ਚੰਗਰ ਇਲਾਕੇ ਵਿੱਚ ਪਈ ਭਾਰੀ ਬਾਰਿਸ਼ ਕਾਰਨ ਸ਼ਹਿਰ ਹੋਇਆ ਪਾਣੀ-ਪਾਣੀ ਚੰਗਰ ਇਲਾਕੇ ਵਿੱਚ ਪਈ ਭਾਰੀ ਬਾਰਿਸ਼ ਕਾਰਨ ਸ਼ਹਿਰ ਹੋਇਆ ਜਲਥਲ
Publish Date: Wed, 19 Aug 2026 04:22 PM (IST)
Updated Date: Wed, 19 Aug 2026 04:24 PM (IST)
ਨਰਿੰਦਰ ਸੈਣੀ, ਪੰਜਾਬੀ ਜਾਗਰਣ ਸ੍ਰੀ ਕੀਰਤਪੁਰ ਸਾਹਿਬ : ਸਵੇਰੇ ਸ੍ਰੀ ਕੀਰਤਪੁਰ ਸਾਹਿਬ ਅਤੇ ਨਾਲ ਲੱਗਦੇ ਚੰਗਰ ਇਲਾਕੇ ਵਿੱਚ ਪਈ ਭਾਰੀ ਬਾਰਿਸ਼ ਕਾਰਨ ਸ਼ਹਿਰ ਦੇ ਮੁੱਖ ਬਾਜ਼ਾਰ ਸਮੇਤ ਸ਼ਹਿਰ ਦੀਆਂ ਪ੍ਰਮੁੱਖ ਗਲੀਆਂ ਵਿੱਚ ਖੱਡ ਦਾ ਪਾਣੀ ਘੁੰਮ ਗਿਆ ਜਿਸ ਕਾਰਨ ਬਾਜ਼ਾਰ ਦੇ ਦੁਕਾਨਦਾਰਾਂ ਦੀ ਗ੍ਰਾਹਕੀ ਪ੍ਰਭਾਵਿਤ ਹੋਈ ਹੈ। ਸ਼ਹਿਰ ਦੇ ਮੁੱਖ ਬਾਜ਼ਾਰ ਵਿੱਚ ਦੋ ਦੋ ਫੁੱਟ ਪਾਣੀ ਘੁੰਮ ਗਿਆ ਜਿਸ ਨਾਲ ਕਈ ਨੀਵੀਆਂ ਦੁਕਾਨਾਂ ਵਿੱਚ ਗੰਦੇ ਪਾਣੀ ਨਾਲ ਥੋੜਾ ਬਹੁਤ ਨੁਕਸਾਨ ਵੀ ਹੋਇਆ ਹੈ। ਦੱਸਣ ਯੋਗ ਹੈ ਕਿ ਸ਼ਹਿਰ ਦੇ ਨਜ਼ਦੀਕੀ ਚੰਗਰ ਇਲਾਕੇ ਦੇ ਪਿੰਡ ਬਰੂਵਾਲ ਜਿਉਵਾਲ ਬਾਸ ਸਮੇਤ ਪਹਾੜੀ ਇਲਾਕਿਆਂ ਦਾ ਪਾਣੀ ਦੋ ਖੱਡਾਂ ਰਾਹੀਂ ਸ਼ਹਿਰ ਵਿੱਚੋਂ ਹੁੰਦਾ ਹੋਇਆ ਦਰਿਆ ਵਿੱਚ ਜਾ ਮਿਲਦਾ ਹੈ ਜਿਸ ਕਾਰਨ ਸ਼ਹਿਰ ਦੇ ਜਿਊਵਾਲ ਭਟੋਲੀ ਵਿਚਕਾਰ ਵਿੱਚੋਂ ਇੱਕ ਖੱਡ ਲੰਘਦੀ ਹੈ ਅਤੇ ਦੂਜੀ ਕੀਰਤਪੁਰ ਸਾਹਿਬ ਕਲਿਆਣਪੁਰ ਵਿਚਕਾਰ ਹੁੰਦੀ ਹੋਈ ਸਤਲੁਜ ਦਰਿਆ ਵਿੱਚ ਜਾਂ ਮਿਲਦੀ ਹੈ ਜਦੋਂ ਪਹਾੜੀ ਇਲਾਕੇ ਵਿੱਚ ਭਾਰੀ ਮੀਂਹ ਪੈਂਦਾ ਹੈ ਤਾਂ ਉਸ ਦਾ ਸਾਰਾ ਪਾਣੀ ਇਕੱਠਾ ਹੋ ਕੇ ਦੋਵੇਂ ਖੱਡਾਂ ਰਾਹੀਂ ਸ਼ਹਿਰ ਵਿਚੋ ਲੰਘਦਾ ਹੈ ਜਦੋਂ ਖੱਡ ਭਾਰੀ ਆ ਜਾਂਦੀ ਹੈ ਤਾਂ ਇਹ ਪਾਣੀ ਬਾਜ਼ਾਰ ਵਿੱਚ ਵੀ ਘੁੰਮ ਜਾਂਦਾ ਹੈ। ਜਦੋਂ ਭਾਰੀ ਖੱਡ ਆ ਜਾਂਦੀ ਹੈ ਤਾਂ ਮੁਹੱਲਾ ਵਾਸੀਆਂ ਨੂੰ ਆਉਣ ਜਾਣ ਲਈ ਬਾਰਿਸ਼ ਰੁਕਣ ਤੱਕ ਇੰਤਜ਼ਾਰ ਕਰਨਾ ਪੈਂਦਾ ਹੈ। ਭਾਰੀ ਬਾਰਿਸ਼ ਸਮੇਂ ਸਕੂਲੀ ਬੱਚਿਆਂ ਨੂੰ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਅੱਜ ਸਵੇਰੇ ਵੀ ਪਈ ਭਾਰੀ ਬਾਰਿਸ਼ ਕਾਰਨ ਦੋਵੇਂ ਖੱਡਾਂ ਭਰ ਕੇ ਆਈਆਂ ਹੋਈਆਂ ਸਨ। ਇਸ ਦੇ ਨਾਲ ਹੀ ਮੁੱਖ ਬਾਜ਼ਾਰ ਨਜ਼ਦੀਕ ਬਣੀ ਦਸ਼ਮੇਸ਼ ਮਾਰਕੀਟ ਵਿੱਚ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਮਾਰਕੀਟ ਦੋ ਦੋ ਫੁੱਟ ਗੰਦਾ ਪਾਣੀ ਖੜ ਗਿਆ ਜਿਸ ਨਾਲ ਸਥਾਨਕ ਦੁਕਾਨਦਾਰਾਂ ਨੂੰ ਆਪਣੀਆਂ ਦੁਕਾਨਾਂ ਬੰਦ ਕਰਨੀਆਂ ਪਈਆਂ। ਜਿਕਰ ਯੋਗ ਹੈ ਕਿ ਦਸ਼ਮੇਸ਼ ਮਾਰਕੀਟ ਦੀ ਪਾਣੀ ਦੀ ਨਿਕਾਸੀ ਸੀਨੀਅਰ ਸੈਕੈਂਡਰੀ ਸਕੂਲ ਨਜਦੀਕ ਖੱਡ ਵੱਲ ਨੂੰ ਹੈ ਪਰ ਪਿਛਲੇ ਦੋ ਕੁ ਸਾਲ ਪਹਿਲਾਂ ਨਹਿਰ ਦੀ ਪਟੜੀ ਦੇ ਨਜ਼ਦੀਕ ਨਵੀਆਂ ਦੁਕਾਨਾਂ ਦੀ ਉਸਾਰੀ ਹੋਈ ਉਸ ਸਮੇਂ ਪਾਣੀ ਦੀ ਨਿਕਾਸੀ ਲਈ ਰੱਖਿਆ ਗਿਆ ਨਾਲਾ ਬੰਦ ਹੋ ਗਿਆ ਜਿਸ ਨਾਲ ਜਦੋਂ ਬਾਰਿਸ਼ ਪੈਂਦੀ ਹੈ ਤਾਂ ਕਈ ਕਈ ਦਿਨ ਦਸ਼ਮੇਸ਼ ਮਾਰਕੀਟ ਵਿੱਚ ਪਾਣੀ ਖੜਾ ਰਹਿੰਦਾ ਹੈ। ਸਥਾਨਕ ਦੁਕਾਨਦਾਰਾਂ ਵੱਲੋਂ ਕਈ ਵਾਰ ਸੋਸ਼ਲ ਮੀਡੀਆ ਅਖਬਾਰਾਂ ਰਾਹੀਂ ਖਬਰਾਂ ਪ੍ਰਕਾਸ਼ਿਤ ਕਰਵਾਈਆਂ ਗਈਆਂ। ਕਈ ਵਾਰ ਨਗਰ ਪੰਚਾਇਤ ਸ੍ਰੀ ਕੀਰਤਪੁਰ ਸਾਹਿਬ ਵਿਖੇ ਲਿਖਤੀ ਸ਼ਿਕਾਇਤਾਂ ਦਿੱਤੀਆਂ ਗਈਆਂ ਪਰ ਪਾਣੀ ਦੀ ਨਿਕਾਸੀ ਦਾ ਸਥਾਈ ਹੱਲ ਨਹੀਂ ਨਿਕਲ ਸਕਿਆ। ਬਰਸਾਤ ਦੇ ਸਮੇਂ ਦਸ਼ਮੇਸ਼ ਮਾਰਕੀਟ ਵਿੱਚ ਬਣਾਈਆਂ ਗਈਆਂ ਦੁਕਾਨਦਾਰਾਂ ਵੱਲੋਂ ਬੇਸਮੈਂਟਾਂ ਭੂਮੀਗਤ ਸਟੋਰ ਵਿੱਚ ਪਾਣੀ ਭਰ ਜਾਂਦਾ ਹੈ ਜਿਸ ਨਾਲ ਉਹਨਾਂ ਦਾ ਮਾਲੀ ਨੁਕਸਾਨ ਵੀ ਹੁੰਦਾ ਹੈ। ਸ਼ਹਿਰ ਦੀ ਸਹੀ ਨਿਕਾਸੀ ਨਾ ਹੋਣ ਕਾਰਨ ਬਰਸਾਤਾਂ ਸਮੇਂ ਸ੍ਰੀ ਕੀਰਤਪੁਰ ਸਾਹਿਬ ਇਲਾਕੇ ਦੇ ਦੁਕਾਨਦਾਰਾਂ ਅਤੇ ਸਥਾਨਕ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਖੱਡਾਂ ਦੇ ਨਜ਼ਦੀਕ ਬਣੇ ਘਰਾਂ ਵਿੱਚ ਭਾਰੀ ਬਾਰਿਸ਼ ਸਮੇਂ ਪਾਣੀ ਵੀ ਭਰ ਜਾਂਦਾ ਹੈ ਅਤੇ ਖੱਡ ਦੇ ਕਿਨਾਰਿਆਂ ’ਤੇ ਬਣੇ ਘਰਾਂ ਵਿੱਚ ਤਰੇੜਾਂ ਆਮ ਵੇਖੀਆਂ ਜਾ ਸਕਦੀਆਂ ਹਨ। ਦਸ਼ਮੇਸ਼ ਮਾਰਕੀਟ ਮੁੱਖ ਬਾਜ਼ਾਰ ਦੇ ਦੁਕਾਨਦਾਰਾਂ ਸਮੇਤ ਸ਼ਹਿਰ ਵਾਸੀਆਂ ਨੇ ਨਗਰ ਪੰਚਾਇਤ ਸ੍ਰੀ ਕੀਰਤਪੁਰ ਸਾਹਿਬ ਅਧਿਕਾਰੀਆਂ ਨੂੰ ਅਪੀਲ ਕੀਤੀ ਹੈ ਕਿ ਪਾਣੀ ਦੀ ਨਿਕਾਸੀ ਦਾ ਪੁਖਤਾ ਪ੍ਰਬੰਧ ਕੀਤਾ ਜਾਵੇ ਤਾਂ ਜੋ ਬਰਸਾਤਾਂ ਵਿੱਚ ਇਲਾਕਾ ਨਿਵਾਸੀਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਨਾ ਕਰਨਾ ਪਵੇ।