ਡੇਂਗੂ ਦੀ ਰੋਕਥਾਮ ਲਈ ਹੌਟਸਪੌਟ ਖੇਤਰਾਂ ’ਚ ਸਰਵੇਖਣ ਡੇਂਗੂ ਦੀ ਰੋਕਥਾਮ ਲਈ ਸਿਹਤ ਵਿਭਾਗ ਵੱਲੋਂ ਹੌਟਸਪੌਟ ਖੇਤਰਾਂ ਵਿਚ ਘਰ-ਘਰ ਜਾ ਕੇ ਸਰਵੇਖਣ
Publish Date: Mon, 02 Nov 2026 05:13 PM (IST)
Updated Date: Mon, 02 Nov 2026 05:14 PM (IST)
394 ਘਰਾਂ ਦਾ ਦੌਰਾ ਕਰਕੇ 1,148 ਪਾਣੀ ਦੇ ਕੰਟੇਨਰਾਂ ਦੀ ਜਾਂਚ ਕੀਤੀ ਦੋ ਘਰਾਂ ’ਚੋਂ ਮਿਲਿਆ ਲਾਰਵਾ ਮੌਕੇ ’ਤੇ ਕੀਤਾ ਨਸ਼ਟ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ,ਰੂਪਨਗਰ : ਡੇਂਗੂ ਦੀ ਬਿਮਾਰੀ ਦੇ ਫੈਲਾਅ ਨੂੰ ਰੋਕਣ ਤੇ ਲੋਕਾਂ ਨੂੰ ਇਸ ਪ੍ਰਤੀ ਜਾਗਰੂਕ ਕਰਨ ਦੇ ਉਦੇਸ਼ ਨਾਲ ਸਿਹਤ ਵਿਭਾਗ ਵੱਲੋਂ ਸਿਵਲ ਸਰਜਨ ਰੂਪਨਗਰ ਡਾ. ਵਿਵੇਕ ਕਟਾਰੀਆ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਹਰ ਸ਼ੁੱਕਰਵਾਰ ਡੇਂਗੂ ਤੇ ਵਾਰ ਮੁਹਿੰਮ ਅਧੀਨ ਜ਼ਿਲ੍ਹੇ ’ਚ ਵਿਸ਼ੇਸ਼ ਗਤੀਵਿਧੀਆਂ ਚਲਾਈਆਂ ਜਾ ਰਹੀਆਂ ਹਨ। ਇਸੇ ਲੜੀ ਤਹਿਤ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਰੂਪਨਗਰ ਸ਼ਹਿਰ ਦੇ ਡੇਂਗੂ ਪ੍ਰਭਾਵਿਤ ਸੰਵੇਦਨਸ਼ੀਲ ਖੇਤਰਾਂ ਲਖਵਿੰਦਰਾ ਇਨਕਲੇਵ, ਮਾਡਲ ਟਾਊਨ, ਸੁਖਰਾਮ ਕਲੋਨੀ, ਗਹੂਣੀਆ ਇਨਕਲੇਵ ਅਤੇ ਬੜੀ ਹਵੇਲੀ ਵਿਖੇ ਘਰ-ਘਰ ਜਾ ਕੇ ਸਰਵੇਖਣ ਕੀਤਾ ਗਿਆ। ਸਰਵੇਖਣ ਦੌਰਾਨ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਕੁੱਲ 394 ਘਰਾਂ ਦਾ ਦੌਰਾ ਕਰਕੇ 1,148 ਪਾਣੀ ਦੇ ਕੰਟੇਨਰਾਂ ਦੀ ਜਾਂਚ ਕੀਤੀ ਗਈ। ਜਾਂਚ ਦੌਰਾਨ ਦੋ ਕੰਟੇਨਰਾਂ ਵਿੱਚ ਡੇਂਗੂ ਦੇ ਲਾਰਵੇ ਦੀ ਮੌਜੂਦਗੀ ਪਾਈ ਗਈ, ਜਿਸ ਨੂੰ ਸਿਹਤ ਕਰਮਚਾਰੀਆਂ ਵੱਲੋਂ ਤੁਰੰਤ ਮੌਕੇ ’ਤੇ ਹੀ ਨਸ਼ਟ ਕਰ ਦਿੱਤਾ ਗਿਆ। ਸਿਹਤ ਵਿਭਾਗ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਉਹ ਆਪਣੇ ਘਰਾਂ ਅਤੇ ਆਲੇ-ਦੁਆਲੇ ਪਾਣੀ ਇਕੱਠਾ ਨਾ ਹੋਣ ਦੇਣ। ਕੂਲਰਾਂ, ਗਮਲਿਆਂ, ਫਰਿੱਜਾਂ ਦੀਆਂ ਟਰੇਆਂ, ਪਾਣੀ ਦੀਆਂ ਟੈਂਕੀਆਂ ਅਤੇ ਹੋਰ ਪਾਣੀ ਰੱਖਣ ਵਾਲੇ ਬਰਤਨਾਂ ਦੀ ਨਿਯਮਤ ਤੌਰ ’ਤੇ ਸਫ਼ਾਈ ਕਰਨ ਅਤੇ ਪਾਣੀ ਖੜ੍ਹਾ ਨਾ ਰਹਿਣ ਦੇਣ। ਵਿਭਾਗ ਨੇ ਕਿਹਾ ਕਿ ਡੇਂਗੂ ਦਾ ਮੱਛਰ ਸਾਫ਼ ਖੜ੍ਹੇ ਪਾਣੀ ਵਿੱਚ ਪੈਦਾ ਹੁੰਦਾ ਹੈ ਅਤੇ ਇਸ ਦੀ ਰੋਕਥਾਮ ਲਈ ਲੋਕਾਂ ਦਾ ਸਹਿਯੋਗ ਬੇਹੱਦ ਜ਼ਰੂਰੀ ਹੈ। ਇਸ ਲਈ ਹਰ ਸ਼ੁੱਕਰਵਾਰ ਨੂੰ ਆਪਣੇ ਘਰਾਂ ਅਤੇ ਆਲੇ-ਦੁਆਲੇ ਪਾਣੀ ਦੇ ਸਰੋਤਾਂ ਦੀ ਜਾਂਚ ਕਰਕੇ ਉਨ੍ਹਾਂ ਨੂੰ ਖਾਲੀ ਅਤੇ ਸਾਫ਼ ਰੱਖਣਾ ਯਕੀਨੀ ਬਣਾਇਆ ਜਾਵੇ, ਤਾਂ ਜੋ ਡੇਂਗੂ ਦੇ ਮੱਛਰ ਦੀ ਪੈਦਾਵਾਰ ਨੂੰ ਰੋਕ ਕੇ ਇਸ ਬਿਮਾਰੀ ਤੋਂ ਬਚਾਅ ਕੀਤਾ ਜਾ ਸਕੇ।