ਸਿਹਤ ਵਿਭਾਗ ਵੱਲੋਂ ਧੀਆਂ ਦਾ ਐੱਚਪੀਵੀ ਟੀਕਾਕਰਨ ਕਰਵਾਉਣ ਦੀ ਅਪੀਲ ਸਿਹਤ ਵਿਭਾਗ ਵੱਲੋਂ ਧੀਆਂ ਦਾ ਐੱਚਪੀਵੀ ਟੀਕਾਕਰਨ ਕਰਵਾਉਣ ਦੀ ਅਪੀਲ
Publish Date: Wed, 09 Sep 2026 04:08 PM (IST)
Updated Date: Wed, 09 Sep 2026 04:10 PM (IST)
ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਰੂਪਨਗਰ : ਸਿਹਤ ਵਿਭਾਗ ਰੂਪਨਗਰ ਵੱਲੋਂ ਲੜਕੀਆਂ ਨੂੰ ਸਰਵਾਈਕਲ ਕੈਂਸਰ ਤੋਂ ਬਚਾਅ ਲਈ ਐੱਚਪੀਵੀ (ਹਿਊਮਨ ਪੈਪੀਲੋਮਾ ਵਾਇਰਸ) ਟੀਕਾਕਰਨ ਸਬੰਧੀ ਜਾਗਰੂਕ ਕਰਨ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ। ਇਸੇ ਤਹਿਤ ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ.ਸਾਰਿਕਾ ਨੇ ਸਿਵਲ ਹਸਪਤਾਲ ਰੂਪਨਗਰ ਵਿਖੇ 14 ਤੋਂ 15 ਸਾਲ ਉਮਰ ਵਰਗ ਦੀਆਂ ਲੜਕੀਆਂ ਦੇ ਟੀਕਾਕਰਨ ਮੌਕੇ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਆਪਣੀਆਂ ਧੀਆਂ ਨੂੰ ਐੱਚਪੀਵੀ ਦਾ ਟੀਕਾ ਜ਼ਰੂਰ ਲਗਵਾਉਣ ਅਤੇ ਟੀਕਾਕਰਨ ਸਬੰਧੀ ਕਿਸੇ ਵੀ ਤਰ੍ਹਾਂ ਦੀ ਅਫ਼ਵਾਹ ਜਾਂ ਗਲਤ ਜਾਣਕਾਰੀ ’ਤੇ ਵਿਸ਼ਵਾਸ ਨਾ ਕਰਨ। ਉਨ੍ਹਾਂ ਦੱਸਿਆ ਕਿ ਐੱਚਪੀਵੀ ਇੱਕ ਆਮ ਵਾਇਰਸ ਹੈ, ਜੋ ਅੱਗੇ ਚੱਲ ਕੇ ਸਰਵਾਈਕਲ ਕੈਂਸਰ ਸਮੇਤ ਕੁਝ ਹੋਰ ਕਿਸਮਾਂ ਦੇ ਕੈਂਸਰ ਦਾ ਕਾਰਨ ਬਣ ਸਕਦਾ ਹੈ। ਉਨ੍ਹਾਂ ਬੱਚੀਆਂ ਦੇ ਮਾਪਿਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਆਪਣੀ ਧੀ ਦੀ ਸਿਹਤ ਅਤੇ ਸੁਰੱਖਿਅਤ ਭਵਿੱਖ ਲਈ ਐੱਚਪੀਵੀ ਟੀਕਾਕਰਨ ਨੂੰ ਪਹਿਲ ਦੇਣ। ਇਹ ਟੀਕਾ ਪੂਰੀ ਤਰ੍ਹਾਂ ਸੁਰੱਖਿਅਤ ਹੈ ਅਤੇ ਕਿਸੇ ਵੀ ਸ਼ੰਕਾ ਦੀ ਸਥਿਤੀ ਵਿਚ ਸਿਹਤ ਵਿਭਾਗ ਦੇ ਮਾਹਿਰਾਂ ਜਾਂ ਸਿਹਤ ਕਰਮਚਾਰੀਆਂ ਤੋਂ ਸਹੀ ਅਤੇ ਭਰੋਸੇਯੋਗ ਜਾਣਕਾਰੀ ਪ੍ਰਾਪਤ ਕਰਨ। ਉਨ੍ਹਾਂ ਦੱਸਿਆ ਕਿ ਕਿਸੇ ਵੀ ਹੋਰ ਟੀਕੇ ਵਾਂਗ ਐੰਚਪੀਵੀ ਟੀਕੇ ਤੋਂ ਬਾਅਦ ਟੀਕਾ ਲਗਾਉਣ ਵਾਲੀ ਥਾਂ ’ਤੇ ਹਲਕਾ ਦਰਦ ਜਾਂ ਸੋਜ ਅਤੇ ਹਲਕਾ ਬੁਖਾਰ ਵਰਗੇ ਮਾਮੂਲੀ ਪ੍ਰਭਾਵ ਹੋ ਸਕਦੇ ਹਨ, ਜੋ ਆਮ ਤੌਰ ’ਤੇ ਥੋੜ੍ਹੇ ਸਮੇਂ ਵਿਚ ਆਪਣੇ ਆਪ ਠੀਕ ਹੋ ਜਾਂਦੇ ਹਨ। ਇਸ ਮੌਕੇ ਸਿਹਤ ਵਿਭਾਗ ਵੱਲੋਂ ਲੋਕਾਂ ਨੂੰ ਇਹ ਵੀ ਅਪੀਲ ਕੀਤੀ ਗਈ ਕਿ ਟੀਕਾਕਰਨ ਸਬੰਧੀ ਜਾਣਕਾਰੀ ਲਈ ਕੇਵਲ ਭਰੋਸੇਯੋਗ ਸਿਹਤ ਸਰੋਤਾਂ ’ਤੇ ਹੀ ਵਿਸ਼ਵਾਸ ਕੀਤਾ ਜਾਵੇ ਅਤੇ ਸੋਸ਼ਲ ਮੀਡੀਆ ’ਤੇ ਫੈਲ ਰਹੀ ਅਪ੍ਰਮਾਣਿਤ ਜਾਣਕਾਰੀ ਤੋਂ ਬਚਿਆ ਜਾਵੇ। ਇਸ ਮੌਕੇ ਜ਼ਿਲ੍ਹਾ ਮਾਸ ਮੀਡੀਆ ਅਫ਼ਸਰ ਰਵਿੰਦਰ ਸਿੰਘ, ਐੱਲਐੱਚਵੀ ਰਜਿੰਦਰ ਕੌਰ, ਏਐੱਨਐੱਮ ਭੁਪਿੰਦਰ ਕੌਰ, ਮਨਪ੍ਰੀਤ ਸਿੰਘ, ਗੁਰਦੀਪ ਸਿੰਘ ਅਤੇ ਹੋਰ ਪੈਰਾ-ਮੈਡੀਕਲ ਸਟਾਫ਼ ਹਾਜ਼ਰ ਸੀ।