ਮੋਰਿੰਡਾ ’ਚ ਐੱਚਡੀਐੱਫਸੀ ਬੈਂਕ ਦਾ ਏਟੀਐੱਮ ਉਖਾੜਿਆ ਮੋਰਿੰਡਾ ’ਚ ਐੱਚਡੀਐੱਫਸੀ ਬੈਂਕ ਦਾ ਏਟੀਐੱਮ ਉਖਾੜ ਕੇ ਲੈ ਗਏ ਚੋਰ
Publish Date: Tue, 25 Aug 2026 05:55 PM (IST)
Updated Date: Tue, 25 Aug 2026 05:57 PM (IST)
ਪੰਕਚਰ ਹੋਣ ਤੋਂ ਬਾਅਦ ਗੱਡੀ ਤੇ ਏਟੀਐੱਮ ਛੱਡ ਚੋਰ ਹੋਏ ਫਰਾਰ ਨਿੱਜੀ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮੋਰਿੰਡਾ: ਮੋਰਿੰਡਾ ਦੇ ਸ਼ੂਗਰ ਮਿੱਲ ਰੋਡ ਸਥਿਤ ਐੱਚਡੀਐੱਫਸੀ ਬੈਂਕ ਦੀ ਬਰਾਂਚ ਵਿੱਚੋਂ ਬੀਤੀ ਰਾਤ ਕਰੀਬ 2 ਵਜੇ ਦੋ ਨਕਾਬਪੋਸ਼ ਚੋਰ ਏਟੀਐੱਮ ਮਸ਼ੀਨ ਉਖਾੜ ਕੇ ਸਵਿਫਟ ਕਾਰ ਰਾਹੀਂ ਫਰਾਰ ਹੋ ਗਏ। ਇਸ ਦੌਰਾਨ ਬੈਂਕ ਦਾ ਹੂਟਰ ਵੱਜਣ ਅਤੇ ਪੁਲਿਸ ਵੱਲੋਂ ਤੁਰੰਤ ਕਾਰਵਾਈ ਕਰਨ ਕਾਰਨ ਏਟੀਐੱਮ ਵਿੱਚ ਪਈ ਕਰੀਬ 5.75 ਲੱਖ ਰੁਪਏ ਦੀ ਨਕਦੀ ਚੋਰੀ ਹੋਣ ਤੋਂ ਬਚ ਗਈ। ਪੁਲਿਸ ਨੇ ਵਾਰਦਾਤ ਵਿਚ ਵਰਤੀ ਸਵਿਫਟ ਕਾਰ ਅਤੇ ਏਟੀਐੱਮ ਦਾ ਕੈਸ਼ ਚੈਂਬਰ ਬਰਾਮਦ ਕਰ ਲਿਆ ਹੈ। ਇਸ ਸਬੰਧੀ ਏਐੱਸਆਈ ਅੰਗਰੇਜ਼ ਸਿੰਘ ਨੇ ਦੱਸਿਆ ਕਿ ਚੋਰਾਂ ਵੱਲੋਂ ਏਟੀਐੱਮ ਨਾਲ ਛੇੜਛਾੜ ਕਰਦੇ ਹੀ ਬੈਂਕ ਦਾ ਹੂਟਰ ਵੱਜ ਗਿਆ। ਇਸ ਦੀ ਸੂਚਨਾ ਮੁੰਬਈ ਸਥਿਤ ਬੈਂਕ ਦੇ ਹੈੱਡ ਆਫਿਸ ਨੂੰ ਮਿਲੀ, ਜਿਸ ਤੋਂ ਬਾਅਦ ਪੰਜਾਬ ਪੁਲਿਸ ਕੰਟਰੋਲ ਰੂਮ ਨੂੰ ਜਾਣਕਾਰੀ ਦਿੱਤੀ ਗਈ। ਮੋਰਿੰਡਾ ਸਿਟੀ ਪੁਲਿਸ ਕਰੀਬ 10 ਮਿੰਟਾਂ ਵਿਚ ਮੌਕੇ ’ਤੇ ਪਹੁੰਚ ਗਈ। ਉਨ੍ਹਾਂ ਦੱਸਿਆ ਕਿ ਬੀਤੀ ਰਾਤ ਉਹ ਗਸ਼ਤ ’ਤੇ ਸਨ ਕਿ ਉਨ੍ਹਾਂ ਨੂੰ ਕੰਟਰੋਲ ਰੂਮ ਤੋਂ ਸੂਚਨਾ ਮਿਲੀ ਕਿ ਐਚਡੀਐਫਸੀ ਬੈਂਕ ਵਿਚ ਕੋਈ ਟੁੱਟ ਭੱਜ ਹੋ ਗਈ ਹੈ। ਉਨ੍ਹਾਂ ਦੱਸਿਆ ਕਿ ਉਹ ਤੁਰੰਤ ਮੌਕੇ ’ਤੇ ਪਹੁੰਚੇ ਤਾਂ ਪਤਾ ਲੱਗਾ ਕਿ ਏਟੀਐੱਮ ਮਸ਼ੀਨ ਚੋਰੀ ਹੋ ਗਈ ਹੈ। ਉਨ੍ਹਾਂ ਦੱਸਿਆ ਕਿ ਸੀਸੀਟੀਵੀ ਜਾਂਚ ਦੌਰਾਨ ਸਾਹਮਣੇ ਆਇਆ ਕਿ ਦੋ ਨਕਾਬਪੋਸ਼ ਵਿਅਕਤੀਆਂ ਨੇ ਸਵਿਫਟ ਕਾਰ (ਪੀਬੀ-46ਏਏ-3868) ਦੇ ਪਿੱਛੇ ਪਲਾਸਟਿਕ ਦੀ ਰੱਸੀ ਬੰਨ੍ਹ ਕੇ ਏਟੀਐੱਮ ਨੂੰ ਕੈਬਿਨ ’ਚੋਂ ਬਾਹਰ ਖਿੱਚ ਲਿਆ ਅਤੇ ਕਾਈਨੌਰ ਵੱਲ ਫਰਾਰ ਹੋ ਗਏ। ਪੁਲਿਸ ਨੇ ਪਿੱਛਾ ਕੀਤਾ ਤਾਂ ਬੈਂਕ ਤੋਂ 300-400 ਮੀਟਰ ਦੂਰ ਏਟੀਐੱਮ ਦੇ ਕੁਝ ਹਿੱਸੇ ਮਿਲੇ ਅਤੇ ਸਹੇੜੀ ਤੇ ਕਾਈਨੌਰ ਵਿਚਕਾਰ ਟੁੱਟਿਆ ਏਟੀਐੱਮ ਚੈਂਬਰ ਵੀ ਬਰਾਮਦ ਹੋਇਆ। ਇਸੇ ਦੌਰਾਨ ਕਾਰ ਦੇ ਟਾਇਰ ਪੰਚਰ ਹੋਣ ਕਾਰਨ ਚੋਰਾਂ ਨੇ ਸਮਾਣਾ ਨੇੜੇ ਭਾਰਤਮਾਲਾ ਪ੍ਰੋਜੈਕਟ ਦੇ ਪੁੱਲ ਕੋਲ ਗੱਡੀ ਛੱਡ ਦਿੱਤੀ ਅਤੇ ਹਨੇਰੇ ਦਾ ਫਾਇਦਾ ਲੈ ਕੇ ਫਰਾਰ ਹੋ ਗਏ। ਉਨ੍ਹਾਂ ਦੱਸਿਆ ਕਿ ਬੈਂਕ ਮੈਨੇਜਰ ਨਰੇਸ਼ ਰਾਣਾ ਨੇ ਪੁਲਿਸ ਨੂੰ ਦੱਸਿਆ ਕਿ ਏਟੀਐੱਮ ’ਚ ਕਰੀਬ 5,75,700 ਰੁਪਏ ਸਨ। ਚੋਰਾਂ ਨੇ ਲਾਕ ਤੋੜਨ ਦੀ ਕੋਸ਼ਿਸ਼ ਕੀਤੀ, ਪ੍ਰੰਤੂ ਕਾਮਯਾਬ ਨਹੀਂ ਹੋਏ। ਨਕਦੀ ਦੀ ਅੰਤਿਮ ਪੁਸ਼ਟੀ ਏਟੀਐੱਮ ਮਾਹਿਰਾਂ ਵੱਲੋਂ ਲਾਕ ਖੋਲਣ ਤੋਂ ਬਾਅਦ ਹੋਵੇਗੀ। ਪੁਲਿਸ ਨੂੰ ਸਵਿਫਟ ਕਾਰ ’ਚੋਂ ਇੱਕ ਛੋਟੀ ਗੋਲਕ, ਤੇਜ਼ਧਾਰ ਹਥਿਆਰ ਅਤੇ ਹੋਰ ਸਾਮਾਨ ਵੀ ਮਿਲਿਆ ਹੈ। ਪੁਲਿਸ ਨੂੰ ਸ਼ੱਕ ਹੈ ਕਿ ਮੁਲਜ਼ਮਾਂ ਨੇ ਏਡੀਐੱਮ ਪੁੱਟਣ ਤੋਂ ਪਹਿਲਾਂ ਕਿਸੇ ਗੁਰੂ ਘਰ ’ਚ ਵੀ ਚੋਰੀ ਕੀਤੀ ਹੋ ਸਕਦੀ ਹੈ। ਥਾਣਾ ਮੁਖੀ ਇੰਸਪੈਕਟਰ ਗਗਨਦੀਪ ਸਿੰਘ ਨੇ ਦੱਸਿਆ ਕਿ ਅਣਪਛਾਤੇ ਮੁਲਜ਼ਮਾਂ ਖਿਲਾਫ਼ ਮਾਮਲਾ ਦਰਜ ਕਰਕੇ ਉਨ੍ਹਾਂ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਉੱਧਰ ਪਿੰਡ ਕਾਈ ਨੌਰ ਨਿਵਾਸੀਆਂ ਨੇ ਦੱਸਿਆ ਕਿ ਕਾਰ ਸਵਾਰ ਚੋਰ ਕਿਸੇ ਕਾਰਨ ਪਿੰਡ ਦੀਆਂ ਤੰਗ ਗਲੀਆਂ ਦੇ ਰਸਤੇ ਪੈ ਗਏ ਅਤੇ ਕਈ ਗੱਡੀਆਂ ਦਾ ਨੁਕਸਾਨ ਕੀਤਾ।