ਆਈਈਟੀ. ਭੱਦਲ ਟੈਕਨੀਕਲ ਕੈਂਪਸ ਨੇ 29ਵਾਂ ਸਥਾਪਨਾ ਦਿਵਸ ਮਨਾਇਆ ਆਈਈਟੀ. ਭੱਦਲ ਟੈਕਨੀਕਲ ਕੈਂਪਸ ਨੇ 29ਵਾਂ ਸਥਾਪਨਾ ਦਿਵਸ ਮਨਾਇਆ
Publish Date: Tue, 24 Nov 2026 04:14 PM (IST)
Updated Date: Tue, 24 Nov 2026 04:16 PM (IST)
ਸਟਾਫ਼ ਰਿਪੋਰਟਰ,ਪੰਜਾਬੀ ਜਾਗਰਣ,ਰੂਪਨਗਰ: ਆਈਈਟੀ ਭੱਦਲ ਟੈਕਨੀਕਲ ਕੈਂਪਸ ਨੇ ਆਪਣਾ 29ਵਾਂ ਸਥਾਪਨਾ ਦਿਵਸ ਮਨਾਇਆ। ਇਸ ਮੌਕੇ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਪਾਏ ਗਏ। ਉਪਰੰਤ ਵਿਦਿਆਰਥੀਆਂ, ਮਾਪਿਆਂ, ਸਟਾਫ਼ ਤੇ ਇਲਾਕੇ ਦੀ ਤੰਦਰੁਸਤੀ ਤੇ ਖੁਸ਼ਹਾਲੀ ਲਈ ਅਰਦਾਸ ਕੀਤੀ ਗਈ। ਇਸ ਮੌਕੇ ਕਾਲਜ ਦੇ ਚੇਅਰਮੈਨ ਤਜਿੰਦਰ ਸਿੰਘ ਨੇ ਕਾਲਜ ਦੇ ਸ਼ਾਨਦਾਰ 28 ਸਾਲ ਪੂਰੇ ਹੋਣ ਦੀ ਖੁਸ਼ੀ ’ਚ ਸਾਰਿਆ ਨੂੰ ਵਧਾਈ ਦਿੱਤੀ ਤੇ ਵੱਖ-ਵੱਖ ਤਰ੍ਹਾਂ ਦੇ ਬੂਟੇ ਲਗਾਂ ਕੇ ਵਾਤਾਵਰਣ ਨੂੰ ਬਚਾਉਣ ਸੰਬੰਧੀ ਵਿਦਿਆਰਥੀਆਂ ਨੂੰ ਜਾਗਰੂਕ ਵੀ ਕੀਤਾ। ਆਈਈਟੀ. ਭੱਦਲ ਟੈਕਨੀਕਲ ਕੈਂਪਸ ਦੇ ਡਾਇਰੈਕਟਰ ਕੈਂਪਸ ਡਾ. ਐਸ.ਐਸ. ਬਿੰਦਰਾ ਵੱਲੋਂ ਸਮੂਹ ਸਟਾਫ਼ ਤੇ ਵਿਦਿਆਰਥੀਆਂ ਨੂੰ ਕਾਲਜ ਦੇ 29ਵੇਂ ਸਥਾਪਨਾ ਦਿਵਸ ਦੀ ਵਧਾਈ ਦਿੰਦਿਆਂ ਕਾਲਜ ਦੀਆਂ ਉਪਲੱਬਧੀਆਂ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਕਾਲਜ ਦੇ ਫਾਊਂਡਰ ਚੇਅਰਮੈਨ ਇੰਜ. ਗੁਰਚਰਨ ਸਿੰਘ ਵੱਲੋਂ ਲਗਾਇਆ ਗਿਆ ਇਹ ਬੂਟਾ ਅੱਜ ਇੱਕ ਫ਼ਲਦਾਰ ਦਰਖਤ ਬਣ ਚੁੱਕਾ ਹੈ ਤੇ ਪਿਛਲੇ 28 ਸਾਲ ਤੋਂ ਕੰਡੀ ਇਲਾਕੇ ਦੀ ਸੇਵਾ ਕਰਦਾ ਆ ਰਿਹਾ ਹੈ। ਇਸ ਮੌਕੇ ਗਰੁੱਪ ਡਾਇਰੈਕਟਰ ਅਕਾਦਮਿਕ ਡਾ. ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਕੈਂਪਸ ਦੀ ਸ਼ੁਰੂਆਤ ਬੀ.ਟੈੱਕ ਕੋਰਸ ਨਾਲ ਕੀਤੀ ਗਈ ਸੀ, ਪਰੰਤੂ ਸਮੇਂ ਦੇ ਨਾਲ-2 ਇਨ੍ਹਾਂ ਕੋਰਸਾਂ ’ਚ ਵਾਧਾ ਕੀਤਾ ਜਾਂਦਾ ਰਿਹਾ ਤੇ ਅੱਜ ਇਸ ਕੈਂਪਸ ’ਚ ਐੱਮਟੈੱਕ, ਐੱਮਬੀਏ., ਐੱਮਸੀਏ., ਐੱਮ. ਆਰਚੀਟੈਕਚਰ, ਬੀ.ਆਰਚੀਟੈਕਚਰ, ਬੀ.ਟੈੱਕ, ਬੀ.ਫਾਰਮੈਸੀ, ਬੀ-ਐੱਚ.ਐੱਮ.ਸੀ.ਟੀ, ਬੀ.ਬੀ.ਏ., ਬੀ.ਸੀ.ਏ., ਬੀ.ਕਾਮ, ਬੀ.ਐੱਸ.ਸੀ –ਐਮ.ਐਲ.ਐਸ ਤੋਂ ਇਲਾਵਾ ਡਿਪਲੋਮਾ ਕੋਰਸ ਵੀ ਚਲਾਏ ਜਾ ਰਹੇ। ਉਨ੍ਹਾਂ ਦੱਸਿਆਂ ਭਵਿੱਖ ’ਚ ਮੈਨੇਜਮੈਂਟ ਵੱਲੋਂ ਹੋਰ ਨਵੇਂ ਕੋਰਸਾਂ ਦੀ ਸ਼ੁਰੂਆਤ ਕਰਨ ਦੀ ਯੋਜਨਾ ਹੈ। ਇਸ ਮੌਕੇ ਕਾਲਜ ਦੇ ਡੀਨ ਅਕਾਦਮਿਕ ਵਿਸ਼ਾਲ ਅਰੌੜਾ ਨੇ ਕਾਲਜ ਵੱਲੋਂ ਵਿਦਿਆਰਥੀਆਂ ਲਈ ਚਲਾਈਆਂ ਜਾ ਰਹੀਆਂ ਵੱਖ-2 ਸਕਾਲਰਸ਼ੀਪਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਇਸ ਮੌਕੇ ਡਾ. ਨਦੀਮ ਖਾਨ, ਡਾ. ਕੰਚਨ ਸ਼ਰਮਾਂ, ਆਰਚੀਟੈਕਟਰ ਗੁਰਪ੍ਰੀਤ ਸਿੰਘ, ਉਂਕਾਰ ਸਿੰਘ, ਭਵਨਪ੍ਰੀਤ ਕੌਰ, ਨਿਲੇਸ਼ਵਰ ਟਾਕ ਆਦਿ ਹਾਜ਼ਰ ਸਨ। ਅੰਤ ’ਚ ਸਮੂਹ ਸਟਾਫ਼ ਤੇ ਵਿਦਿਆਰਥੀਆਂ ਵੱਲੋਂ ਲੰਗਰ ਛੱਕਿਆ ਗਿਆ।