ਐੱਨਐੱਚਐੱਮ ਮੁਲਾਜ਼ਮਾਂ ਦੀ ਦੋ ਰੋਜ਼ਾ ਹੜਤਾਲ ਦੇ ਪਹਿਲੇ ਦਿਨ ਸਿਹਤ ਸੇਵਾਵਾਂ ਬੁਰੀ ਤਰ੍ਹਾਂ ਪ੍ਰਭਾਵਿਤ ਐਨਐਚਐਮ ਮੁਲਾਜ਼ਮਾਂ ਦੀ ਦੋ ਰੋਜ਼ਾ ਹੜਤਾਲ ਦੇ ਪਹਿਲੇ ਦਿਨ ਸਿਹਤ ਸੇਵਾਵਾਂ ਬੁਰੀ ਤਰ੍ਹਾਂ ਪ੍ਰਭਾਵਿਤ
Publish Date: Thu, 13 Aug 2026 05:15 PM (IST)
Updated Date: Thu, 13 Aug 2026 05:17 PM (IST)
ਵਾਅਦਿਆ ਤੋਂ ਮੁੱਕਰੀ ਸਰਕਾਰ ਨੂੰ ਹਰ ਮੋੜ ਤੇ ਘੇਰਨਾ ਯੂਨੀਅਨ ਦੀ ਮਜਬੂਰੀ: ਸੁਖਜੀਤ ਕੰਬੋਜ ਲਖਵੀਰ ਖਾਬੜਾ, ਪੰਜਾਬੀ ਜਾਗਰਣ ਰੂਪਨਗਰ : ਨੈਸ਼ਨਲ ਹੈਲਥ ਮਿਸ਼ਨ ਦੇ ਤਹਿਤ ਜ਼ਿਲ੍ਹੇ ਦੇ ਸਰਕਾਰੀ ਹਸਪਤਾਲਾਂ ਦੇ ਵੱਖ ਵੱਖ ਵਿੰਗਾਂ ਵਿਚ ਕੰਮ ਕਰਦੇ ਕਾਮਿਆ ਨੇ ਆਪਣੀਆ ਮੰਗਾਂ ਨੂੰ ਲੈ ਕੇ ਵੀਰਵਾਰ ਨੂੰ ਸ਼ੁਰੂ ਕੀਤੀ ਦੋ ਰੋਜਾ ਕਲਮ ਛੋੜ ਹੜਤਾਲ ਦੇ ਪਹਿਲੇ ਦਿਨ ਮੁਲਾਜ਼ਮਾਂ ਨੇ ਸਰਕਾਰ ਖਿਲਾਫ਼ ਸਿਵਲ ਹਸਪਤਾਲ ਰੂਪਨਗਰ ਵਿਖੇ ਰੋਸ ਪ੍ਰਦਰਸ਼ਨ ਕਰਦਿਆਂ ਨਟਾਅਰੇਬਾਜ਼ੀ ਕੀਤਾ ਅਤੇ ਸਿਵਲ ਸਰਜਨ ਡਾ ਬੌਬੀ ਗੁਲਾਟੀ ਨੂੰ ਮੰਗ ਪੱਤਰ ਸੌਪਿਆ। ਉੱਧਰ ਹੜਤਾਲ ਕਾਰਨ ਸਿਹਤ ਸੇਵਾਂਵਾਂ ਬੁਰੀ ਤਰਾਂ ਪ੍ਰਭਾਵਿਤ ਹੋਈਆ। ਇਸ ਮੌਕੇ ਤੇ ਐਨਐਚਐਮ ਇੰਪਲਾਈਜ ਯੂਨੀਅਨ ਪੰਜਾਬ ਦੇ ਸਟੇਟ ਕਮੇਟੀ ਮੈਂਬਰ ਸੁਖਜੀਤ ਕੰਬੋਜ ਨੇ ਕਿਹਾਕਿ ਸਿਹਤ ਵਿਭਾਗ ਵਿਚ ਯੋਗ ਪ੍ਣਾਲੀ ਰਾਹੀ ਭਰਤੀ ਕੀਤੇ ਨੈਸ਼ਨਲ ਹੈਲਥ ਮਿਸ਼ਨ ਅਧੀਨ ਪਿਛਲੇ ਦੋ ਦਹਾਕਿਆਂ ਤੋਂ ਠੇਕੇ ਤੇ ਕੰਮ ਕਰਦੇ ਕੱਚੇ ਸਿਹਤ ਮੁਲਾਜ਼ਮਾਂ ਨਾਲ ਪੱਕੇ ਕਰਨ ਦਾ ਵਾਅਦਾ ਕਰਨ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਸੱਤਾ ਦੇ ਨਸ਼ੇ ਵਿਚ ਆਪਣੇ ਵਾਅਦਿਆ ਭੱਜਦੀ ਨਜ਼ਰ ਆ ਰਹੀ ਹੈ । ਉਨ੍ਹਾਂ ਕਿਹਾਕਿ ਐਨਐਚਐਮ ਕਰਮਚਾਰੀਆਂ ਦੀਆਂ ਜਾਇਜ ਮੰਗਾਂ ਦੇ ਸਬੰਧ ਵਿਚ ਪਹਿਲੀਆਂ ਸਰਕਾਰਾਂ ਵਾਂਗ ਆਪ ਸਰਕਾਰ ਨੇ ਲਾਰਾ ਲਾਊ ਅਤੇ ਡੰਗ ਟਪਾਊ ਨੀਤੀ ਅਪਣਾਉਂਦਿਆਂ ਕਰਮਚਾਰੀਆਂ ਦੀਆਂ ਜਾਇਜ ਮੰਗਾਂ ਨੂੰ ਪੂਰਾ ਕਰਨ ਲਈ ਅਜੇ ਤੱਕ ਕੋਈ ਸਪੱਸ਼ਟ ਹਾਂ ਪੱਖੀ ਹੁੰਗਾਰਾ ਨਹੀ ਭਰਿਆ ਜਿਸ ਕਰਕੇ ਐਨਐਚਐਮ ਕਰਮਚਾਰੀਆਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾਕਿ ਸਰਕਾਰ ਦੀ ਮੁਲਾਜ਼ਮ ਵਿਰਸੋਧੀ ਨੀਤੀ ਨੂੰ ਵੇਖਦੇ ਹੋਏ ਐਨਐਚਐਮ ਇੰਪਲਾਈਜ ਯੂਨੀਅਨ ਪੰਜਾਬ ਵੱਲੋਂ ਆਪਣਾ ਰੋਸ ਪ੍ਰਗਟ ਕਰਦਿਆਂ 13 ਅਤੇ 14 ਅਗਸਤ ਦੀ ਰੋਜਾ ਹੜਤਾਲ ਦਾ ਐਲਾਨ ਕੀਤਾ ਹੈ, ਪਿਛਲੇ ਸਾਢੇ ਚਾਰ ਸਾਲਾਂ ਦੌਰਾਨ ਕੀਤੀਆਂ ਗਈਆਂ ਲੱਗਭੱਗ 40-45 ਦੇ ਕਰੀਬ ਮੀਟਿੰਗਾਂ ਵਿਚ ਵੀ ਕੋਈ ਹੱਲ ਨਹੀਂ ਕੀਤਾ ਗਿਆ ਅਤੇ ਮੀਟਿੰਗਾਂ ਦੌਰਾਨ ਬੱਸ ਲਾਰਿਆਂ ਦੀ ਪੰਡ ਤੋਂ ਇਲਾਵਾਂ ਯੂਨੀਅਨ ਆਗੂਆ ਨੂੰ ਕੁਝ ਵੀ ਨਹੀਂ ਦਿੱਤਾ ਗਿਆ। ਉਨ੍ਹਾਂ ਸਖ਼ਤ ਸ਼ਬਦਾਂ ’ਚ ਕਿਹਾ ਕਿ ਜੇਕਰ ਸਰਕਾਰ ਐਨਐਚਐਮ ਮੁਲਾਜ਼ਮਾਂ ਦੀ ਮੁੱਖ ਮੰਗਾਂ ਜਿਵੇਂ ਕਿ ਬਰਾਬਰ ਕੰਮ ਬਰਾਬਰ ਤਨਖਾਹ, ਗਰੇਚੁਟੀ, ਉਮਰ ਹੱਦ ਵਾਧਾ ਆਦਿ ਨਹੀਂ ਮੰਨਦੀ ਤਾਂ ਆਉਣ ਵਾਲੇ ਸਮੇਂ ’ਚ ਸਰਕਾਰ ਨੂੰ ਇਸ ਦਾ ਖਮਿਆਜ਼ਾ ਭੁਗਤਣਾ ਪਵੇਗਾ, ਅਤੇ ਇਸ ਦਾ ਜਵਾਬ ਸਮੂਹ ਐਨਐਚਐਮ ਮੁਲਾਜ਼ਮ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਦੇਣਗੇ। ਇਸ ਮੋਕੇ ਤੇ ਆਗੂ ਮਨਜਿੰਦਰ ਸਿੰਘ ਨੇ ਸਾਫ ਸ਼ਬਦਾਂ ਵਿਚ ਕਿਹਾ ਕਿ ਜੇਕਰ ਸਰਕਾਰ ਵੱਲੋਂ ਜਲਦੀ ਉਨਾਂ ਦੀਆਂ ਜਾਇਜ ਮੰਗਾਂ ਨੂੰ ਪਹਿਲ ਦੇ ਆਧਾਰ ਤੇ ਹੱਲ ਨਹੀਂ ਕਰਦੀ ਤਾਂ ਸਰਕਾਰ ਦਾ ਹਰ ਮੋੜ ਤੇ ਘਿਰਾਓ ਦਾ ਸਾਹਮਣਾ ਕਰਨ ਪਵੇਗਾ। ਆਗੂ ਰਾਜਿੰਦਰ ਸਿੰਘ ਨੇ ਕਿਹਾ ਕਿ ਸਰਕਾਰ ਅਤੇ ਵਿਭਾਗ ਨੂੰ ਤੁਰੰਤ ਸਾਡੀਆਂ ਹੱਕੀ ਮੰਗਾਂ ਮੰਨਦੇ ਹੋਏ ਨੋਟੀਫਿਕੇਸ਼ਨ ਜਾਰੀ ਕਰਨਾ ਚਾਹੀਦਾ ਹੈ। ਜੇਕਰ ਸਰਕਾਰ ਦੁਬਾਰਾ ਫਿਰ ਟਾਲ ਮਟੋਲ ਦੀ ਨੀਤੀ ਵਰਤਦੀ ਹੈ ਤਾਂ ਸਾਨੂੰ ਮਜਬੂਰ ਹੋ ਕੇ ਅਣਮਿੱਥੇ ਸਮੇਂ ਲਈ ਹੜਤਾਲ ਤੇ ਜਾਣਾ ਪਵੇਗਾ। ਇਸ ਦੋਰਾਨ ਹੜਤਾਲ ਪ੍ਰਭਵਿਤ ਹੋਣ ਵਾਲੀਆਂ ਸਿਹਤ ਸੇਵਾਵਾਂ ਦੀ ਜ਼ਿੰਮੇਵਾਰੀ ਸੂਬਾ ਸਰਕਾਰ ਅਤੇ ਵਿਭਾਗ ਦੀ ਹੋਵੇਗੀ। ਇਸ ਮੌਕੇ ਤੇ ਮਨਜਿੰਦਰ ਸਿੰਘ, ਲਖਵੀਰ ਸਿੰਘ, ਕਿਰਨਦੀਪ ਕੌਰ, ਨੇਹਾ ਸੈਣੀ, ਪਰਵਿੰਦਰ ਸਿੰਘ, ਖੁਸ਼ਹਾਲ, ਪਰਦੀਪ, ਸੈਮਸਨ ਪਾਲ, ਮਨਦੀਪ ਸਿੰਘ, ਜਤਿੰਦਰ ਕੁਮਾਰ, ਸੁਖਵਿੰਦਰ ਕੌਰ, ਡਾਕਟਰ ਰਿੰਪਲ ਆਦਿ ਕਰਮਚਾਰੀ ਹਾਜਰ ਸਨ।