21ਵੇਂ ਅਸ਼ਟਮੀ ਕੰਨਿਆ ਪੂਜਨ ਸਮਾਗਮ ਦੀ ਸਮਾਪਤੀ ਮੌਕੇ ਮੂਰਤੀ ਵਿਸਰਜਨ ਨਵ ਦੁਰਗਾ ਪੂਜਨ ਸੰਮਤੀ ਵੱਲੋਂ 21ਵੇਂ ਅਸ਼ਟਮੀ ਕੰਨਿਆ ਪੂਜਨ ਸਮਾਗਮ ਦੀ ਸਮਾਪਤੀ ਮੌਕੇ ਮੂਰਤੀ ਵਿਸਰਜਨ
Publish Date: Wed, 21 Oct 2026 05:45 PM (IST)
Updated Date: Wed, 21 Oct 2026 05:45 PM (IST)
ਜਗਦੀਸ਼ ਚੰਦਰ ਕਾਜਲਾ ਤੇ ਐਡਵੋਕੇਟ ਅਭਿਮਨਿਊ ਸਿੰਘ ਰਾਣਾ ਨੇ ਪ੍ਰਾਪਤ ਕੀਤਾ ਆਸ਼ੀਰਵਾਦ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ,ਰੂਪਨਗਰ: ਨਵ ਦੁਰਗਾ ਪੂਜਨ ਸੰਮਤੀ ਗਿਆਨੀ ਜ਼ੈਲ ਸਿੰਘ ਨਗਰ, ਰੂਪਨਗਰ ਵੱਲੋਂ 21ਵੇਂ ਅਸ਼ਟਮੀ ਕੰਨਿਆ ਪੂਜਨ ਸਮਾਗਮ ਦੇ ਆਖ਼ਰੀ ਦਿਨ ਮੂਰਤੀ ਵਿਸਰਜਨ ਮੌਕੇ ਧਾਰਮਿਕ ਸ਼ਰਧਾ ਅਤੇ ਉਤਸ਼ਾਹ ਨਾਲ ਸਮਾਗਮ ਕਰਵਾਇਆ ਗਿਆ। ਇਸ ਮੌਕੇ ਭਾਰਤੀ ਜਨਤਾ ਪਾਰਟੀ ਰੋਪੜ ਸਰਕਲ ਦੇ ਪ੍ਰਧਾਨ ਜਗਦੀਸ਼ ਚੰਦਰ ਕਾਜਲਾ ਅਤੇ ਐਡਵੋਕੇਟ ਅਭਿਮਨਿਊ ਸਿੰਘ ਰਾਣਾ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ ਅਤੇ ਮਹਾਂਮਾਈ ਦੇ ਚਰਨਾਂ ਵਿਚ ਨਤਮਸਤਕ ਹੋ ਕੇ ਆਸ਼ੀਰਵਾਦ ਪ੍ਰਾਪਤ ਕੀਤਾ। ਇਸ ਮੌਕੇ ਸੰਮਤੀ ਦੇ ਪ੍ਰਬੰਧਕ ਅਨਿਲ ਕੁਮਾਰ ਸਿੰਘ ਵੱਲੋਂ ਐਡਵੋਕੇਟ ਅਭਿਮਨਿਊ ਸਿੰਘ ਰਾਣਾ ਅਤੇ ਸਰਕਲ ਪ੍ਰਧਾਨ ਜਗਦੀਸ਼ ਚੰਦਰ ਕਾਜਲਾ ਨੂੰ ਸਨਮਾਨਿਤ ਕੀਤਾ ਗਿਆ। ਉਨ੍ਹਾਂ ਨੇ ਦੋਵਾਂ ਸ਼ਖ਼ਸੀਅਤਾਂ ਦੀ ਸਮਾਜ ਪ੍ਰਤੀ ਵਚਨਬੱਧਤਾ ਅਤੇ ਲੋਕ ਸੇਵਾ ਦੇ ਕਾਰਜਾਂ ਦੀ ਸ਼ਲਾਘਾ ਕੀਤੀ। ਅਨਿਲ ਕੁਮਾਰ ਸਿੰਘ ਨੇ ਐਡਵੋਕੇਟ ਅਭਿਮਨਿਊ ਸਿੰਘ ਰਾਣਾ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਉਹ ਸਿੱਖਿਆ ਦੇ ਖੇਤਰ ’ਚ ਮਹੱਤਵਪੂਰਨ ਯੋਗਦਾਨ ਪਾ ਰਹੇ ਹਨ। ਇਸ ਦੇ ਨਾਲ ਹੀ ਵਕਾਲਤ ਦੇ ਪੇਸ਼ੇ ਨਾਲ ਜੁੜੇ ਹੋਣ ਦੇ ਬਾਵਜੂਦ ਉਹ ਸਮਾਜਿਕ ਗਤੀਵਿਧੀਆਂ ਵਿਚ ਵੀ ਸਰਗਰਮੀ ਨਾਲ ਹਿੱਸਾ ਲੈਂਦੇ ਹਨ ਅਤੇ ਲੋਕਾਂ ਦੀ ਭਲਾਈ ਲਈ ਆਪਣੀ ਭੂਮਿਕਾ ਨਿਭਾਉਂਦੇ ਹਨ। ਉਨ੍ਹਾਂ ਕਿਹਾ ਕਿ ਅਜਿਹੇ ਨੌਜਵਾਨਾਂ ਦਾ ਸਮਾਜ ਨਾਲ ਜੁੜ ਕੇ ਕੰਮ ਕਰਨਾ ਹੋਰਨਾਂ ਲਈ ਵੀ ਪ੍ਰੇਰਣਾ ਦਾ ਸਰੋਤ ਹੈ। ਉਨ੍ਹਾਂ ਨੇ ਭਾਜਪਾ ਰੋਪੜ ਸਰਕਲ ਦੇ ਪ੍ਰਧਾਨ ਜਗਦੀਸ਼ ਚੰਦਰ ਕਾਜਲਾ ਦੀ ਵੀ ਸ਼ਲਾਘਾ ਕਰਦਿਆਂ ਕਿਹਾ ਕਿ ਉਹ ਸੰਗਠਨਾਤਮਕ ਜ਼ਿੰਮੇਵਾਰੀਆਂ ਦੇ ਨਾਲ ਨਾਲ ਧਾਰਮਿਕ ਅਤੇ ਸਮਾਜਿਕ ਸਮਾਗਮਾਂ ਵਿਚ ਵੀ ਸਰਗਰਮ ਭੂਮਿਕਾ ਨਿਭਾ ਰਹੇ ਹਨ। ਇਸ ਮੌਕੇ ਕਾਜਲਾ ਨੇ ਸੰਮਤੀ ਦੇ ਪ੍ਰਬੰਧਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਮਾਤਾ ਰਾਣੀ ਦੀ ਕਿਰਪਾ ਸਾਰਿਆਂ ’ਤੇ ਬਣੀ ਰਹੇ। ਉਨ੍ਹਾਂ ਨੇ ਕਿਹਾ ਕਿ ਅਜਿਹੇ ਧਾਰਮਿਕ ਸਮਾਗਮ ਸਾਡੀ ਸੰਸਕ੍ਰਿਤੀ, ਪਰੰਪਰਾਵਾਂ ਅਤੇ ਆਪਸੀ ਭਾਈਚਾਰੇ ਨੂੰ ਮਜ਼ਬੂਤ ਕਰਦੇ ਹਨ। ਉਨ੍ਹਾਂ ਨੇ ਸਮਾਗਮ ਦੇ ਸਫਲ ਆਯੋਜਨ ਲਈ ਸੰਮਤੀ ਦੇ ਸਮੂਹ ਮੈਂਬਰਾਂ ਨੂੰ ਵਧਾਈ ਦਿੱਤੀ ਅਤੇ ਸਮਾਜ ਵਿਚ ਸੇਵਾ, ਸਦਭਾਵਨਾ ਅਤੇ ਧਾਰਮਿਕ ਸਾਂਝ ਦੀ ਭਾਵਨਾ ਨੂੰ ਅੱਗੇ ਵਧਾਉਣ ਦੀ ਅਪੀਲ ਕੀਤੀ। ਸਮਾਗਮ ਦੌਰਾਨ ਅਨਿਲ ਕੁਮਾਰ ਸਿੰਘ, ਦਿਨੇਸ਼ ਕੁਮਾਰ, ਧਰਮਿੰਦਰ ਸਹੋਤਾ ਐਸਸੀ ਸੈੱਲ ਭਾਜਪਾ ਪ੍ਰਧਾਨ, ਸ਼ੰਭੂ ਯਾਦਵ, ਨਰੇਸ਼ ਕੁਮਾਰ, ਕਮਲੇਸ਼ ਕੁਮਾਰ, ਦੀਪਕ ਕੁਮਾਰ, ਨਿਰੰਜਨ, ਰਾਜੇਸ਼ ਕੁਮਾਰ, ਬੱਬਲੂ ਅਤੇ ਅਨਿਲ ਦਾਸ ਸਮੇਤ ਹੋਰ ਪਤਵੰਤੇ ਸੱਜਣ ਮੌਜੂਦ ਸਨ।