ਸਿਹਤ ਵਿਭਾਗ ਵੱਲੋਂ ਵੱਖ-ਵੱਖ ਥਾਂਵਾ ’ਤੇ ਮਨਾਇਆ ਮਮਤਾ ਦਿਵਸ ਸਿਹਤ ਵਿਭਾਗ ਵੱਲੋਂ ਵੱਖ-ਵੱਖ ਥਾਂਵਾ ’ਤੇ ਮਨਾਇਆ ਮਮਤਾ ਦਿਵਸ
Publish Date: Thu, 10 Sep 2026 04:18 PM (IST)
Updated Date: Thu, 10 Sep 2026 04:19 PM (IST)
ਨਿੱਜੀ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮੋਰਿੰਡਾ: ਸਿਹਤ ਵਿਭਾਗ ਵੱਲੋਂ ਵੱਖ-ਵੱਖ ਥਾਂਵਾ ਤੇ ਮਮਤਾ ਦਿਵਸ ਮਨਾਇਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੀਐੱਚਓ ਗੁਰਜੀਤ ਕੌਰ ਨੇ ਕਿਹਾ ਕਿ ਮਮਤਾ ਦਿਵਸ ਹਰ ਬੁੱਧਵਾਰ ਵਾਲੇ ਦਿਨ ਮਨਾਇਆ ਜਾਂਦਾ ਹੈ। ਇਸ ਦਿਨ ਬੱਚਿਆਂ ਨੂੰ ਮਾਰੂ ਰੋਗਾਂ ਪੋਲੀਓ, ਕਾਲੀ ਖਾਂਸੀ, ਟੀਬੀ, ਨਮੂਨੀਆ, ਖਸਰਾ, ਰੁਬੇਲਾ, ਅੰਧਰਾਤਾ, ਹੈਪੇਟਾਈਟਸ-ਬੀ, ਦਿਮਾਗੀ ਬੁਖਾਰ, ਗਲਘੋਟੂ ਅਤੇ ਟੈੱਟਨੈੱਸ ਦੇ ਟੀਕੇ ਲਗਾਏ ਜਾਂਦੇ ਹਨ। ਉਨ੍ਹਾਂ ਕਿਹਾ ਕਿ ਗਰਭਵਤੀ ਮਹਿਲਾਂਵਾ ਆਪਣੀ ਡਾਈਟ ਵਿਚ ਹਰੀਆਂ ਸਬਜੀਆਂ ਅਤੇ ਫਲਾਂ ਦਾ ਇਸਤੇਮਾਲ ਕਰਨ ਤਾਂ ਜੋ ਜੱਚਾ-ਬੱਚਾ ਦੋਵੇਂ ਤੰਦਰੁਸਤ ਰਹਿਣ ਅਤੇ ਸਰੀਰ ਵਿਚ ਖੂਨ ਦੀ ਕਮੀ ਨਾ ਹੋਵੇ। ਇਸ ਮੌਕੇ ਹੈੱਲਥ ਵਰਕਰ ਬੇਅੰਤ ਸਿੰਘ ਨੇ ਕਿਹਾ ਕਿ ਯੋਗ ਜੋੜਿਆਂ ਨੂੰ ਪਰਿਵਾਰ ਨਿਯੋਜਨ ਦੇ ਤਰੀਕੇ ਬੱਚਿਆਂ ਵਿਚ ਵੱਕਫਾ ਪਾਉਣ ਲਈ ਅਪਨਾਉਣੇ ਚਾਹੀਦੇ ਹਨ ਅਤੇ ਪਹਿਲੇ ਬੱਚੇ ਤੋਂ ਬਾਅਦ ਦੂਜੇ ਬੱਚੇ ਵਿਚ ਘੱਟੋ-ਘੱਟ 3 ਸਾਲ ਦਾ ਵੱਕਫਾ ਹੋਣਾ ਚਾਹੀਦਾ ਹੈ। ਪਰਿਵਾਰ ਭਲਾਈ ਦੇ ਸਾਧਨਾਂ ਵਿਚ ਪੀਪੀਆਈਯੂਸੀਡੀ, ਨਿਰੋਧ, ਕਾਪਰ-ਟੀ, ਅੰਤਰਾ ਟੀਕਾ ਅਤੇ ਛਾਇਆ ਗੋਲੀਆਂ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਨਵਜੰਮੇ ਬੱਚਿਆਂ ਨੂੰ ਘੱਟੋ ਘੱਟ 6 ਮਹੀਨੇ ਤੱਕ ਮਾਂ ਦਾ ਹੀ ਦੁੱਧ ਪਿਲਾਇਆ ਜਾਵੇ। ਇਸ ਮੌਕੇ ਸਮੂਹ ਸੀਐੱਚਓਜ਼, ਸਮੂਹ ਮਲਟੀਪਰਪਜ਼ ਹੈੱਲਥ ਵਰਕਰਜ਼, ਸਮੂਹ ਏਐੱਨਐੱਮਜ਼ ਅਤੇ ਆਸ਼ਾ ਵਰਕਰਜ਼ ਹਾਜ਼ਰ ਸਨ।