ਹੋਲਾ ਮੁਹੱਲਾ ਮੌਕੇ ਸਿਹਤ ਵਿਭਾਗ ਨੇ ਕੀਤੀਆਂ ਅਗਾਊ ਤਿਆਰੀਆਂ
ਹੋਲਾ ਮੁਹੱਲਾ ਮੌਕੇ ਸਿਹਤ ਵਿਭਾਗ ਵੱਲੋਂ ਅਗਾਊ ਤਿਆਰੀਆਂ, ਪਾਣੀ ਦੇ ਸੈਂਪਲ ਅਤੇ ਫੌਗਿੰਗ ਸਪਰੇਅ
Publish Date: Mon, 23 Feb 2026 05:31 PM (IST)
Updated Date: Mon, 23 Feb 2026 05:34 PM (IST)

ਨਰਿੰਦਰ ਸੈਣੀ, ਪੰਜਾਬੀ ਜਾਗਰਣ ਸ਼੍ਰੀ ਕੀਰਤਪੁਰ ਸਾਹਿਬ : ਹੋਲਾ ਮੁਹੱਲਾ ਦੌਰਾਨ ਸੰਗਤਾਂ ਦੀ ਵੱਡੀ ਆਮਦ ਨੂੰ ਧਿਆਨ ਵਿਚ ਰੱਖਦਿਆਂ ਸਿਹਤ ਵਿਭਾਗ ਵੱਲੋਂ ਕੀਰਤਪੁਰ ਸਾਹਿਬ ਅਤੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਅਗਾਊ ਤਿਆਰੀਆਂ ਕੀਤੀਆਂ ਗਈਆਂ। ਇਸ ਤਹਿਤ ਵੱਖ-ਵੱਖ ਥਾਵਾਂ ਤੋਂ ਪੀਣ ਵਾਲੇ ਪਾਣੀ ਦੇ ਸੈਂਪਲ ਇਕੱਠੇ ਕਰਕੇ ਜਾਂਚ ਲਈ ਭੇਜੇ ਗਏ ਅਤੇ ਮੱਛਰ-ਮੱਖੀਆਂ ਦੀ ਰੋਕਥਾਮ ਲਈ ਫੌਗਿੰਗ ’ਤੇ ਸਪਰੇਅ ਦੀ ਮੁਹਿੰਮ ਚਲਾਈ ਗਈ। ਇਹ ਕਾਰਵਾਈ ਸਿਵਲ ਸਰਜਨ ਡਾ. ਨਵਰੂਪ ਕੌਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸੀਨੀਅਰ ਮੈਡੀਕਲ ਅਧਿਕਾਰੀ ਡਾ. ਸੁਰਜੀਤ ਸਿੰਘ ਦੀ ਅਗਵਾਈ ਹੇਠ ਅਮਲ ਵਿਚ ਲਿਆਂਦੀ ਗਈ। ਸਿਹਤ ਟੀਮਾਂ ਵੱਲੋਂ ਮੇਲਾ ਖੇਤਰ, ਬੱਸ ਅੱਡਾ, ਸੰਗਤਾਂ ਦੀ ਰਿਹਾਇਸ਼ ਵਾਲੀਆਂ ਥਾਵਾਂ ਅਤੇ ਭੀੜਭਾੜ ਵਾਲੇ ਇਲਾਕਿਆਂ ਵਿਚ ਸਪਰੇਅ ਕਰਕੇ ਮੱਛਰਾਂ ਦੀ ਪੈਦਾਵਾਰ ਨੂੰ ਰੋਕਣ ਲਈ ਪ੍ਰੀ-ਬਰੀਡਿੰਗ ਚੈਕਿੰਗ ਵੀ ਕੀਤੀ ਗਈ। ਅਧਿਕਾਰੀਆਂ ਨੇ ਦੱਸਿਆ ਕਿ ਹੋਲਾ ਮਹੱਲਾ ਦੌਰਾਨ ਦੇਸ਼-ਵਿਦੇਸ਼ ਤੋਂ ਵੱਡੀ ਗਿਣਤੀ ਵਿਚ ਸ਼ਰਧਾਲੂ ਦਰਸ਼ਨਾਂ ਲਈ ਪਹੁੰਚਦੇ ਹਨ। ਸੰਗਤਾਂ ਦੀ ਸਿਹਤ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਮੈਡੀਕਲ ਕੈਂਪਾਂ ਰਾਹੀਂ ਦਵਾਈਆਂ ਦੀ ਉਪਲੱਬਧਤਾ, 24 ਘੰਟੇ ਐਮਰਜੈਂਸੀ ਸੇਵਾਵਾਂ ਅਤੇ ਐਂਬੂਲੈਂਸ ਸਹੂਲਤਾਂ ਪ੍ਰਬੰਧਿਤ ਕੀਤੀਆਂ ਗਈਆਂ ਹਨ। ਨਾਲ ਹੀ ਨੈਸ਼ਨਲ ਵੈਕਟਰ ਬੋਰਨ ਬਿਮਾਰੀਆਂ ਰੋਕਥਾਮ ਕਾਰਜਕ੍ਰਮ ਅਧੀਨ ਅਗਾਊ ਕਦਮ ਚੁੱਕੇ ਜਾ ਰਹੇ ਹਨ ਤਾਂ ਜੋ ਡੇਂਗੂ, ਮਲੇਰੀਆ ਵਰਗੀਆਂ ਬਿਮਾਰੀਆਂ ਤੋਂ ਬਚਾਅ ਕੀਤਾ ਜਾ ਸਕੇ। ਸਿਹਤ ਵਿਭਾਗ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਸਾਫ਼ ਪੀਣ ਵਾਲਾ ਪਾਣੀ ਹੀ ਵਰਤਿਆ ਜਾਵੇ, ਖੁੱਲ੍ਹੇ ਵਿਚ ਪਾਣੀ ਖੜ੍ਹਾ ਨਾ ਰਹਿਣ ਦਿੱਤਾ ਜਾਵੇ ਅਤੇ ਮੱਛਰਾਂ ਤੋਂ ਬਚਾਅ ਲਈ ਸਾਵਧਾਨੀਆਂ ਅਪਣਾਈਆਂ ਜਾਣ। ਵਿਭਾਗ ਵੱਲੋਂ ਹੋਲਾ ਮਹੱਲਾ ਦੌਰਾਨ ਲਗਾਤਾਰ ਨਿਗਰਾਨੀ ਕਰਦਿਆਂ ਸੰਗਤਾਂ ਨੂੰ ਸੁਰੱਖਿਅਤ ਅਤੇ ਸੁਚੱਜੀਆਂ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਦਾ ਭਰੋਸਾ ਦਿੱਤਾ ਗਿਆ।