ਨਾਨਗਰਾ ਜੋਨ ਵਿੱਚ ਨਹੀਂ ਰੁਕ ਰਹੀ ਨਜਾਇਜ਼ ਮਾਈਨਿੰਗ ਨਾਨਗਰਾ ਜੋਨ ਵਿੱਚ ਨਹੀਂ ਰੁਕ ਰਹੀ ਨਜਾਇਜ਼ ਮਾਈਨਿੰਗ
Publish Date: Sun, 04 Oct 2026 07:07 PM (IST)
Updated Date: Sun, 04 Oct 2026 07:08 PM (IST)
ਨਾਨਗਰਾ ਜ਼ੋਨ ’ਚ ਨਹੀਂ ਰੁਕ ਰਹੀ ਨਾਜਾਇਜ਼ ਮਾਈਨਿੰਗ, ਨਸੀਬ ਨਾਲ ਬਚੇ ਮਾਈਨਿੰਗ ਕਰਨ ਵਾਲੇ ਕੁਲਵਿੰਦਰ ਭਾਟੀਆ, ਪੰਜਾਬੀ ਜਾਗਰਣ ਨੰਗਲ: ਇਲਾਕੇ ਨੂੰ ਇਕ ਕੋਹੜ ਵਾਂਗੂੰ ਬਣ ਕੇ ਲੱਗੀ ਹੋਈ ਨਾਜਾਇਜ਼ ਮਾਈਨਿੰਗ ਇਲਾਕੇ ਦੇ ਖਣਿਜ ਨੂੰ ਖਤਮ ਕਰਨ ਤੇ ਲੱਗੀ ਹੋਈ ਹੈ ਤੇ ਇਸ ਦੇ ਵਿੱਚ ਨਾਨਗਰਾ ਜ਼ੋਨ ਸਭ ਤੋਂ ਮੋਹਰੀ ਹੋ ਕੇ ਆਪਣੀ ਭੂਮਿਕਾ ਨਿਭਾ ਰਿਹਾ ਹੈ। ਪਹਿਲਾਂ ਨਾਨਕਰਾਂ ’ਚ ਇਹ ਕਿਹਾ ਜਾਂਦਾ ਸੀ ਕਿ ਬਾਹਰੋਂ ਆ ਕੇ ਮਾਈਨਿੰਗ ਮਾਫੀਆ ਵੱਲੋਂ ਰਾਤ ਨੂੰ ਮਾਈਨਿੰਗ ਕਰ ਲਈ ਜਾਂਦੀ ਹੈ ਪਰ ਸ਼ੁੱਕਰਵਾਰ ਦੀ ਰਾਤ ਲਗਭਗ ਚਾਰ ਕਰੈਸ਼ਰ ਮਾਲਕਾਂ ਵੱਲੋਂ ਕਥਿਤ ਤੌਰ ’ਤੇ ਕੀਤੀ ਗਈ ਨਾਜਾਇਜ਼ ਮਾਈਨਿੰਗ ਅਸਫਲ ਹੋਣ ਤੋਂ ਬਾਅਦ ਇਹ ਗੱਲ ਬਿਲਕੁਲ ਸਾਫ ਹੋ ਗਈ ਹੈ ਕਿ ਸਥਾਨਕ ਕ੍ਰੈਸ਼ਰ ਮਾਲਕਾਂ ਦੀ ਮਿਲੀ ਭੁਗਤ ਤੋਂ ਬਗੈਰ ਨਾਜਾਇਜ਼ ਮਾਈਨਿੰਗ ਅਸੰਭਵ ਹੈ ਤੇ ਇਸ ਦੇ ’ਚ ਇਹ ਵੀ ਨਸੀਬ ਵਾਲੀ ਗੱਲ ਰਹੀ ਕਿ ਮਾਈਨਿੰਗ ਕਰਨ ਵਾਲੇ ਪੁਲਿਸ ਦੇ ਅੜੀਕੇ ਚੜਦੇ ਚੜਦੇ ਬਚੇ। ਸੂਤਰਾਂ ਤੋਂ ਇਕੱਤਰ ਕੀਤੀ ਗਈ ਜਾਣਕਾਰੀ ਦੇ ਮੁਤਾਬਕ ਸ਼ੁਕਰਵਾਰ ਦੀ ਦੇਰ ਰਾਤ ਕਥਿਤ ਤੌਰ ’ਤੇ ਕੁਝ ਕਰੈਸ਼ਰ ਮਾਲਕਾਂ ਵੱਲੋਂ ਰਾਤ ਸਮੇਂ ਚਰਾਂਦ ਨੂੰ ਪੁੱਟਣ ਦੇ ਲਈ ਆਪਣੀਆਂ ਮਸ਼ੀਨਾਂ ਲਗਾ ਦਿੱਤੀਆਂ ਅਤੇ ਲਗਭਗ ਦੋ ਘੰਟੇ ਅੰਧਾ ਧੁੰਦ ਮਾਈਨਿੰਗ ਕੀਤੀ ਗਈ, ਜਿਸ ਦੀ ਖਬਰ ਬਾਅਦ ਦੇ ਵਿੱਚ ਪੁਲਿਸ ਵਿਭਾਗ ਨੂੰ ਲੱਗ ਗਈ ਅਤੇ ਪੁਲਿਸ ਵੱਲੋਂ ਦੋ ਟੀਮਾਂ ਬਣਾ ਕੇ ਚਾਲੇ ਪਾ ਦਿੱਤੇ ਗਏ ਅਤੇ ਇਸ ਦੀ ਭਣਕ ਮਾਈਨਿੰਗ ਮਾਫੀਆ ਨੂੰ ਲੱਗ ਗਈ । ਮਾਫੀਆ ਵੱਲੋ ਮੌਕੇ ਤੋਂ ਮਸ਼ੀਨਾਂ ਨੂੰ ਫਰਾਰ ਕਰ ਦਿੱਤਾ ਗਿਆ। ਇਹ ਮਾਈਨਿੰਗ ਮਾਫੀਆ ਦਾ ਨਸੀਬ ਹੀ ਕਿਹਾ ਜਾ ਸਕਦਾ ਹੈ ਕਿ ਪੁਲਿਸ ’ਚ ਪੁੱਜਣ ਤੋਂ ਕੁਝ ਸਮਾਂ ਪਹਿਲਾਂ ਹੀ ਮਸ਼ੀਨਾਂ ਭੱਜ ਗਈਆਂ ਜਾਂ ਫਿਰ ਕਿਸੇ ਨੇ ਮਾਈਨਿੰਗ ਮਾਫੀਆ ਨੂੰ ਗੁਪਤ ਰੂਪ ਦੇ ਵਿੱਚ ਪੁਲਿਸ ਦੇ ਆਉਣ ਦੀ ਸੂਚਨਾ ਦੇ ਦਿੱਤੀ । ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਜਦੋਂ ਮਾਈਨਿੰਗ ਮਾਫੀਆ ਵੱਲੋਂ ਕਿਤੇ ਮਾਈਨਿੰਗ ਨੂੰ ਅੰਜਾਮ ਦਿੱਤਾ ਜਾਂਦਾ ਹੈ ਤਾਂ ਹਰ ਇੱਕ ਕੋਨੇ ’ਤੇ ਆਪਣੇ ਬੰਦੇ ਬਿਠਾ ਦਿੱਤੇ ਜਾਂਦੇ ਹਨ ਅਤੇ ਜਦੋਂ ਪੁਲਿਸ ਦੀ ਆਮਦ ਹੁੰਦੀ ਹੈ ਤਾਂ ਇਹ ਲੋਕ ਪਹਿਲਾਂ ਤੋਂ ਹੀ ਫੋਨ ਕਰ ਦਿੰਦੇ ਹਨ । ਇਸ ਦੀ ਪੁਸ਼ਟੀ ਕਰਦਿਆਂ ਚੌਂਕੀ ਇੰਚਾਰਜ ਯਾਦਵਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਨਾਨਗਰਾ ਜੋਨ ਦੇ ਵਿੱਚ ਨਾਜਾਇਜ਼ ਮਾਈਨਿੰਗ ਹੋ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਉਹਨਾਂ ਵੱਲੋਂ ਦੋ ਟੀਮਾਂ ਬਣਾ ਕੇ ਜਦੋਂ ਛਾਪੇਮਾਰੀ ਕੀਤੀ ਗਈ ਤਾਂ ਮੌਕੇ ਤੇ ਕੁਝ ਵੀ ਪ੍ਰਾਪਤ ਨਹੀਂ ਹੋਇਆ। ਉਨ੍ਹਾਂ ਨੇ ਕਿਹਾ ਕਿ ਇਲਾਕੇ ਦੇ ਵਿੱਚ ਨਾਜਾਇਜ਼ ਮਾਈਨਿੰਗ ਨੂੰ ਕਿਸੇ ਵੀ ਹਾਲਤ ਵਿੱਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਇਸ ਤੋਂ ਪਹਿਲਾਂ 26 ਸਤੰਬਰ ਨੂੰ ਵੀ ਨਾਜਾਇਜ਼ ਮਾਈਨਿੰਗ ਕਰਦੀਆਂ ਮਸ਼ੀਨਾਂ ਨੂੰ ਫੜ ਕੇ ਪਰਚੇ ਦਰਜ ਕੀਤੇ ਗਏ।