ਐਨਜੀਟੀ ਦੀ ਪਾਬੰਦੀ ਦੇ ਬਾਵਜੂਦ ਐਲਗਰਾਂ, ਭਲਾਣ ਵਿੱਚ ਲਗਾਤਾਰ ਚੱਲ ਰਹੀ ਹੈ ਨਜਾਇਜ ਮਾਈਨਿੰਗ ਐਨਜੀਟੀ ਦੀ ਪਾਬੰਦੀ ਦੇ ਬਾਵਜੂਦ ਐਲਗਰਾਂ, ਭਲਾਣ ਵਿੱਚ ਲਗਾਤਾਰ ਚੱਲ ਰਹੀ ਹੈ ਨਜਾਇਜ ਮਾਈਨਿੰਗ
Publish Date: Thu, 23 Jul 2026 04:59 PM (IST)
Updated Date: Thu, 23 Jul 2026 05:01 PM (IST)
ਕੁਲਵਿੰਦਰ ਭਾਟੀਆ, ਪੰਜਾਬੀ ਜਾਗਰਣ ਨੰਗਲ : ਬਰਸਾਤਾਂ ਦੇ ਕਾਰਨ ਭਾਵੇਂ ਨੈਸ਼ਨਲ ਗਰੀਨ ਟ੍ਰਿਬਿਊਨਲ ਵੱਲੋਂ ਇਲਾਕੇ ਦੇ ਵਿੱਚ ਮਾਈਨਿੰਗ ਤੇ ਪੂਰੀ ਤਰ੍ਹਾਂ ਨਾਲ ਪਾਬੰਦੀ ਲਗਾਈ ਹੋਈ ਹੈ, ਪਰ ਨਾ ਤਾਂ ਇਲਾਕੇ ਵਿੱਚੋਂ ਮਾਈਨਿੰਗ ਹੀ ਬੰਦ ਹੋਈ ਹੈ ਅਤੇ ਨਾ ਹੀ ਕਰੈਸ਼ਰਾਂ ਤੇ ਮਾਲ ਪੀੜਨਾ ਬੰਦ ਹੋਇਆ ਹੈ। ਜੇਕਰ ਸੂਤਰਾਂ ਦੀ ਮੰਨੀਏ ਤਾਂ ਬੀਤੀ ਰਾਤ ਵੀ ਭਲਾਣ ਦੇ ਵਿੱਚ ਮਸ਼ੀਨਾਂ ਲਗਾ ਕੇ ਚਲਦੇ ਪਾਣੀ ਵਿੱਚ ਨਜਾਇਜ਼ ਮਾਈਨਿੰਗ ਕੀਤੀ ਗਈ ਅਤੇ ਇਹ ਮਾਈਨਿੰਗ ਕੋਈ ਹੋਰ ਨਹੀਂ ਕਰਦਾ ਸਗੋਂ ਨਾਲ ਲੱਗਦੇ ਕਥਿਤ ਤੌਰ ਤੇ ਕਰੈਸ਼ਰਾਂ ਵਾਲਿਆਂ ਵੱਲੋਂ ਕੀਤੀ ਜਾਂਦੀ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਵਿਭਾਗ ਕੁੰਭ ਕਰਨੀ ਨੀਂਦ ਸੁੱਤਾ ਹੋਇਆ ਹੈ। ਜੇਕਰ ਇਹਨਾਂ ਕਰੈਸ਼ਰਾਂ ਦੇ ਕੱਚੇ ਮਾਲ ਦੇ ਬਿੱਲ ਚੈੱਕ ਕੀਤੇ ਜਾਣ ਤਾਂ ਉਹ ਨੌ ਬਰ ਨੌ ਮਿਲਦੇ ਹਨ, ਪਰ ਜੇਕਰ ਮਾਲ ਦੀ ਗੱਲ ਕੀਤੀ ਜਾਵੇ ਤਾਂ ਮਾਲ ਉਹਨਾਂ ਬਿੱਲਾਂ ਦੇ ਮੁਤਾਬਿਕ ਕਦੀ ਵੀ ਪੂਰਾ ਨਹੀਂ ਹੁੰਦਾ ਅਤੇ ਇਹ ਕਰੈਸ਼ਰ ਮਾਲਕ ਆਲੇ ਦੁਆਲੇ ਦੇ ਕੁਝ ਆਪਣੇ ਹੀ ਇਲਾਕੇ ਦੇ ਦੁਸ਼ਮਣ ਬਣੇ ਕਾਲੀਆਂ ਭੇਡਾਂ ਬਣ ਕੇ ਮਾਈਨਿੰਗ ਕਰਵਾਉਣ ਵਾਲੇ ਲੋਕਾਂ ਨਾਲ ਮਿਲ ਕੇ ਰਾਤ ਨੂੰ ਮਸ਼ੀਨਾਂ ਲਗਾ ਕੇ ਮਾਲ ਭਰਦੇ ਹਨ ਅਤੇ ਇਹਨਾਂ ਕਰੈਸ਼ਰਾਂ ਤੱਕ ਪੁੱਜ ਜਾਂਦਾ ਹੈ । ਦੂਸਰੇ ਪਾਸੇ ਭਾਵੇਂ ਮਾਈਨਿੰਗ ਬੰਦ ਹੈ, ਪਰ ਸੜਕਾਂ ਤੇ ਦਨਾ ਦਨ ਰੇਤਾ ਭਰ ਕੇ ਜਾਂਦੇ ਟਿੱਪਰ ਆਮ ਹੀ ਵੇਖੇ ਜਾ ਸਕਦੇ ਹਨ। ਹਿਮਾਚਲ ਪ੍ਰਦੇਸ਼ ਦੇ ਵਿੱਚ ਵੀ ਮਾਈਨਿੰਗ ਤੇ ਕੁਝ ਪਾਬੰਦੀਆਂ ਲੱਗੀਆਂ ਹੋਈਆਂ ਹਨ, ਪਰ ਫਿਰ ਵੀ ਪੰਜਾਬ ਦੇ ਕੋਨਿਆਂ ਚੋਂ ਨਿਕਲਦੇ ਇਹਨਾਂ ਟਰੱਕਾਂ ਨੂੰ ਹਿਮਾਚਲ ਦੇ ਝੂਠੇ ਬਿਲ ਲਗਾ ਕੇ ਪਾਰ ਲੰਘਾਇਆ ਜਾ ਰਿਹਾ ਹੈ ਅਤੇ ਜੇਕਰ ਸੂਤਰਾਂ ਦੀ ਮੰਨੀਏ ਤਾਂ ਇਹ ਕਰੋੜਾਂ ਅਰਬਾਂ ਨਹੀਂ ਸਗੋਂ ਖਰਬਾਂ ਰੁਪਏ ਦਾ ਸਰਕਾਰ ਨੂੰ ਚੂਨਾ ਲਗਾਇਆ ਜਾ ਰਿਹਾ ਹੈ ਅਤੇ ਸਭ ਕੁਝ ਨਕਲੀ ਬਿੱਲਾਂ ਤੇ ਚੱਲ ਰਿਹਾ ਹੈ। ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਬੀਤੇ ਦਿਨੀ ਆਨਲਾਈਨ ਫੀਸਾਂ ਭਰਵਾਉਣ ਵਾਲੇ ਅਜਿਹੇ ਇੱਕ ਗਰੋਹ ਦਾ ਵੀ ਪੜਦਾ ਫਾਸ਼ ਹੋਇਆ ਸੀ । ਇਸ ਤੋਂ ਪਹਿਲਾਂ ਇਸ ਮਾਈਨਿੰਗ ਮਾਫੀਏ ਵੱਲੋਂ ਐਲਗਰਾ, ਭਲਾਣ, ਨਾਨਗਰਾਂ, ਮਜਾਰੀ ਅਤੇ ਨਾਲ ਲੱਗਦੇ ਲਗਭਗ 10 ਪਿੰਡਾਂ ਦੀਆਂ ਚਰਾਂਦਾਂ ਨੂੰ ਸ਼ਰੇਆਮ ਪੁੱਟ ਦਿੱਤਾ ਗਿਆ ਅਤੇ ਅੱਜ ਤੱਕ ਕਿਸੇ ਵਿਭਾਗ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ। ਉੱਘੇ ਗੋਤਾਖੋਰ ਕਮਲਪ੍ਰੀਤ ਸੈਣੀ ਤੇ ਹਮਲਾ ਵੀ ਇਸੇ ਹੀ ਲੜੀ ਦਾ ਇੱਕ ਹਿੱਸਾ ਸੀ ਜੋ ਕਿ ਪਿੰਡ ਵਾਲਿਆਂ ਦੀ ਮਦਦ ਦੇ ਨਾਲ ਇਸ ਹੋ ਰਹੀ ਨਜਾਇਜ਼ ਮਾਈਨਿੰਗ ਨੂੰ ਰੋਕਣ ਲਈ ਗਿਆ ਸੀ। ਅਜਿਹਾ ਨਹੀਂ ਹੈ ਕਿ ਇਸ ਹੋ ਰਹੀ ਨਜਾਇਜ ਮਾਈਨਿੰਗ ਨੂੰ ਪਿੰਡਾਂ ਵਾਲੇ ਨਹੀਂ ਰੋਕਦੇ । ਪਹਿਲਾਂ ਪਹਿਲ ਦਾ ਧਰਨੇ ਲੱਗਣ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਅਤੇ ਸਿਵਲ ਪ੍ਰਸ਼ਾਸਨ ਮਿਲ ਕੇ ਲੋਕਾਂ ਦੇ ਦਬਾਅ ਦੇ ਚੱਲਦਿਆਂ ਮਾਈਨਿੰਗ ਨੂੰ ਬੰਦ ਕਰਵਾ ਦਿੰਦਾ ਸੀ ਪਰ ਹੁਣ ਮਾਈਨਿੰਗ ਮਾਫੀਆ ਅਸਲੇ ਦੇ ਨਾਲ ਲੈਸ ਹੋ ਕੇ ਆਉਂਦਾ ਹੈ ਅਤੇ ਕਈ ਵਾਰ ਪਿੰਡ ਵਾਲਿਆਂ ਨਾਲ ਟਕਰਾ ਹੁੰਦਾ ਹੁੰਦਾ ਬਚਿਆ ਹੈ ਇਹ ਇਲਾਕੇ ਦੇ ਲੋਕਾਂ ਦੀ ਮੰਗ ਹੈ ਇਸ ਹੋ ਰਹੀ ਨਜਾਇਜ਼ ਮਾਈਨਿੰਗ ਨੂੰ ਰੋਕਿਆ ਜਾਵੇ ਕਿਉਂਕਿ ਇਸ ਦਾ ਸੰਤਾਪ ਇਸ ਇਲਾਕੇ ਦੇ ਲੋਕ ਹੀ ਭੋਗ ਰਹੇ ਹਨ ਅਤੇ ਉਹ ਦਿਨ ਦੂਰ ਨਹੀਂ ਜਦੋਂ ਨਕਸ਼ੇ ਦੇ ਉੱਤੋਂ ਭਲਾਣ ਅਤੇ ਇਸਦੇ ਨਾਲ ਲਗਦੇ ਪਿੰਡਾਂ ਦਾ ਨਾਮ ਹੀ ਮਿਟ ਜਾਵੇਗਾ। ਅਣਪਛਾਤੀਆ ਮਸ਼ੀਨਾਂ ਅਤੇ ਅਣਪਛਾਤੇ ਬੰਦੇ ਪ੍ਰਸ਼ਾਸਨ ਦੀ ਮਿਲੀ ਭੁਗਤ ਇਸ ਗੱਲ ਤੋਂ ਸਾਫ ਜਾਹਿਰ ਹੈ ਕਿ ਪਿਛਲੇ ਲੰਬੇ ਅਰਸੇ ਤੋਂ ਥਾਣਿਆਂ ਦੇ ਵਿੱਚ ਪਰਚੇ ਅਣਪਛਾਤੀਆਂ ਮਸ਼ੀਨਾਂ ਤੇ ਅਣਪਛਾਤੇ ਬੰਦਿਆਂ ਤੇ ਹੁੰਦੇ ਹਨ ਅਤੇ ਅੱਜ ਤੱਕ ਜਾਂਚ ਤੋਂ ਬਾਅਦ ਕਦੀ ਵੀ ਨਾ ਬੰਦਿਆਂ ਦੀ ਅਤੇ ਨਾ ਹੀ ਮਸ਼ੀਨਾਂ ਅਤੇ ਟਿੱਪਰਾਂ ਦੇ ਮਾਲਕਾਂ ਦੀ ਸ਼ਨਾਖਤ ਹੋ ਸਕੀ ਹੈ । ਸੂਤਰਾਂ ਦੀ ਮੰਨੀਏ ਤਾਂ ਇਹ ਪਰਚੇ ਸਿਰਫ ਲੋਕਾਂ ਨੂੰ ਦਿਖਾਉਣ ਦੇ ਲਈ ਹੀ ਕੀਤੇ ਜਾਂਦੇ ਹਨ ਅਤੇ ਕੁਝ ਵਕਫੇ ਬਾਅਦ ਕਾਗਜੀ ਕਾਰਵਾਈ ਪੂਰੀ ਕਰਕੇ ਹੀ ਪਰਚੇ ਰੱਦ ਕਰ ਦਿੱਤੇ ਜਾਂਦੇ ਹਨ। ਕਾਂਗਰਸ ਦੀ ਚੁੱਪੀ ਲੋਕਾਂ ਵਿੱਚ ਬਣੀ ਸਵਾਲ ਅਜਿਹਾ ਨਹੀਂ ਕਿ ਇਸ ਨਜਾਇਜ਼ ਮਾਈਨਿੰਗ ਦੇ ਖਿਲਾਫ ਮੁੱਖ ਵਿਰੋਧੀ ਧਿਰ ਕਾਂਗਰਸ ਵੱਲੋਂ ਕੋਈ ਆਵਾਜ਼ ਨਹੀਂ ਉਠਾਈ ਜਾਂਦੀ । ਕੁਝ ਮਹੀਨੇ ਪਹਿਲਾਂ ਕਾਂਗਰਸੀਆਂ ਵੱਲੋਂ ਸ੍ਰੀ ਆਨੰਦਪੁਰ ਸਾਹਿਬ ਵਿੱਚ ਹਜ਼ਾਰਾਂ ਲੋਕਾਂ ਦਾ ਇਕ ਇਕੱਠ ਕਰਕੇ ਵੱਡਾ ਧਰਨਾ ਦਿੱਤਾ ਗਿਆ ਸੀ ਅਤੇ ਮਾਈਨਿੰਗ ਕਰਨ ਵਾਲੇ ਲੋਕਾਂ ਤੇ ਸਰਕਾਰ ਨੂੰ ਵਾਰਨਿੰਗ ਵੀ ਦਿੱਤੀ ਗਈ ਸੀ ਕਿ ਜੇਕਰ ਮਾਈਨਿੰਗ ਨਾ ਬੰਦ ਕੀਤੀ ਗਈ ਤਾਂ ਅਗਲੇ ਹਫਤੇ ਇਸ ਤੋਂ ਵੀ ਵੱਡਾ ਧਰਨਾ ਲਾ ਕੇ ਸੜਕਾਂ ਨੂੰ ਜਾਮ ਕਰ ਦਿੱਤਾ ਜਾਵੇਗਾ। ਪਰ ਫਿਰ ਪਤਾ ਨਹੀਂ ਉਸ ਤੋਂ ਬਾਅਦ ਕਦੀ ਵੀ ਕਾਂਗਰਸ ਪਾਰਟੀ ਵੱਲੋਂ ਅਜਿਹਾ ਕੋਈ ਧਰਨਾ ਜਾਂ ਫਿਰ ਅਜਿਹੀ ਕੋਈ ਵੱਡੀ ਮਾਈਨਿੰਗ ਮਾਫੀਆ ਦੇ ਖਿਲਾਫ ਆਵਾਜ਼ ਨਹੀਂ ਉਠਾਈ ਗਈ। ਕੀ ਕਹਿੰਦੇ ਹਨ ਮਾਈਨਿੰਗ ਵਿਭਾਗ ਦੇ ਐਸਡੀਓ ਇਸ ਸਬੰਧੀ ਜਦੋਂ ਐਸਡੀਓ ਮਾਈਨਿੰਗ ਨਰਿੰਦਰ ਕੁਮਾਰ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਬੀਤੀ ਰਾਤ ਭਲਾਣ ਖੇਤਰ ਵਿੱਚ ਮਸ਼ੀਨਾਂ ਲੱਗਣ ਦੀ ਉਹਨਾਂ ਨੂੰ ਜਾਣਕਾਰੀ ਹਾਸਲ ਹੋਈ ਸੀ ਅਤੇ ਜਦੋਂ ਮੌਕੇ ਤੇ ਮਾਈਨਿੰਗ ਵਿਭਾਗ ਦੀਆਂ ਟੀਮਾਂ ਭੇਜੀਆਂ ਤਾਂ ਉਥੋਂ ਦੀ ਕਥਿਤ ਮਾਈਨਿੰਗ ਮਾਫੀਆ ਦੇ ਲੋਕ ਭਰ ਚੁੱਕੇ ਸਨ ਉਹਨਾਂ ਨੇ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਜਾਂਚ ਤੋਂ ਬਾਅਦ ਹੀ ਅਗਲੀ ਕਾਰਵਾਈ ਅਮਲ ਵਿੱਚ ਲਿਆਉਂਦੀ ਜਾਵੇਗੀ।