ਚੀਨੀ ਦੀਆਂ ਕੀਮਤਾਂ ਨੇ ਚਾਹ ਕੀਤੀ ਫਿੱਕੀ ਚੀਨੀ ਦੀਆਂ ਕੀਮਤਾਂ ’ਚ ਭਾਰੀ ਉਛਾਲ, ਲੋਕਾਂ ਦੀ ਚਾਹ ਵੀ ਹੋਈ ਫਿੱਕੀ
Publish Date: Sat, 22 Aug 2026 05:37 PM (IST)
Updated Date: Sat, 22 Aug 2026 05:39 PM (IST)
ਦਿਨੇਸ਼ ਹੱਲਣ, ਪੰਜਾਬੀ ਜਾਗਰਣ ਨੂਰਪੁਰਬੇਦੀ : ਮਹਿੰਗਾਈ ਦੀ ਮਾਰ ਹੇਠ ਪਹਿਲਾਂ ਹੀ ਦੱਬੀ ਆਮ ਲੋਕਾਂ ਦੀ ਰਸੋਈ ਨੂੰ ਹੁਣ ਚੀਨੀ ਦੀਆਂ ਵਧਦੀਆਂ ਕੀਮਤਾਂ ਨੇ ਹੋਰ ਪ੍ਰਭਾਵਿਤ ਕਰ ਦਿੱਤਾ ਹੈ। ਪਿਛਲੇ ਕਰੀਬ ਦਸ ਦਿਨਾਂ ਦੌਰਾਨ ਚੀਨੀ ਦੇ ਭਾਅ ਵਿੱਚ ਤੇਜ਼ੀ ਆਉਣ ਕਾਰਨ ਅੱਜ ਮਾਰਕੀਟ ਵਿੱਚ ਚੀਨੀ ਦੀ ਕੀਮਤ 65 ਤੋਂ 66 ਰੁਪਏ ਪ੍ਰਤੀ ਕਿਲੋ ਤੱਕ ਪਹੁੰਚ ਗਈ ਹੈ। ਇਸ ਵਾਧੇ ਕਾਰਨ ਘਰੇਲੂ ਬਜਟ ਦਾ ਹਿਸਾਬ-ਕਿਤਾਬ ਮੁੜ ਵਿਗੜਦਾ ਨਜ਼ਰ ਆ ਰਿਹਾ ਹੈ। ਚੀਨੀ ਦੇ ਮੌਜੂਦਾ ਪ੍ਰਚੂਨ ਭਾਅ ਨੂੰ ਦੇਖਿਆ ਜਾਵੇ ਤਾਂ 50 ਕਿਲੋ ਦੀ ਇੱਕ ਬੋਰੀ ਦੀ ਕੀਮਤ ਲਗਭਗ 3250 ਤੋਂ 3300 ਰੁਪਏ ਬਣਦੀ ਹੈ। ਇਸ ਤਰ੍ਹਾਂ ਪ੍ਰਤੀ ਕਿਲੋ ਇੱਕ ਰੁਪਏ ਦਾ ਵੀ ਵਾਧਾ ਹੋਣ ਨਾਲ 50 ਕਿਲੋ ਦੀ ਬੋਰੀ ਪਿੱਛੇ 50 ਰੁਪਏ ਦਾ ਸਿੱਧਾ ਫਰਕ ਪੈਂਦਾ ਹੈ, ਜਦਕਿ ਮੌਜੂਦਾ 65-66 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਬੋਰੀ ਦੀ ਕੀਮਤ ਵਿੱਚ ਵੀ ਕਾਫ਼ੀ ਵਾਧਾ ਦਰਜ ਹੋਇਆ ਹੈ। ਚੀਨੀ ਦੇ ਵਧੇ ਭਾਅ ਦਾ ਸਭ ਤੋਂ ਵੱਧ ਅਸਰ ਉਨ੍ਹਾਂ ਪਰਿਵਾਰਾਂ ’ਤੇ ਪੈ ਰਿਹਾ ਹੈ ਜਿਨ੍ਹਾਂ ਦੀ ਸਵੇਰ ਅਤੇ ਸ਼ਾਮ ਦੀ ਸ਼ੁਰੂਆਤ ਇੱਕ ਕੱਪ ਗਰਮ ਚਾਹ ਨਾਲ ਹੁੰਦੀ ਹੈ। ਆਮ ਤੌਰ ’ਤੇ ਘਰ ਵਿੱਚ ਦਿਨ ਦੀ ਸ਼ੁਰੂਆਤ ਚਾਹ ਦੇ ਕੱਪ ਨਾਲ ਹੁੰਦੀ ਹੈ ਅਤੇ ਸ਼ਾਮ ਦੀ ਥਕਾਵਟ ਵੀ ਇਸੇ ਕੱਪ ਨਾਲ ਦੂਰ ਕੀਤੀ ਜਾਂਦੀ ਹੈ। ਪਰ ਹੁਣ ਚਾਹ ਬਣਾਉਣ ਵੇਲੇ ਚੀਨੀ ਪਾਉਂਦਿਆਂ ਲੋਕਾਂ ਨੂੰ ਆਪਣੇ ਘਰੇਲੂ ਬਜਟ ਦਾ ਵੀ ਧਿਆਨ ਰੱਖਣਾ ਪੈ ਰਿਹਾ ਹੈ।੍ਯ ਮਾਰਕੀਟ ਵਿੱਚ ਚੀਨੀ ਦੇ ਵਧਦੇ ਭਾਅ ਦੀ ਚਰਚਾ ਕਰਦਿਆਂ ਕਈ ਲੋਕਾਂ ਦਾ ਕਹਿਣਾ ਹੈ ਕਿ ਪਹਿਲਾਂ ਚਾਹ ਵਿੱਚ ਚੀਨੀ ਘੱਟ ਪਾਉਣ ਦੀ ਸਲਾਹ ਸਿਹਤ ਲਈ ਦਿੱਤੀ ਜਾਂਦੀ ਸੀ, ਪਰ ਹੁਣ ਇਸ ਸਲਾਹ ਪਿੱਛੇ ਮਹਿੰਗਾਈ ਦਾ ਵੀ ਵੱਡਾ ਹੱਥ ਹੋ ਗਿਆ ਹੈ। ਕਈ ਘਰਾਂ ਵਿੱਚ ਚਾਹ ਦਾ ਕੱਪ ਪਹਿਲਾਂ ਵਾਂਗ ਹੀ ਹੈ, ਦੁੱਧ ਵੀ ਉਹੀ ਹੈ ਅਤੇ ਪੱਤੀ ਵੀ ਉਹੀ ਹੈ, ਪਰ ਚੀਨੀ ਪਾਉਣ ਵੇਲੇ ਘਰ ਦਾ ਬਜਟ ਜ਼ਰੂਰ ਅੱਖਾਂ ਦਿਖਾਉਣ ਲੱਗ ਪੈਂਦਾ ਹੈ। ਦੁਕਾਨਦਾਰਾਂ ਮੁਤਾਬਕ ਪਿਛਲੇ ਦਿਨਾਂ ਵਿੱਚ ਚੀਨੀ ਦੀਆਂ ਕੀਮਤਾਂ ਵਿੱਚ ਤੇਜ਼ੀ ਦੇਖਣ ਨੂੰ ਮਿਲੀ ਹੈ, ਜਿਸ ਕਾਰਨ ਪ੍ਰਚੂਨ ਬਾਜ਼ਾਰ ਵਿੱਚ ਵੀ ਇਸ ਦਾ ਸਿੱਧਾ ਅਸਰ ਦਿਖਾਈ ਦੇ ਰਿਹਾ ਹੈ। ਚੀਨੀ ਦੀ ਕੀਮਤ ਵਧਣ ਨਾਲ ਚਾਹ ਤੋਂ ਇਲਾਵਾ ਮਠਿਆਈਆਂ, ਬਿਸਕੁਟ ਅਤੇ ਘਰ ਵਿੱਚ ਬਣਨ ਵਾਲੀਆਂ ਹੋਰ ਮਿੱਠੀਆਂ ਵਸਤਾਂ ਦੀ ਲਾਗਤ ਵੀ ਵਧਣ ਦੀ ਸੰਭਾਵਨਾ ਹੈ। ਬਾਕਸ ਇੰਨ ਘੱਟ ਕੀਮਤ ’ਤੇ ਸਟਾਕ ਜਮ੍ਹਾਂ ਕਰਨ ਦੀਆਂ ਚਰਚਾਵਾਂ ਇਸ ਦੌਰਾਨ ਮਾਰਕੀਟ ਵਿੱਚ ਇਹ ਵੀ ਚਰਚਾ ਸੁਣਨ ਨੂੰ ਮਿਲ ਰਹੀ ਹੈ ਕਿ ਕੁਝ ਗੋਦਾਮ ਮਾਲਕਾਂ ਅਤੇ ਵੱਡੇ ਕਰਿਆਨਾ ਕਾਰੋਬਾਰੀਆਂ ਵੱਲੋਂ ਚੀਨੀ ਦੀਆਂ ਕੀਮਤਾਂ ਹੋਰ ਵਧਣ ਦੀ ਉਮੀਦ ਵਿੱਚ ਘੱਟ ਭਾਅ ’ਤੇ ਚੀਨੀ ਦਾ ਵੱਡਾ ਸਟਾਕ ਜਮ੍ਹਾਂ ਕੀਤਾ ਜਾ ਰਿਹਾ ਹੈ। ਚਰਚਾ ਹੈ ਕਿ ਜੇਕਰ ਆਉਣ ਵਾਲੇ ਦਿਨਾਂ ਵਿੱਚ ਕੀਮਤਾਂ ਹੋਰ ਵਧਦੀਆਂ ਹਨ ਤਾਂ ਇਹ ਸਟਾਕ ਮਹਿੰਗੇ ਭਾਅ ’ਤੇ ਵੇਚ ਕੇ ਵੱਡਾ ਮੁਨਾਫਾ ਕਮਾਉਣ ਦੀ ਕੋਸ਼ਿਸ਼ ਕੀਤੀ ਜਾ ਸਕਦੀ ਹੈ। ਹਾਲਾਂਕਿ ਇਸ ਤਰ੍ਹਾਂ ਦੇ ਦਾਅਵਿਆਂ ਦੀ ਅਧਿਕਾਰਤ ਪੁਸ਼ਟੀ ਨਹੀਂ ਹੋਈ ਹੈ, ਪਰ ਜੇਕਰ ਵੱਡੇ ਪੱਧਰ ’ਤੇ ਸਟਾਕ ਜਮ੍ਹਾਂ ਕਰਨ ਦੀ ਗੱਲ ਸਾਹਮਣੇ ਆਉਂਦੀ ਹੈ ਤਾਂ ਪ੍ਰਸ਼ਾਸਨ ਅਤੇ ਸਬੰਧਤ ਵਿਭਾਗ ਨੂੰ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ। ਲੋਕਾਂ ਦੀ ਮੰਗ ਹੈ ਕਿ ਵੱਡੇ ਕਰਿਆਨਾ ਕਾਰੋਬਾਰੀਆਂ, ਗੋਦਾਮਾਂ ਅਤੇ ਥੋਕ ਵਪਾਰੀਆਂ ਕੋਲ ਮੌਜੂਦ ਚੀਨੀ ਦੇ ਸਟਾਕ ਦੀ ਨਿਯਮਾਂ ਅਨੁਸਾਰ ਜਾਂਚ ਕੀਤੀ ਜਾਵੇ ਅਤੇ ਇਹ ਵੀ ਪਤਾ ਲਗਾਇਆ ਜਾਵੇ ਕਿ ਕਿਤੇ ਜਮ੍ਹਾਂਖੋਰੀ ਜਾਂ ਗੈਰ-ਵਾਜਬ ਮੁਨਾਫਾਖੋਰੀ ਰਾਹੀਂ ਬਾਜ਼ਾਰ ਵਿੱਚ ਨਕਲੀ ਕਮੀ ਤਾਂ ਪੈਦਾ ਨਹੀਂ ਕੀਤੀ ਜਾ ਰਹੀ। ਕੁੱਲ ਮਿਲਾ ਕੇ ਮਹਿੰਗਾਈ ਨੇ ਜਿੱਥੇ ਲੋਕਾਂ ਦੀ ਰਸੋਈ ਦਾ ਬਜਟ ਹਿਲਾ ਦਿੱਤਾ ਹੈ, ਉੱਥੇ ਚੀਨੀ ਦੇ ਵਧਦੇ ਭਾਅ ਨੇ ਆਮ ਲੋਕਾਂ ਦੀ ਚਾਹ ਦੀ ਮਿਠਾਸ ਵੀ ਕੁਝ ਘੱਟ ਕਰ ਦਿੱਤੀ ਹੈ। ਹੁਣ ਲੋਕਾਂ ਨੂੰ ਉਮੀਦ ਹੈ ਕਿ ਚੀਨੀ ਦੇ ਭਾਅ ਮੁੜ ਹੇਠਾਂ ਆਉਣ ਅਤੇ ਪ੍ਰਸ਼ਾਸਨ ਵੱਲੋਂ ਬਾਜ਼ਾਰ ’ਤੇ ਨਜ਼ਰ ਰੱਖਦਿਆਂ ਜਮ੍ਹਾਂਖੋਰੀ ਜਾਂ ਗੈਰ-ਵਾਜਬ ਕੀਮਤ ਵਾਧੇ ’ਤੇ ਲੋੜੀਂਦੇ ਕਦਮ ਚੁੱਕੇ ਜਾਣ, ਤਾਂ ਜੋ ਘੱਟੋ-ਘੱਟ ਚਾਹ ਦਾ ਕੱਪ ਤਾਂ ਪਹਿਲਾਂ ਵਾਂਗ ਮਿੱਠਾ ਰਹੇ।