ਇਨਸਾਨੀਅਤ ਪਹਿਲਾਂ ਸੰਸਥਾ ਵੱਲੋਂ ਵੱਖ-ਵੱਖ ਪਿੰਡਾਂ ’ਚ ਮੁਫ਼ਤ ਮੈਡੀਕਲ ਕੈਂਪ ਲਗਾਏ ਇਨਸਾਨੀਅਤ ਪਹਿਲਾਂ ਸੰਸਥਾ ਵੱਲੋਂ ਵੱਖ-ਵੱਖ ਪਿੰਡਾਂ ’ਚ ਮੁਫ਼ਤ ਮੈਡੀਕਲ ਕੈਂਪਾਂ ਦਾ ਆਯੋਜਨ
Publish Date: Sun, 13 Sep 2026 04:54 PM (IST)
Updated Date: Sun, 13 Sep 2026 04:56 PM (IST)
ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਰੂਪਨਗਰ : ਰੂਪਨਗਰ ਦੇ ਪਿੰਡ ਫਤਿਹਪੁਰ, ਪੁਰਖਾਲੀ ਤੇ ਬਿੰਦਰਖ ਵਿਖੇ ਭਾਜਪਾ ਰੂਪਨਗਰ ਤੇ ਸਮਾਜ ਸੇਵੀ ਸੰਸਥਾ ਇਨਸਾਨੀਅਤ ਪਹਿਲਾਂ ਵੱਲੋਂ ਵਿਸ਼ਾਲ ਮੁਫਤ ਮੈਡੀਕਲ ਕੈਂਪ ਲਗਾਏ ਗਏ। ਇਸ ਸਬੰਧੀ ਸੰਸਥਾ ਦੇ ਮੁਖੀ ਭਾਜਪਾ ਜ਼ਿਲ੍ਹਾ ਪ੍ਰਧਾਨ ਅਜੈਵੀਰ ਸਿੰਘ ਲਾਲਪੁਰਾ ਨੇ ਕਿਹਾ ਕਿ ਤੰਦਰੁਸਤ ਲੋਕ, ਖੁਸ਼ਹਾਲ ਰੋਪੜ੍ਹ ਅਤੇ ਤੁਹਾਡੀ ਸਿਹਤ, ਸਾਡੀ ਵਚਨਬੱਧਤਾ ਦੇ ਮਹਾਨ ਟੀਚੇ ਨੂੰ ਮੁੱਖ ਰੱਖਦਿਆਂ ਅਤੇ ਪੇਂਡੂ ਖੇਤਰਾਂ ਵਿਚ ਸਿਹਤ ਸਹੂਲਤਾਂ ਪਹੁੰਚਾਉਣ ਦੇ ਮਕਸਦ ਨਾਲ, ਇਹ ਕੈਂਪ ਲਗਾਏ ਗਏ। ਇਨ੍ਹਾਂ ਕੈਂਪਾਂ ਵਿਚ ਸਵੇਰ ਤੋਂ ਹੀ ਬਜ਼ੁਰਗਾਂ, ਔਰਤਾਂ ਅਤੇ ਬੱਚਿਆਂ ਨੇ ਵੱਡੀ ਗਿਣਤੀ ਵਿਚ ਪਹੁੰਚ ਕੇ ਇਨ੍ਹਾਂ ਮੁਫ਼ਤ ਸਿਹਤ ਸਹੂਲਤਾਂ ਦਾ ਲਾਹਾ ਲਿਆ। ਇਨ੍ਹਾਂ ਕੈਂਪਾਂ ਵਿਚ ਮਾਹਿਰ ਡਾਕਟਰਾਂ ਦੀ ਟੀਮ ਵੱਲੋਂ ਮਰੀਜ਼ਾਂ ਦੀ ਮੁਫ਼ਤ ਸਿਹਤ ਜਾਂਚ ਕੀਤੀ ਗਈ ਅਤੇ ਲੋੜਵੰਦ ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਵੀ ਵੰਡੀਆਂ ਗਈਆਂ। ਇਸ ਦੌਰਾਨ ਡਾਕਟਰਾਂ ਦੀ ਟੀਮ ਵੱਲੋਂ ਲੱਗਭੱਗ 200 ਲੋਕਾਂ ਦਾ ਸਫ਼ਲਤਾਪੂਰਵਕ ਚੈੱਕਅਪ ਕੀਤਾ ਗਿਆ। ਭਾਜਪਾ ਰੂਪਨਗਰ ਵੱਲੋਂ ਪਾਰਟੀ ਦੇ ਮੁੱਖ ਟੀਚੇ ਸੇਵਾ, ਸਮਰਪਣ, ਸੁਸ਼ਾਸਨ ਅਤੇ ਵਿਕਸਿਤ ਰੋਪੜ੍ਹ ਦੀ ਸੋਚ ਹੇਠ ਕਰਵਾਏ ਗਏ ਲੋਕ ਭਲਾਈ ਦੇ ਇਸ ਸ਼ਲਾਘਾਯੋਗ ਉਪਰਾਲੇ ਦੀ ਇਲਾਕਾ ਨਿਵਾਸੀਆਂ, ਪੰਚਾਇਤਾਂ ਅਤੇ ਮੋਹਤਬਰਾਂ ਵੱਲੋਂ ਭਰਪੂਰ ਸ਼ਲਾਘਾ ਕੀਤੀ ਗਈ। ਪਿੰਡ ਵਾਸੀਆਂ ਨੇ ਅਜੈਵੀਰ ਲਾਲਪੁਰਾ ਅਤੇ ਉਨ੍ਹਾਂ ਦੀ ਸਮੁੱਚੀ ਟੀਮ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਕਰਦਿਆਂ ਕਿਹਾ ਕਿ ਘਰ-ਘਰ ਜਾ ਕੇ ਮੁਫ਼ਤ ਮੈਡੀਕਲ ਸਹੂਲਤਾਂ ਮੁਹੱਈਆ ਕਰਵਾਉਣਾ ਬਹੁਤ ਹੀ ਸ਼ਲਾਘਾਯੋਗ ਹੈ, ਖਾਸ ਕਰਕੇ ਉਨ੍ਹਾਂ ਬਜ਼ੁਰਗਾਂ ਲਈ ਜੋ ਸ਼ਹਿਰ ਦੇ ਹਸਪਤਾਲਾਂ ਤੱਕ ਆਸਾਨੀ ਨਾਲ ਨਹੀਂ ਪਹੁੰਚ ਸਕਦੇ। ਇਨ੍ਹਾਂ ਮੈਡੀਕਲ ਕੈਂਪਾਂ ਦੀ ਆਯੋਜਨ ਵਿਚ ਜਗਮਨ ਸਿੰਘ, ਅਜਮੇਰ ਸਿੰਘ, ਕਰਨੈਲ ਸਿੰਘ, ਹਰਜਿੰਦਰ ਸਿੰਘ, ਮੇਰਾ ਸਿੰਘ, ਸਰਪੰਚ ਜਗਮੇਲ ਸਿੰਘ, ਮਨਦੀਪ, ਸੌਰਵ ਬਾਂਸਲ, ਬਲਕਾਰ ਸਿੰਘ, ਜਸਵਿੰਦਰ ਸਿੰਘ, ਗੁਰਨਾਮ ਸਿੰਘ, ਸਰਬਜੀਤ ਸਿੰਘ ਆਦਿ ਸਮੇਤ ਇਲਾਕੇ ਦੇ ਹੋਰ ਸੀਨੀਅਰ ਭਾਜਪਾ ਆਗੂਆਂ, ਵਰਕਰਾਂ ਅਤੇ ਪਤਵੰਤਿਆਂ ਨੇ ਵਿਸ਼ੇਸ਼ ਯੋਗਦਾਨ ਦਿੱਤਾ।