ਸਿਹਤ ਵਿਭਾਗ ਨੇ ਰੋਟਰੀ ਕਲੱਬ ਦੇ ਸਹਿਯੋਗ ਨਾਲ ਅੰਗ ਦਾਨ ਪ੍ਰਤੀ ਜਾਗਰੂਕਤਾ ਲਈ ਵਰਕਸ਼ਾਪ ਕਰਵਾਈ ਸਿਹਤ ਵਿਭਾਗ ਨੇ ਰੋਟਰੀ ਕਲੱਬ ਦੇ ਸਹਿਯੋਗ ਨਾਲ ਅੰਗ ਦਾਨ ਪ੍ਰਤੀ ਜਾਗਰੂਕਤਾ ਲਈ ਵਰਕਸ਼ਾਪ ਕਰਵਾਈ
Publish Date: Thu, 13 Aug 2026 04:19 PM (IST)
Updated Date: Thu, 13 Aug 2026 04:20 PM (IST)
ਅੰਗ ਦਾਨ ਲਈ ਰਜਿਸਟ੍ਰੇਸ਼ਨ, ਮੌਤ ਤੋਂ ਬਾਅਦ ਅੰਗ ਦਾਨ ਦੀ ਪ੍ਰਕਿਰਿਆ ਬਾਰੇ ਜਾਣਕਾਰੀ ਦਿੱਤੀ ਸਟਾਫ਼ ਰਿਪੋਰਟਰ, ਪੰਜਾਬੀ ਜਾਰਗਣ,ਰੂਪਨਗਰ: ਸਿਹਤ ਵਿਭਾਗ ਰੂਪਨਗਰ ਵੱਲੋਂ ਰੋਟਰੀ ਕਲੱਬ ਰੂਪਨਗਰ ਦੇ ਸਹਿਯੋਗ ਨਾਲ ਸਿਵਲ ਸਰਜਨ ਦਫ਼ਤਰ ਰੂਪਨਗਰ ਦੇ ਟ੍ਰੇਨਿੰਗ ਹਾਲ ਵਿਖੇ ਅੰਗ ਦਾਨ ਸਬੰਧੀ ਜਾਗਰੂਕਤਾ ਵਰਕਸ਼ਾਪ ਅਤੇ ਸਿਖਲਾਈ ਪ੍ਰੋਗਰਾਮ ਕਰਵਾਇਆ ਗਿਆ। ਇਸ ਵਰਕਸ਼ਾਪ ਦਾ ਮੁੱਖ ਉਦੇਸ਼ ਲੋਕਾਂ ਅਤੇ ਸਿਹਤ ਵਿਭਾਗ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਅੰਗ ਦਾਨ ਦੀ ਮਹੱਤਤਾ, ਪ੍ਰਕਿਰਿਆ ਅਤੇ ਇਸ ਨਾਲ ਜੁੜੀਆਂ ਗਲਤ ਧਾਰਨਾਵਾਂ ਬਾਰੇ ਸਹੀ ਜਾਣਕਾਰੀ ਦੇਣਾ ਸੀ। ਇਸ ਮੌਕੇ ਸਿਵਲ ਸਰਜਨ ਡਾ. ਬੌਬੀ ਗੁਲਾਟੀ ਨੇ ਕਿਹਾ ਕਿ ਅੰਗ ਦਾਨ ਇੱਕ ਮਹਾਨ ਮਨੁੱਖੀ ਸੇਵਾ ਹੈ, ਜਿਸ ਰਾਹੀਂ ਕਿਸੇ ਵਿਅਕਤੀ ਦੀ ਮੌਤ ਤੋਂ ਬਾਅਦ ਉਸ ਦੇ ਦਾਨ ਕੀਤੇ ਅੰਗ ਕਿਸੇ ਹੋਰ ਲੋੜਵੰਦ ਮਰੀਜ਼ ਨੂੰ ਨਵੀਂ ਜ਼ਿੰਦਗੀ ਦੇ ਸਕਦੇ ਹਨ। ਉਨ੍ਹਾਂ ਕਿਹਾ ਕਿ ਸਮਾਜ ਵਿਚ ਅੰਗ ਦਾਨ ਪ੍ਰਤੀ ਜਾਗਰੂਕਤਾ ਪੈਦਾ ਕਰਨਾ ਸਮੇਂ ਦੀ ਲੋੜ ਹੈ, ਕਿਉਂਕਿ ਬਹੁਤ ਸਾਰੇ ਮਰੀਜ਼ ਅੰਗਾਂ ਦੀ ਉਡੀਕ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਲੋਕਾਂ ਵਿਚ ਅੰਗ ਦਾਨ ਸਬੰਧੀ ਕਈ ਗਲਤਫ਼ਹਿਮੀਆਂ ਅਤੇ ਭਰਮ ਮੌਜੂਦ ਹਨ, ਜਿਨ੍ਹਾਂ ਨੂੰ ਸਹੀ ਜਾਣਕਾਰੀ ਅਤੇ ਜਾਗਰੂਕਤਾ ਰਾਹੀਂ ਦੂਰ ਕੀਤਾ ਜਾ ਸਕਦਾ ਹੈ। ਉਨ੍ਹਾਂ ਸਿਹਤ ਵਿਭਾਗ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਆਪਣੇ-ਆਪਣੇ ਖੇਤਰਾਂ ਵਿਚ ਲੋਕਾਂ ਨੂੰ ਅੰਗ ਦਾਨ ਦੀ ਮਹੱਤਤਾ ਬਾਰੇ ਜਾਗਰੂਕ ਕਰਨ ਅਤੇ ਵੱਧ ਤੋਂ ਵੱਧ ਲੋਕਾਂ ਨੂੰ ਇਸ ਨੇਕ ਕਾਰਜ ਲਈ ਪ੍ਰੇਰਿਤ ਕਰਨ ਦੀ ਅਪੀਲ ਕੀਤੀ। ਵਰਕਸ਼ਾਪ ਦੌਰਾਨ ਅੰਗ ਦਾਨ ਲਈ ਰਜਿਸਟ੍ਰੇਸ਼ਨ, ਦਾਨ ਕੀਤੇ ਜਾ ਸਕਣ ਵਾਲੇ ਅੰਗਾਂ ਅਤੇ ਟਿਸ਼ੂਆਂ, ਮੌਤ ਤੋਂ ਬਾਅਦ ਅੰਗ ਦਾਨ ਦੀ ਪ੍ਰਕਿਰਿਆ ਅਤੇ ਪਰਿਵਾਰ ਦੀ ਸਹਿਮਤੀ ਦੀ ਮਹੱਤਤਾ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ। ਹਾਜ਼ਰੀਨ ਨੂੰ ਸਮਝਾਇਆ ਗਿਆ ਕਿ ਅੰਗ ਦਾਨ ਸਿਰਫ਼ ਕਿਸੇ ਲੋੜਵੰਦ ਵਿਅਕਤੀ ਦੀ ਜ਼ਿੰਦਗੀ ਬਚਾਉਣ ਦਾ ਸਾਧਨ ਹੀ ਨਹੀਂ, ਸਗੋਂ ਪਰਿਵਾਰ ਨੂੰ ਆਪਣੇ ਪਿਆਰੇ ਦੀ ਯਾਦ ਨੂੰ ਮਨੁੱਖੀ ਸੇਵਾ ਨਾਲ ਜੋੜਨ ਦਾ ਮੌਕਾ ਵੀ ਦਿੰਦਾ ਹੈ। ਰੋਟਰੀ ਕਲੱਬ ਰੂਪਨਗਰ ਦੇ ਨੁਮਾਇੰਦਿਆਂ ਗੁਰਪ੍ਰੀਤ ਸਿੰਘ, ਡਾ. ਕਮਲ ਚੌਧਰੀ ਅਤੇ ਅਸ਼ੋਕ ਚੱਢਾ ਨੇ ਕਿਹਾ ਕਿ ਅੰਗ ਦਾਨ ਪ੍ਰਤੀ ਜਾਗਰੂਕਤਾ ਵਧਾਉਣ ਲਈ ਸਮਾਜਿਕ ਸੰਸਥਾਵਾਂ ਅਤੇ ਸਿਹਤ ਵਿਭਾਗ ਨੂੰ ਮਿਲ ਕੇ ਲਗਾਤਾਰ ਉਪਰਾਲੇ ਕਰਨੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਅੰਗ ਦਾਨ ਬਾਰੇ ਸਹੀ ਅਤੇ ਪ੍ਰਮਾਣਿਕ ਜਾਣਕਾਰੀ ਦੇ ਕੇ ਇਸ ਨੇਕ ਕਾਰਜ ਨਾਲ ਜੋੜਿਆ ਜਾ ਸਕਦਾ ਹੈ। ਜ਼ਿਲ੍ਹਾ ਮਾਸ ਮੀਡੀਆ ਅਫ਼ਸਰ ਰਵਿੰਦਰ ਸਿੰਘ ਨੇ ਦੱਸਿਆ ਕਿ ਨੈਸ਼ਨਲ ਔਰਗਨ ਐਂਡ ਟਿਸ਼ੂ ਟ੍ਰਾਂਸਪਲਾਂਟ ਆਰਗੇਨਾਈਜ਼ੇਸ਼ਨ ਦੀ ਵੈੱਬਸਾਈਟ ਰਾਹੀਂ ਵਿਅਕਤੀ ਆਪਣੇ ਆਪ ਨੂੰ ਅੰਗ ਦਾਨ ਲਈ ਰਜਿਸਟਰ ਕਰਵਾ ਸਕਦਾ ਹੈ। ਉਨ੍ਹਾਂ ਕਿਹਾ ਕਿ ਰਜਿਸਟ੍ਰੇਸ਼ਨ ਤੋਂ ਬਾਅਦ ਵੀ ਪਰਿਵਾਰ ਦੀ ਸਹਿਮਤੀ ਬਹੁਤ ਮਹੱਤਵਪੂਰਨ ਹੁੰਦੀ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਸੰਦੇਸ਼ ਨੂੰ ਆਪਣੇ ਪਰਿਵਾਰਕ ਮੈਂਬਰਾਂ, ਦੋਸਤਾਂ ਅਤੇ ਸਮਾਜ ਦੇ ਹੋਰ ਲੋਕਾਂ ਤੱਕ ਪਹੁੰਚਾਉਣ। ਇਸ ਵਰਕਸ਼ਾਪ ਵਿਚ ਸਿਹਤ ਵਿਭਾਗ ਵੱਲੋਂ ਕਿਹਾ ਗਿਆ ਕਿ ਅੰਗ ਦਾਨ ਪ੍ਰਤੀ ਵੱਧ ਤੋਂ ਵੱਧ ਜਾਗਰੂਕਤਾ ਪੈਦਾ ਕਰਕੇ ਇੱਕ ਸਿਹਤਮੰਦ, ਸੰਵੇਦਨਸ਼ੀਲ ਅਤੇ ਮਨੁੱਖੀ ਕਦਰਾਂ-ਕੀਮਤਾਂ ਵਾਲੇ ਸਮਾਜ ਦੀ ਸਿਰਜਣਾ ਵਿਚ ਮਹੱਤਵਪੂਰਨ ਯੋਗਦਾਨ ਪਾਇਆ ਜਾ ਸਕਦਾ ਹੈ। ਇਸ ਮੌਕੇ ਜ਼ਿਲ੍ਹਾ ਮਾਸ ਮੀਡੀਆ ਅਫ਼ਸਰ ਗੁਰਮੀਤ ਕੌਰ ਸਮੇਤ ਸਿਹਤ ਵਿਭਾਗ ਦੇ ਅਧਿਕਾਰੀ, ਕਰਮਚਾਰੀ ਅਤੇ ਰੋਟੇਰੀਅਨ ਹਾਜ਼ਰ ਸਨ।