ਮਨਾਲੀ ਤੋਂ ਚੰਡੀਗੜ੍ਹ ਰਾਸ਼ਟਰੀ ਮਾਰਗ ’ਤੇ ਘੋੜਾ ਟਰਾਲਾ ਪਲਟਿਆ ਮਨਾਲੀ ਤੋਂ ਚੰਡੀਗੜ੍ਹ ਰਾਸ਼ਟਰੀ ਮਾਰਗ ’ਤੇ ਘੋੜਾ ਟਰਾਲਾ ਪਲਟਿਆ
Publish Date: Mon, 17 Aug 2026 06:25 PM (IST)
Updated Date: Mon, 17 Aug 2026 06:27 PM (IST)
ਜੰਗ ਬਹਾਦਰ ਸਿੰਘ, ਪੰਜਾਬੀ ਜਾਗਰਣ ਸ੍ਰੀ ਕੀਰਤਪੁਰ ਸਾਹਿਬ : ਬੀਤੀ ਰਾਤ ਕਰੀਬ 2 ਵਜੇ ਮਨਾਲੀ ਤੋਂ ਚੰਡੀਗੜ੍ਹ ਮੁੱਖ ਮਾਰਗ ’ਤੇ ਮੋੜਾ ਟੋਲ ਪਲਾਜ਼ਾ ਤੋਂ ਕੁਝ ਦੂਰੀ ’ਤੇ ਇੱਕ ਘੋੜਾ ਟਰਾਲਾ ਬੇਕਾਬੂ ਹੋ ਕੇ ਸੜਕ ਵਿਚਕਾਰ ਪਲਟ ਗਿਆ। ਹਾਦਸਾ ਇੰਨਾ ਜ਼ਬਰਦਸਤ ਸੀ ਕਿ ਘੋੜਾ ਟਰਾਲਾ ਬੁਰੀ ਤਰ੍ਹਾਂ ਨੁਕਸਾਨਿਆ ਗਿਆ। ਚੰਗੀ ਗੱਲ ਰਹੀ ਕਿ ਟਰਾਲੇ ਵਿੱਚ ਸਵਾਰ ਦੋ ਵਿਅਕਤੀ ਵਾਲ-ਵਾਲ ਬਚ ਗਏ। ਉਨ੍ਹਾਂ ਦੇ ਮਾਮੂਲੀ ਸੱਟਾਂ ਲੱਗਣ ਦੀ ਜਾਣਕਾਰੀ ਮਿਲੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਘੋੜਾ ਟਰਾਲਾ ਨੰਬਰ ਪੀ.ਬੀ. 03 ਏ.ਵਾਈ. 7835 ਬਿਲਾਸਪੁਰ ਹਿਮਾਚਲ ਪ੍ਰਦੇਸ਼ ਵੱਲੋਂ ਕੀਰਤਪੁਰ ਸਾਹਿਬ ਵੱਲ ਆ ਰਿਹਾ ਸੀ। ਜਦੋਂ ਇਹ ਮੋੜਾ ਟੋਲ ਪਲਾਜ਼ਾ ਤੋਂ ਕੁਝ ਦੂਰੀ ’ਤੇ ਪਹੁੰਚਿਆ ਤਾਂ ਚਾਲਕ ਵਾਹਨ ’ਤੇ ਆਪਣਾ ਕਾਬੂ ਗੁਆ ਬੈਠਾ, ਜਿਸ ਕਾਰਨ ਘੋੜਾ ਟਰਾਲਾ ਸੜਕ ’ਤੇ ਪਲਟ ਗਿਆ। ਟਰਾਲੇ ਵਿੱਚ ਭਾਰੀ ਸਾਜ਼ੋ-ਸਾਮਾਨ ਅਤੇ ਹੋਰ ਸਮਾਨ ਲੱਦਿਆ ਹੋਇਆ ਸੀ। ਇਸ ਕਾਰਨ ਵਾਹਨ ਦਾ ਭਾਰੀ ਨੁਕਸਾਨ ਹੋਇਆ ਅਤੇ ਲੱਖਾਂ ਰੁਪਏ ਦਾ ਨੁਕਸਾਨ ਹੋਣ ਦਾ ਖਦਸ਼ਾ ਹੈ। ਹਾਦਸੇ ਤੋਂ ਬਾਅਦ ਮੁੱਖ ਮਾਰਗ ਦੀ ਇੱਕ ਪਾਸੇ ਵਾਲੀ ਸੜਕ ਆਵਾਜਾਈ ਲਈ ਬੰਦ ਕਰਨੀ ਪਈ। ਇਸ ਦੌਰਾਨ ਆਉਣ-ਜਾਣ ਵਾਲੇ ਵਾਹਨਾਂ ਨੂੰ ਦੂਜੀ ਪਾਸੇ ਵਾਲੀ ਸੜਕ ਰਾਹੀਂ ਇੱਕ ਪਾਸੜ ਆਵਾਜਾਈ ਕਰਵਾ ਕੇ ਲੰਘਾਇਆ ਗਿਆ। ਹਾਦਸੇ ਦੀ ਸੂਚਨਾ ਮਿਲਦਿਆਂ ਹੀ ਸੀਗਲ ਇੰਡੀਆ ਕੰਪਨੀ ਦੇ ਕਰਮਚਾਰੀ ਮੌਕੇ ’ਤੇ ਪਹੁੰਚ ਗਏ ਅਤੇ ਸੁਰੱਖਿਆ ਦੇ ਪ੍ਰਬੰਧ ਕਰਦਿਆਂ ਇੱਕ ਪਾਸੇ ਦੀ ਆਵਾਜਾਈ ਰੋਕ ਕੇ ਦੂਜੇ ਪਾਸੇ ਤੋਂ ਵਾਹਨਾਂ ਦੀ ਆਵਾਜਾਈ ਜਾਰੀ ਰੱਖੀ। ਸਵੇਰੇ ਸੀਗਲ ਇੰਡੀਆ ਕੰਪਨੀ ਵੱਲੋਂ ਹਾਈਡਰਾ ਮਸ਼ੀਨ ਦੀ ਸਹਾਇਤਾ ਨਾਲ ਪਲਟੇ ਹੋਏ ਘੋੜਾ ਟਰਾਲੇ ਨੂੰ ਸੜਕ ਤੋਂ ਹਟਾਇਆ ਗਿਆ। ਇਸ ਉਪਰੰਤ ਸੜਕ ਦੀ ਸਫ਼ਾਈ ਕਰਵਾਈ ਗਈ ਅਤੇ ਆਵਾਜਾਈ ਨੂੰ ਸੁਚਾਰੂ ਢੰਗ ਨਾਲ ਮੁੜ ਚਾਲੂ ਕਰ ਦਿੱਤਾ ਗਿਆ। ਹਾਦਸੇ ਦੇ ਅਸਲ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ। ਮੁੱਢਲੀ ਜਾਣਕਾਰੀ ਅਨੁਸਾਰ ਚਾਲਕ ਵੱਲੋਂ ਵਾਹਨ ’ਤੇ ਕਾਬੂ ਗੁਆਉਣ ਕਾਰਨ ਇਹ ਹਾਦਸਾ ਵਾਪਰਿਆ। ਹਾਲਾਂਕਿ ਹਾਦਸੇ ਦੇ ਪੂਰੇ ਕਾਰਨਾਂ ਦੀ ਪੁਸ਼ਟੀ ਜਾਂਚ ਤੋਂ ਬਾਅਦ ਹੀ ਹੋ ਸਕੇਗੀ। ਸੀਗਲ ਇੰਡੀਆ ਦੁਆਰਾ ਸਮੇਂ ਸਿਰ ਕੀਤੇ ਗਏ ਸੁਰੱਖਿਆ ਪ੍ਰਬੰਧਾਂ ਅਤੇ ਹਾਈਡਰਾ ਮਸ਼ੀਨ ਦੀ ਸਹਾਇਤਾ ਨਾਲ ਟਰਾਲੇ ਨੂੰ ਸੜਕ ਤੋਂ ਹਟਾ ਕੇ ਮੁੱਖ ਮਾਰਗ ’ਤੇ ਆਵਾਜਾਈ ਨੂੰ ਮੁੜ ਸੁਚਾਰੂ ਕਰ ਦਿੱਤਾ ਗਿਆ।