
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਨਜਾਇਜ਼ ਮਾਈਨਿੰਗ ਕਰਨ ਵਾਲਿਆਂ ਨੇ ਲੱਭਿਆ ਨਵਾਂ ਤਰੀਕਾ

ਮਾਈਨਿੰਗ ਮਾਫ਼ੀਆ ਨੇ ਲੱਭਿਆ ਨਵਾਂ ਤਰੀਕਾ, ਹਿਮਾਚਲ ਦੇ ਫ਼ਰਜ਼ੀ ਬਿੱਲ ਬਣਵਾ ਕੇ ਪੰਜਾਬ ’ਚ ਚਲਾਉਂਦੇ ਨੇ ਗੱਡੀਆਂ
ਕੁਲਵਿੰਦਰ ਭਾਟੀਆ, ਪੰਜਾਬੀ ਜਾਗਰਣ
ਨੰਗਲ : ਸਰਕਾਰ ਵੱਲੋਂ ਵਾਰ-ਵਾਰ ਐਲਾਨ ਕੀਤਾ ਜਾ ਰਿਹਾ ਹੈ ਕਿ ਬਰਸਾਤਾਂ ਦੇ ਦਿਨਾਂ ’ਚ ਕਿਸੇ ਤਰ੍ਹਾਂ ਦੀ ਮਾਈਨਿੰਗ ਨਹੀਂ ਹੋ ਰਹੀ। ਇਕ ਪਾਸੇ ਜਿੱਥੇ ਸਰਕਾਰ ਇਸ ਨਾਜਾਇਜ਼ ਮਾਈਨਿੰਗ ਨੂੰ ਰੋਕ ਨਹੀਂ ਪਾ ਰਹੀ, ਉੱਥੇ ਦੂਸਰੇ ਪਾਸੇ ਹੁਣ ਹਿਮਾਚਲ ਪ੍ਰਦੇਸ਼ ਦੇ ਜਾਅਲੀ ਬਿੱਲਾਂ ਨਾਲ ਸਰਕਾਰ ਨੂੰ ਕਰੋੜਾਂ ਰੁਪਏ ਦਾ ਕਥਿਤ ਤੌਰ ’ਤੇ ਰੋਜ਼ਾਨਾ ਚੂਨਾ ਲਗਾਇਆ ਜਾ ਰਿਹਾ ਹੈ। ਦੱਸਣਾ ਬਣਦਾ ਹੈ ਕਿ ਨੰਗਲ ਸ਼ਹਿਰ ਇਕ ਸਰਹੱਦੀ ਇਲਾਕਾ ਹੈ ਅਤੇ ਇਹ ਬਿਲਕੁਲ ਹਿਮਾਚਲ ਪ੍ਰਦੇਸ਼ ਦੇ ਨਾਲ ਲੱਗਦਾ ਹੈ। ਕਿਉਂਕਿ ਇਲਾਕੇ ਵਿਚ ਨਾਜਾਇਜ਼ ਮਾਈਨਿੰਗ ਬਿਲਕੁਲ ਬੰਦ ਹੈ, ਇਸ ਲਈ ਟਿੱਪਰਾਂ ਦੀ ਆਵਾਜਾਈ ਵੀ ਸੰਭਵ ਨਹੀਂ ਹੈ।
ਹੁਣ ਨਾਜਾਇਜ਼ ਮਾਈਨਿੰਗ ਕਰਨ ਵਾਲਿਆਂ ਨੇ ਕਥਿਤ ਤੌਰ ’ਤੇ ਨਵਾਂ ਤਰੀਕਾ ਲੱਭ ਲਿਆ ਹੈ ਕਿ ਉਹ ਆਪਣੀ ਗੱਡੀ ਦੇ ਹਿਮਾਚਲ ਪ੍ਰਦੇਸ਼ ਦੇ ਬਿੱਲ ਬਣਵਾ ਲੈਂਦੇ ਹਨ ਅਤੇ ਇਨ੍ਹਾਂ ਫ਼ਰਜ਼ੀ ਬਿੱਲਾਂ ਦੀ ਵਰਤੋਂ ਕਰ ਕੇ ਰਾਇਲਟੀ ਦੀ ਪਰਚੀ ਕਟਵਾ ਕੇ ਪੰਜਾਬ ਭਰ ’ਚ ਆਪਣੀਆਂ ਗੱਡੀਆਂ ਨੂੰ ਮਾਨਤਾ ਦਿਵਾ ਕੇ ਚਲਾ ਰਹੇ ਹਨ। ਜੇਕਰ ਇਸ ਸਬੰਧੀ ਹੁੰਦੀਆਂ ਸ਼ਿਕਾਇਤਾਂ ’ਤੇ ਨਜ਼ਰ ਮਾਰੀਏ ਤਾਂ ਜ਼ਿਲ੍ਹੇ ਵਿਚ ਸਟੋਨ ਕਰੈਸ਼ਰ ਯੂਨਿਟ ਪੰਜਾਬ ਤੇ ਹਿਮਾਚਲ ਦੇ ਨਾਲ ਲੱਗਦੇ ਖੇਤਰਾਂ ਵਿਚੋਂ ਗੈਰ-ਕਾਨੂੰਨੀ ਤੌਰ ’ਤੇ ਕੱਢੀ ਗਈ ਸਮੱਗਰੀ ਖ਼ਰੀਦ ਰਹੇ ਹਨ। ਉਹ ਇਸ ਸਮੱਗਰੀ ਨੂੰ ਕਾਨੂੰਨੀ ਤੌਰ ’ਤੇ ਖ਼ਰੀਦਿਆ ਦਿਖਾਉਣ ਲਈ ਹਿਮਾਚਲ ਪ੍ਰਦੇਸ਼ ਦੀਆਂ ਰਜਿਸਟਰ ਫਰਮਾਂ ਵੱਲੋਂ ਜਾਰੀ ਕੀਤੇ ਗਏ ਫ਼ਰਜ਼ੀ ਬਿੱਲਾਂ ਦੀ ਵੀ ਵਰਤੋਂ ਕਰ ਰਹੇ ਹਨ। ਇਹ ਮੰਜ਼ਰ ਹਰ ਸ਼ਾਮ ਨੰਗਲ ਡੈਮ ’ਤੇ ਆਮ ਵੇਖਿਆ ਜਾ ਸਕਦਾ ਹੈ। ਸੈਂਕੜਿਆਂ ਦੀ ਤਾਦਾਦ ਵਿਚ ਲੱਗੇ ਟਿੱਪਰ ਤੇ ਮਾਈਨਿੰਗ ਦੀ ਕੱਟੀ ਜਾ ਰਹੀ ਪਰਚੀ ਲੋਕਾਂ ਦੀਆਂ ਅੱਖਾਂ ਵਿਚ ਮਿੱਟੀ ਪਾਉਣ ਤੋਂ ਇਲਾਵਾ ਕੁਝ ਵੀ ਨਹੀਂ ਹੁੰਦੀ।
ਭਰੋਸੇਯੋਗ ਸੂਤਰਾਂ ਨੇ ਦੱਸਿਆ ਕਿ ਅਜਿਹਾ ਨਹੀਂ ਹੈ ਕਿ ਮਾਈਨਿੰਗ ਵਿਭਾਗ ਨੂੰ ਇਸ ਦੀ ਕੋਈ ਜਾਣਕਾਰੀ ਨਹੀਂ ਹੈ। ਉਨ੍ਹਾਂ ਕਿਹਾ ਕਿ ਇਹ ਗੋਰਖਧੰਦਾ ਮਾਈਨਿੰਗ ਵਿਭਾਗ ਦੀ ਮਿਲੀਭੁਗਤ ਨਾਲ ਚੱਲ ਰਿਹਾ ਹੈ ਅਤੇ ਬਕਾਇਦਾ ਮਾਈਨਿੰਗ ਵਿਭਾਗ ਦਾ ਹੀ ਇਕ ਅਧਿਕਾਰੀ ਲਾਲ ਬੱਤੀ ਵਾਲੀ ਗੱਡੀ ਵਿਚ ਇਨ੍ਹਾਂ ਦੀਆਂ ਪਰਚੀਆਂ ਕੱਟਣ ਆਉਂਦਾ ਹੈ। ਇੱਥੇ ਹੀ ਬਸ ਨਹੀਂ, ਇਨ੍ਹਾਂ ਖੜ੍ਹੇ ਟਿੱਪਰਾਂ ’ਚ ਬਹੁਤ ਸਾਰੇ ਟਿੱਪਰਾਂ ’ਤੇ ਨੰਬਰ ਹੀ ਨਹੀਂ ਹੁੰਦੇ। ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਇਕ ਅਜਿਹੀ ਆਨਲਾਈਨ ਫਰਮ ਵੀ ਫੜੀ ਗਈ ਸੀ ਜਿਹੜੀ ਨਕਲੀ ਤੌਰ ’ਤੇ ਬਿੱਲ ਕੱਟ ਰਹੀ ਸੀ ਅਤੇ ਇਸ ਫ਼ਰਜ਼ੀਵਾੜੇ ਵਿਚ ਕਈ ਵਿਅਕਤੀਆਂ ਦੀ ਪੁਲਿਸ ਵੱਲੋਂ ਮਾਮਲਾ ਦਰਜ ਕਰ ਕੇ ਗ੍ਰਿਫ਼ਤਾਰੀ ਵੀ ਕੀਤੀ ਗਈ ਸੀ।
ਇਸ ਸਬੰਧੀ ਕੋਈ ਜਾਣਕਾਰੀ ਨਹੀਂ ਹੈ : ਐੱਸਡੀਓ
ਜਦੋਂ ਐੱਸਡੀਓ ਮਾਈਨਿੰਗ ਵਿਭਾਗ ਨਰਿੰਦਰ ਕੁਮਾਰ ਨਾਲ ਇਸ ਬਾਰੇ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਅਜਿਹੇ ਬਿੱਲਾਂ ’ਤੇ ਆ ਰਹੀਆਂ ਗੱਡੀਆਂ ਸਬੰਧੀ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ ਹੈ ਅਤੇ ਜੇਕਰ ਤੁਸੀਂ ਦੱਸਿਆ ਹੈ ਤਾਂ ਇਸ ਦੀ ਜਾਂਚ ਕੀਤੀ ਜਾਵੇਗੀ। ਜਦੋਂ ਉਨ੍ਹਾਂ ਨੂੰ ਇਹ ਸਵਾਲ ਪੁੱਛਿਆ ਗਿਆ ਕਿ ਜਿਹੜੇ ਟਿੱਪਰ ਬਿਨਾਂ ਨੰਬਰਾਂ ਤੋਂ ਖੜ੍ਹੇ ਹੁੰਦੇ ਹਨ, ਉਨ੍ਹਾਂ ਦੀ ਪਰਚੀ ਕਿਵੇਂ ਕੱਟੀ ਜਾਂਦੀ ਹੈ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਆਰਸੀ ਨੂੰ ਦੇਖ ਕੇ ਉਨ੍ਹਾਂ ਦੀ ਪਰਚੀ ਕੱਟ ਲਈ ਜਾਂਦੀ ਹੈ। ਉਨ੍ਹਾਂ ਨੇ ਸਾਰੇ ਮਾਮਲੇ ਦੀ ਜਾਂਚ ਕਰਨ ਦਾ ਭਰੋਸਾ ਵੀ ਦਿੱਤਾ।
ਅੱਧੀ ਦਰਜਨ ਬਿਨਾਂ ਨੰਬਰੀ ਟਰੱਕਾਂ ਦੇ ਚਲਾਨ ਕੀਤੇ ਗਏ : ਡੀਐੱਸਪੀ
ਇਸ ਸਬੰਧੀ ਜਦੋਂ ਡੀਐੱਸਪੀ ਨੰਗਲ ਨਵੀਨ ਪਾਲ ਸਿੰਘ ਲਹਿਲ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਅਜਿਹਾ ਕੋਈ ਮਾਮਲਾ ਉਹਨਾਂ ਦੀ ਜਾਣਕਾਰੀ ਵਿਚ ਨਹੀਂ ਹੈ ਕਿ ਜਾਅਲੀ ਬਿੱਲਾਂ ਨਾਲ ਗੱਡੀਆਂ ਆ ਰਹੀਆਂ ਹਨ ਅਤੇ ਨਾ ਹੀ ਮਾਈਨਿੰਗ ਵਿਭਾਗ ਵੱਲੋਂ ਅਜਿਹੀ ਕੋਈ ਜਾਣਕਾਰੀ ਪੁਲਿਸ ਨੂੰ ਮੁਹੱਈਆ ਕਰਵਾਈ ਗਈ ਹੈ। ਉਨ੍ਹਾਂ ਕਿਹਾ ਕਿ ਇਹ ਗੱਲ ਬਿਲਕੁਲ ਠੀਕ ਹੈ ਕਿ ਕੁਝ ਟਿੱਪਰ ਬਿਨਾਂ ਨੰਬਰਾਂ ਤੋਂ ਵੀ ਹੁੰਦੇ ਹਨ ਅਤੇ ਪਿਛਲੇ ਦਿਨਾਂ ’ਚ ਲਗਭਗ ਅੱਧੀ ਦਰਜਨ ਤੋਂ ਵੱਧ ਬਿਨਾਂ ਨੰਬਰਾਂ ਵਾਲੇ ਟਿੱਪਰਾਂ ਦੇ ਚਲਾਨ ਵੀ ਕੀਤੇ ਗਏ ਹਨ।