- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਿਹਤ ਵਿਭਾਗ ਵੱਲੋਂ ਐਂਟੀ ਡੇਂਗੂ ਕੰਪੇਨ ਤਹਿਤ ਸਰਵੇ ਜਾਰੀ

ਨਿੱਜੀ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮੋਰਿੰਡਾ : ਸਿਹਤ ਸੈਕਟਰ ਕਾਈਨੌਰ ਅਧੀਨ ਵੱਖ-ਵੱਖ ਪਿੰਡਾਂ ’ਚ ਸਿਹਤ ਵਿਭਾਗ ਦੀ ਟੀਮ ਵੱਲੋਂ ਸਰਵੇ ਕੀਤਾ ਗਿਆ। ਇਸ ਮੌਕੇ ’ਤੇ ਜਾਣਕਾਰੀ ਦਿੰਦਿਆਂ ਡਾ.ਟੰਡਨ ਨੇ ਕਿਹਾ ਕਿ ਡੇਂਗੂ ਤੋਂ ਬਚਾਅ ਲਈ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਹਨ। ਜਿਵੇਂ ਕਿ ਕਈ ਥਾਂਵਾ ’ਤੇ ਪਾਣੀ ਇਕੱਠਾ ਹੋ ਗਿਆ ਹੈ ਜਿਥੇ ਮੱਛਰ ਦਾ ਲਾਰਵਾ ਪਨਪਦਾ ਹੈ। ਇਸ ਲਈ ਅਜਿਹੀਆਂ ਥਾਂਵਾ ’ਤੇ ਲਾਰਵੇਸਾਈਡ ਦਵਾਈ ਦਾ ਸਪਰੇਅ ਜਾਂ ਉਸ ਪਾਣੀ ’ਚ ਕਾਲਾ ਤੇਲ ਪਾਇਆ ਜਾਵੇ ਤਾਂ ਜੋ ਮੱਛਰ ਦਾ ਲਾਰਵਾ ਪੈਦਾ ਨਾ ਹੋਵੇ।
ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਸਾਨੂੰ ਆਪਣੇ ਘਰਾਂ ’ਚ ਪਏ ਕੂਲਰਾਂ, ਫਰਿਜਾਂ ਦੀਆਂ ਟ੍ਰੇਆਂ, ਗਮਲਿਆਂ ਆਦਿ ਨੂੰ ਹਫਤੇ ’ਚ ਇੱਕ ਵਾਰ ਜਰੂਰ ਸੁਕਾਇਆ ਜਾਵੇ ਤਾਂ ਜੋ ਮੱਛਰ ਪੈਦਾ ਨਾ ਹੋਵੇ। ਇਸ ਮੌਕੇ ’ਤੇ ਲਖਮਿੰਦਰ ਸਿੰਘ ਹੈਲਥ ਵਰਕਰ ਨੇ ਕਿਹਾ ਕਿ ਜੇਕਰ ਕਿਸੀ ਵਿਅਕਤੀ ਨੂੰ ਤੇਜ਼ ਸਿਰ ਦਰਦ ਤੇ ਤੇਜ਼ ਬੁਖਾਰ ਹੋਵੇ, ਮਾਸ ਪੇਸ਼ੀਆਂ ਤੇ ਜੋੜਾਂ ’ਚ ਦਰਦ ਹੋਵੇ, ਅੱਖਾਂ ਦੇ ਪਿਛਲੇ ਹਿੱਸੇ ’ਚ ਦਰਦ, ਜੀ ਕੱਚਾ ਹੋਣਾ ਤੇ ਉਲਟੀਆਂ ਲੱਗਣਾ, ਹਾਲਤ ਖਰਾਬ ਹੋਣ ’ਤੇ ਨੱਕ, ਮੂੰਹ ਤੇ ਮਸੂੜਿਆਂ ਵਿੱਚੋਂ ਖੂਨ ਵਗਣਾ ਆਦਿ ਲੱਛਣ ਹੋਣ ਤਾਂ ਇਹ ਡੇਂਗੂ ਦੇ ਲੱਛਣ ਹੋ ਸਕਦੇ ਹਨ। ਇਸ ਲਈ ਸਰਕਾਰੀ ਹਸਪਤਾਲ ’ਚ ਜਾ ਕੇ ਡਾਕਟਰ ਤੋਂ ਆਪਣਾ ਮੁਆਇਨਾ ਕਰਵਾ ਕੇ ਟੈਸਟ ਕਰਵਾਉਣਾ ਚਾਹੀਦਾ ਹੈ। ਇਸ ਮੌਕੇ ’ਤੇ ਬੇਅੰਤ ਸਿੰਘ ਨੇ ਕਿਹਾ ਕਿ ਡੇਂਗੂ ਬੁਖਾਰ ’ਚ ਆਪਣੀ ਮਰਜ਼ੀ ਨਾਲ ਦਵਾਈਆਂ ਦਾ ਇਸਤੇਮਾਲ ਨਾ ਕੀਤਾ ਜਾਵੇ ਤੇ ਬੁਖਾਰ ਹੋਣ ਤੇ ਪੈਰਾਸਿਟਾਮੋਲ ਗੋਲੀ ਦੀ ਵਰਤੋਂ ਕੀਤੀ ਜਾਵੇ ਤੇ ਡਾਕਟਰੀ ਮੁਆਇਨਾ ਜ਼ਰੂਰ ਕਰਵਾਉਣਾ ਚਾਹੀਦਾ ਹੈ। ਇਸ ਮੌਕੇ ’ਤੇ ਮਲਟੀਪਰਪਜ਼ ਹੈਲਥ ਵਰਕਰ ਗੁਰਦੀਪ ਸਿੰਘ, ਗੁਰਪ੍ਰੀਤ ਸਿੰਘ ਅਤੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ।