁਬਾਰਕਬਾਦ ਤੇ ਅਸੀਸਾਂ ਦਿੱਤੀਆਂ। ਸੁੰਦਰ ਤਸਵੀਰਾਂ ਤੇ ਸ਼ਾਨਦਾਰ ਛਪਾਈ ਨਾਲ ਤਿਆਰ ਕੀਤੀ ਗਈ ਇਸ ਪੁਸਤਕ ਦਾ ਮੁਖਬੰਦ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਸਿੰਘ ਸਾਹਿਬ ਗਿਆਨੀ ਕੇਵਲ ਸਿੰਘ ਵੱਲੋਂ ਲਿਖਿਆ ਗਿਆ ਹੈ। ਉਨ੍ਹਾਂ ਲੇਖਕ ਸ਼ਮਿੰਦਰ ਸਿੰਘ ਭੱਕੂ ਮਾਜਰਾ ਦੇ ਸਿੱਖੀ ਪ੍ਰਚਾਰ ਤੇ ਇਤਿਹਾਸਕ ਵਿਰਾਸਤ ਨੂੰ ਆਉਣ ਵਾਲੀਆਂ ਪੀੜ੍ਹੀਆਂ ਤੱਕ ਪਹੁੰਚਾਉਣ ਦੇ ਯਤਨਾਂ ਦੀ ਪ੍ਰਸ਼ੰਸਾ ਕਰਦਿਆਂ ਉਨ੍ਹਾਂ ਨੂੰ ਆਸ਼ੀਰਵਾਦ ਦਿੱਤਾ। ਇਸ ਮੌਕੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਗੁਰਮਤਿ ਸੰਗੀਤ ਵਿਸ਼ੇ ਦੀ ਪਹਿਲੀ ਪੀਐੱਚਡੀ ਵਿਦਵਾਨ ਤੇ ਸਰਕਾਰੀ ਕਾਲਜ ਰੋਪੜ ਦੀ ਸਾਬਕਾ ਵਾਈਸ ਪ੍ਰਿੰਸੀਪਲ ਡਾ. ਹਰਜਸ ਕੌਰ, 125 ਤੋਂ ਵੱਧ ਪੁਸਤਕਾਂ ਦੇ ਲੇਖਕ ਤੇ ਵਿਸ਼ਵ ਪੰਜਾਬੀ ਪ੍ਰਸਾਰ ਸਭਾ ਚੰਡੀਗੜ੍ਹ ਦੇ ਪ੍ਰਧਾਨ ਪ੍ਰਿੰਸੀਪਲ ਬਹਾਦਰ ਸਿੰਘ ਗੋਸਲ ਤੇ ਸੈਣੀ ਭਵਨ ਰੋਪੜ ਦੇ ਪ੍ਰਧਾਨ ਉੱਘੇ ਵਿਦਵਾਨ ਰਾਜਿੰਦਰ ਸਿੰਘ ਨਨੂੰਆਂ ਨੇ ਆਪਣੇ ਵਿਦਵਤਾ ਭਰਪੂਰ ਸ਼ਬਦ ਸੁਨੇਹਿਆਂ ਰਾਹੀਂ ਪੁਸਤਕ ਦੀ ਸ਼ਲਾਘਾ ਕਰਦਿਆਂ ਲੇਖਕ ਨੂੰ ਵਧਾਈ ਦਿੱਤੀ। ਸੰਤ ਸਿੰਘ ਸੁੱਖਾ ਸਿੰਘ ਮਾਡਰਨ ਹਾਈ ਸਕੂਲ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਵਿਦਿਅਕ ਭਵਨ ਵਿਖੇ ਚੱਲ ਰਹੀ ਸਿੱਖ ਵਿਦਿਅਕ ਕਾਨਫਰੰਸ ਦੌਰਾਨ ਸਿੰਘ ਸਾਹਿਬ ਗਿਆਨੀ ਕੇਵਲ ਸਿੰਘ ਤੇ ਲੇਖਕ ਸ਼ਮਿੰਦਰ ਸਿੰਘ ਭੱਕੂ ਮਾਜਰਾ ਤੋਂ ਇਲਾਵਾ ਸਿੱਖ ਵਿਦਿਅਕ ਬੋਰਡ ਦੇ ਚੇਅਰਮੈਨ ਡਾ. ਗੁਰਦੀਪ ਸਿੰਘ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਸਕੱਤਰ ਬਲਵਿੰਦਰ ਸਿੰਘ ਜੌੜਾ, ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਦੇ ਸਕੱਤਰ ਡਾ. ਖੁਸ਼ਹਾਲ ਸਿੰਘ ਤੇ ‘ਸੁਨਿਹਰੇ ਪਲ’ ਰੋਪੜ ਦੇ ਸੰਪਾਦਕ ਇੰਜੀਨੀਅਰ ਦੀਦਾਰ ਸਿੰਘ ਸੈਣੀ ਨੇ ਸੈਂਕੜੇ ਵਿਦਵਾਨਾਂ ਦੀ ਹਾਜ਼ਰੀ ’ਚ ਸਾਂਝੇ ਤੌਰ ’ਤੇ ਪੁਸਤਕ ਲੋਕ ਅਰਪਣ ਕਰਨ ਦੀ ਰਸਮ ਅਦਾ ਕੀਤੀ। ਪੁਸਤਕ ਲੋਕ ਅਰਪਣ ਕਰਨ ਉਪਰੰਤ ਲੇਖਕ ਸ਼ਮਿੰਦਰ ਸਿੰਘ ਭੱਕੂ ਮਾਜਰਾ ਤੇ ਉਨ੍ਹਾਂ ਦੇ ਸਹਿਯੋਗੀਆਂ ਨੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋ ਕੇ ਗੁਰੂ ਸਾਹਿਬ ਦਾ ਸ਼ੁਕਰਾਨਾ ਕੀਤਾ।