ਕੀਰਤਪੁਰ-ਮਨਾਲੀ ਨੈਸ਼ਨਲ ਹਾਈਵੇ ‘ਤੇ ਅੱਜ ਵੱਡਾ ਚੱਕਾ ਜਾਮ
ਕੀਰਤਪੁਰ-ਮਨਾਲੀ ਨੈਸ਼ਨਲ ਹਾਈਵੇ ‘ਤੇ ਅੱਜ ਵੱਡਾ ਚੱਕਾ ਜਾਮ
Publish Date: Fri, 03 Apr 2026 05:53 PM (IST)
Updated Date: Fri, 03 Apr 2026 05:55 PM (IST)

ਕੁਲਵਿੰਦਰ ਭਾਟੀਆ, ਪੰਜਾਬੀ ਜਾਗਰਣ ਨੰਗਲ : ਹਿਮਾਚਲ ਪ੍ਰਦੇਸ਼ ਸਰਕਾਰ ਵੱਲੋਂ ਐਂਟਰੀ ਟੈਕਸ ਨੂੰ ਲੈ ਕੇ ਜਾਰੀ ਕੀਤੇ ਜਾ ਰਹੇ ਕਥਿਤ ਜਾਅਲੀ ਨੋਟੀਫਿਕੇਸ਼ਨਾਂ ਅਤੇ “ਝੂਠ ਦੇ ਪੁਲਿੰਦੇ” ਖ਼ਿਲਾਫ਼ ਪੰਜਾਬ ਦੇ ਲੋਕਾਂ ਵਿਚ ਭਾਰੀ ਰੋਸ ਦੇਖਣ ਨੂੰ ਮਿਲ ਰਿਹਾ ਹੈ। ਇਸਦੇ ਵਿਰੋਧ ਵਿਚ ਅੱਜ ਪੰਜਾਬ ਦੇ ਲੋਕ ਵੱਡੀ ਗਿਣਤੀ ਵਿਚ ਕੀਰਤਪੁਰ ਸਾਹਿਬ-ਮਨਾਲੀ ਨੈਸ਼ਨਲ ਹਾਈਵੇ ‘ਤੇ ਉਤਰ ਰਹੇ ਹਨ, ਜਿੱਥੇ ਸਵੇਰੇ 9 ਵਜੇ ਪੁਲਿਸ ਸਟੇਸ਼ਨ ਸਾਹਮਣੇ ਚੱਕਾ ਜਾਮ ਕੀਤਾ ਜਾਵੇਗਾ। ਸੰਘਰਸ਼ ਦੀ ਅਗਵਾਈ ਕਰ ਰਹੇ ਗੌਰਵ ਰਾਣਾ (ਕਨਵੀਨਰ, ਪੰਜਾਬ ਮੋਰਚਾ) ਨੇ ਕਿਹਾ ਕਿ ਜੇਕਰ ਹਿਮਾਚਲ ਸਰਕਾਰ ਪੰਜਾਬ ਨੂੰ ਤੁਰੰਤ ਐਂਟਰੀ ਟੈਕਸ ਤੋਂ ਅਜਾਦ ਨਹੀਂ ਕਰਦੀ ਤਾਂ ਪੰਜਾਬ ਸਰਕਾਰ ਨੂੰ ਵੀ ਰੈਸੀਪ੍ਰੋਕਲ ਟੈਕਸ ਲਗਾਉਣ ਦੀ ਤਿਆਰੀ ਕਰ ਲੈਣੀ ਚਾਹੀਦੀ ਹੈ। ਉਨ੍ਹਾਂ ਇਸ ਮਸਲੇ ਨੂੰ ਪੰਜਾਬ ਦੀ ਅਣਖ ਅਤੇ ਹੱਕਾਂ ਨਾਲ ਜੁੜਿਆ ਦੱਸਦਿਆਂ ਕਿਹਾ ਕਿ ਲੋਕ ਹੁਣ ਕਿਸੇ ਵੀ ਤਰ੍ਹਾਂ ਦੀ ਨਾਇਨਸਾਫ਼ੀ ਬਰਦਾਸ਼ਤ ਨਹੀਂ ਕਰਨਗੇ। ਇਲਾਕੇ ਦੇ ਸੈਂਕੜੇ ਟੈਕਸੀ ਚਾਲਕਾਂ, ਟਰਾਂਸਪੋਰਟਰਾਂ ਅਤੇ ਆਮ ਲੋਕਾਂ ਨੇ ਇਕੱਠੇ ਹੋ ਕੇ ਸੰਘਰਸ਼ ਵਿਚ ਭਾਗ ਲੈਣ ਦਾ ਅਹਿਦ ਕੀਤਾ। ਲੋਕਾਂ ਨੇ ਜੰਮ ਕੇ ਨਾਅਰੇਬਾਜ਼ੀ ਕਰਦਿਆਂ ਸਰਕਾਰ ਖ਼ਿਲਾਫ਼ ਆਪਣਾ ਗੁੱਸਾ ਜ਼ਾਹਿਰ ਕੀਤਾ ਅਤੇ ਸ਼ਨੀਵਾਰ ਨੂੰ ਹੋਣ ਵਾਲੇ ਚੱਕਾ ਜਾਮ ਨੂੰ ਕਾਮਯਾਬ ਬਣਾਉਣ ਦਾ ਸੰਕਲਪ ਲਿਆ। ਇਸ ਮੌਕੇ ‘ਤੇ ਵੱਖ-ਵੱਖ ਜਥੇਬੰਦੀਆਂ ਦੇ ਆਗੂ ਅਤੇ ਮੈਂਬਰ ਵੱਡੀ ਗਿਣਤੀ ਵਿਚ ਮੌਜੂਦ ਰਹੇ, ਜਿਨ੍ਹਾਂ ਵਿਚ ਸੋਹਣ ਸਿੰਘ (ਪ੍ਰਧਾਨ, ਜ਼ਿਲ੍ਹਾ ਆਜ਼ਾਦ ਟੈਕਸੀ ਯੂਨੀਅਨ), ਅਮੀਰ ਸਿੰਘ ਜੱਸੀ ਕਾਹਲੋ (ਮੀਤ ਪ੍ਰਧਾਨ, ਰੂਪਨਗਰ), ਕਮਲਜੀਤ ਸਿੰਘ (ਵਾਈਸ ਪ੍ਰਧਾਨ, ਆਜ਼ਾਦ ਟੈਕਸੀ ਯੂਨੀਅਨ), ਅਵਤਾਰ ਸਿੰਘ (ਜਨਰਲ ਸੈਕਟਰੀ, ਜ਼ਿਲ੍ਹਾ ਰੋਪੜ), ਦਰਸ਼ਨ ਸਿੰਘ (ਪ੍ਰਧਾਨ, ਟੈਕਸੀ ਯੂਨੀਅਨ ਨੂਰਪੁਰ ਬੇਦੀ), ਕਸ਼ਮੀਰ ਸਿੰਘ ਨੰਗਲੀ (ਪ੍ਰਧਾਨ, ਜਨ ਅਧਿਕਾਰ ਕਲਿਆਣ), ਕਿਸਾਨ ਆਗੂ ਸੇਠੀ ਸ਼ਰਮਾ, ਹਰਪ੍ਰੀਤ ਸਿੰਘ ਭੱਟੋ (ਬਲਾਕ ਪ੍ਰਧਾਨ, ਕਿਰਤੀ ਕਿਸਾਨ ਮੋਰਚਾ), ਮਹਿੰਦਰ ਲਾਲ, ਪ੍ਰੀਤਮ ਸਿੰਘ, ਪਰਮਜੀਤ ਸਿੰਘ ਬੱਬੀ (ਸਰਪੰਚ, ਕਕਰਾਲਾ), ਕਪਿਲ ਦੇ ਬਾਵਾ, ਕੁਲਦੀਪ ਸਿੰਘ, ਬਲਵਿੰਦਰ ਬੰਟੀ, ਦਾਰਾ ਡੈਂਟਰ, ਹਰਪ੍ਰੀਤ ਸਿੰਘ ਹੈਪੀ, ਹਰਪ੍ਰੀਤ ਸਿੰਘ ਕਾਲਾ, ਗੁਰਦੀਪ ਸਿੰਘ ਸੈਣੀ ਸਮੇਤ ਸਮੂਹ ਟੈਕਸੀ ਯੂਨੀਅਨ ਦੇ ਮੈਂਬਰ ਸ਼ਾਮਲ ਸਨ। ਆਗੂਆਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਜਲਦ ਮੰਗਾਂ ਨਾ ਮੰਨੀਆਂ ਤਾਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ ਅਤੇ ਆਉਣ ਵਾਲੇ ਦਿਨਾਂ ਵਿਚ ਵੱਡੇ ਪੱਧਰ ‘ਤੇ ਧਰਨੇ ਅਤੇ ਚੱਕਾ ਜਾਮ ਜਾਰੀ ਰਹਿਣਗੇ।