ਰੂਪਨਗਰ ਹੈੱਡਵਰਕਸ ’ਤੇ ਗੰਦਗੀ ਦਾ ਮਾਮਲੇ ’ਚ ਵਿਧਾਇਕ ਦੱਸਣ ਮਾਲ ਮੁਕੱਦਮਾ ਕਿੱਥੇ ਗਿਆ? ਰੂਪਨਗਰ ਹੈੱਡਵਰਕਸ ’ਤੇ ਜਮ੍ਹਾਂ ਗੰਦਗੀ ਦਾ ਮਾਮਲਾ: ਵਿਧਾਇਕ ਦੱਸਣ
Publish Date: Tue, 25 Aug 2026 05:58 PM (IST)
Updated Date: Tue, 25 Aug 2026 06:00 PM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਰੂਪਨਗਰ: ਪੰਜਾਬ ਮੋਰਚਾ ਦੇ ਕਨਵੀਨਰ ਗੌਰਵ ਰਾਣਾ ਨੇ ਆਪਣੀ ਟੀਮ ਅਤੇ ਵੱਖ-ਵੱਖ ਸਾਥੀਆਂ ਸਮੇਤ ਰੂਪਨਗਰ ਹੈੱਡਵਰਕਸ ਦਾ ਦੌਰਾ ਕਰਦਿਆਂ ਬੀਤੀ 23 ਅਗਸਤ ਨੂੰ ਹਲਕਾ ਵਿਧਾਇਕ ਵੱਲੋਂ ਹੈਡਵਰਕਸ ’ਤੇ ਜਮ੍ਹਾ ਗੰਦਗੀ ਦੇ ਮਾਮਲੇ ਵਿਚ ਕੀਤੀ ਗਈ ਕਾਰਵਾਈ ’ਤੇ ਗੰਭੀਰ ਸਵਾਲ ਖੜੇ ਕੀਤੇ ਹਨ। ਉਨ੍ਹਾਂ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜੇਕਰ ਰੂਪਨਗਰ ਹੈੱਡਵਰਕਸ ’ਤੇ ਪਈ ਗੰਦਗੀ ਅਤੇ ਹੋਰ ਪਦਾਰਥ ਲੋਕਾਂ ਅਤੇ ਸਤਲੁੱਜ ਦਰਿਆ ਲਈ ਖ਼ਤਰਾ ਸਨ ਅਤੇ ਇਸ ਮਾਮਲੇ ਵਿਚ ਪੁਲਿਸ ਵੱਲੋਂ ਪਰਚਾ ਦਰਜ ਕੀਤਾ ਗਿਆ ਸੀ ਤਾਂ ਹੁਣ ਇਹ ਸਾਰਾ ਮਾਮਲਾ ਕਿੱਥੇ ਗਿਆ? ਉਨ੍ਹਾਂ ਕਿਹਾ ਕਿ ਜੇਕਰ ਪੁਲਿਸ ਨੇ ਇਸ ਗੰਦਗੀ ਨੂੰ ਮਾਲ ਮੁਕੱਦਮਾ ਮੰਨਿਆ ਸੀ ਤਾਂ ਕੀ ਇਸ ਨੂੰ ਕਬਜ਼ੇ ਵਿਚ ਲੈ ਕੇ ਜਾਂਚ ਦਾ ਹਿੱਸਾ ਨਹੀਂ ਬਣਾਇਆ ਜਾਣਾ ਚਾਹੀਦਾ ਸੀ? ਉਨ੍ਹਾਂ ਕਿਹਾ ਕਿ ਜਿਹੜਾ ਕਚਰਾ ਰੂਪਨਗਰ ਹੈੱਡਵਰਕਸ ’ਤੇ ਖ਼ਤਰਾ ਦੱਸਿਆ ਜਾ ਰਿਹਾ ਸੀ, ਉਸ ਨੂੰ ਅੱਗੇ ਸਰਹਿੰਦ ਨਹਿਰ ਵਿਚ ਹੜ੍ਹਾਉਣ ਨਾਲ ਕੀ ਉਹ ਖਤਰਾ ਖਤਮ ਹੋ ਗਿਆ ਜਾਂ ਸਿਰਫ਼ ਆਪਣੀ ਜ਼ਿੰਮੇਵਾਰੀ ਤੋਂ ਪੱਲਾ ਝਾੜ ਕੇ ਇਹ ਗੰਦਗੀ ਹੇਠਲੇ ਇਲਾਕਿਆਂ ਵੱਲ ਭੇਜ ਦਿੱਤੀ ਗਈ? ਉਨ੍ਹਾਂ ਕਿਹਾ ਕਿ ਅੱਜ ਸਤਲੁਜ ਦਰਿਆ ’ਤੇ ਕਿਸੇ ਤਰ੍ਹਾਂ ਦਾ ਕੋਈ ਖ਼ਤਰਾ ਮੌਜੂਦ ਨਹੀਂ ਦੱਸਿਆ ਜਾ ਰਿਹਾ, ਪ੍ਰੰਤੂ ਜਿਸ ਗੰਦਗੀ ਨੂੰ ਕੁਝ ਦਿਨ ਪਹਿਲਾਂ ਖ਼ਤਰਨਾਕ ਦੱਸ ਕੇ ਕਾਰਵਾਈ ਕੀਤੀ ਗਈ ਸੀ, ਉਸ ਨੂੰ ਕਿਸ ਦੇ ਹੁਕਮਾਂ ’ਤੇ ਅੱਗੇ ਹੜ੍ਹਾਇਆ ਗਿਆ। ਇਸ ਦਾ ਜਵਾਬ ਲੋਕਾਂ ਨੂੰ ਮਿਲਣਾ ਚਾਹੀਦਾ ਹੈ। ਉਨ੍ਹਾਂ ਕਿਹਾ ਫਰਵਰੀ 2025 ਵਿਚ ਆਮ ਆਦਮੀ ਸਰਕਾਰ ਵੱਲੋਂ ਨਹਿਰਾਂ ਜਾਂ ਦਰਿਆਵਾਂ ਵਿਚ ਗੰਦਗੀ ਫੈਲਾਉਣ ਵਾਲੇ ਅਦਾਰਿਆਂ ਉੱਤੇ ਸਜ਼ਾ ਤੇ ਜੁਰਮਾਨਾ ਦੋਨੋਂ ਕਰਨ ਦੇ ਕਾਨੂੰਨ ਨੂੰ ਹਟਾ ਦਿੱਤਾ ਗਿਆ। ਇਸ ਦੇ ਉੱਲਟ ਕੇਂਦਰ ਦੇ ਪ੍ਰਸਤਾਵ ਨੂੰ ਲਾਗੂ ਕਰਕੇ ਅਜਿਹੇ ਮਾਮਲੇ ਵਿਚ ਸਜ਼ਾ ਹਟਾ ਕੇ ਸਿਰਫ ਜੁਰਮਾਨਾ ਰਹਿਣ ਦਿੱਤਾ ਸੀ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿਚ ਪ੍ਰਸ਼ਾਸਨ ਅਤੇ ਵਿਧਾਇਕ ਨੂੰ ਸਪੱਸ਼ਟ ਕਰਨਾ ਚਾਹੀਦਾ ਹੈ ਕਿ ਗੰਦਗੀ ਨੂੰ ਕਿੱਥੇ ਲਿਜਾਇਆ ਗਿਆ, ਕਿਸ ਦੇ ਹੁਕਮਾਂ ਨਾਲ ਹਟਾਇਆ ਗਿਆ ਅਤੇ ਕੀ ਇਸ ਦੀ ਕੋਈ ਸੈਂਪਲਿੰਗ ਜਾਂ ਵਿਗਿਆਨਕ ਜਾਂਚ ਕਰਵਾਈ ਗਈ ਸੀ। ਉਨ੍ਹਾਂ ਕਿਹਾ ਕਿ ਜੇਕਰ ਇਹ ਪਦਾਰਥ ਵਾਕਈ ਖ਼ਤਰਨਾਕ ਸਨ ਤਾਂ ਇਨ੍ਹਾਂ ਨੂੰ ਹੇਠਲੇ ਪਾਸੇ ਹੜ੍ਹਾਉਣ ਨਾਲ ਪੰਜਾਬ ਦੇ ਹੋਰ ਇਲਾਕਿਆਂ ਲਈ ਖਤਰਾ ਪੈਦਾ ਹੋਣ ਦੀ ਸੰਭਾਵਨਾ ਤੋਂ ਇਨਕਾਰ ਕਿਵੇਂ ਕੀਤਾ ਜਾ ਸਕਦਾ ਹੈ? ਉਨ੍ਹਾਂ ਮੰਗ ਕੀਤੀ ਕਿ ਇਸ ਪੂਰੇ ਮਾਮਲੇ ਦੀ ਨਿਰਪੱਖ ਜਾਂਚ ਕਰਵਾਈ ਜਾਵੇ ਅਤੇ ਲੋਕਾਂ ਨੂੰ ਦੱਸਿਆ ਜਾਵੇ ਕਿ ਦਰਜ ਕੀਤੇ ਗਏ ਮਾਮਲੇ ਦੀ ਮੌਜੂਦਾ ਸਥਿਤੀ ਕੀ ਹੈ ਅਤੇ ਜਿਸ ਗੰਦਗੀ ਨੂੰ ਪੁਲਿਸ ਕਾਰਵਾਈ ਦਾ ਆਧਾਰ ਬਣਾਇਆ ਗਿਆ ਸੀ, ਉਹ ਆਖ਼ਰ ਕਿੱਥੇ ਗਈ। ਉਨ੍ਹਾਂ ਨੇ ਕਿਹਾ ਕਿ ਜਲਦਬਾਜ਼ੀ ਵਿਚ ਕੀਤੀ ਗਈ ਇਹ ਕਾਰਵਾਈ ਆਪਣੇ ਆਪ ਵਿਚ ਅਹਿਮ ਤੇ ਵੱਡੇ ਸਵਾਲ ਖੜੇ ਕਰਦੀ ਹੈ। ਅੱਜ ਵਿਧਾਇਕ ਹਿਮਾਚਲ ਦੀਆਂ ਫੈਕਟਰੀਆਂ ਵੱਲ ਨੂੰ ਜੋ ਟੀਮਾਂ ਲੈ ਕੇ ਜਾ ਰਹੇ ਸੀ, ਪਰਚਾ ਦਰਜ ਕਰਨ ਤੋਂ ਪਹਿਲਾਂ ਇਹ ਕਾਰਵਾਈ ਉਸ ਵੇਲੇ ਕਰਨੀ ਚਾਹੀਦੀ ਸੀ. ਤਾਂ ਕਿ ਕਸੂਰਵਾਰ ਬੰਦਿਆਂ ਉੱਤੇ ਕੋਈ ਕਾਰਵਾਈ ਹੋ ਸਕੇ। ਇਸ ਮੌਕੇ ਬਾਬਾ ਕਮਲਜੀਤ ਸਿੰਘ, ਸੋਨੂ ਚਨੌਲੀ, ਹਰਪ੍ਰੀਤ ਸਿੰਘ, ਪਰਗਟ ਸਿੰਘ ਘਨੌਲੀ, ਕੇਸ਼ਵ ਕੁਮਾਰ ਆਦਿ ਹਾਜ਼ਰ ਸਨ।