ਬਾਲੀਵੁੱਡ ਤੱਕ ਪੁੱਜੀ ‘ਮਾਹਲਾਂ ਵਾਲਾ 59’ ਦੀ ਗੂੰਜ ਮਾਹਲਾਂ ਪਿੰਡ ਦੇ ਗਾਇਕ 'ਮਾਹਲਾਂ ਵਾਲਾ 59' ਦੀ ਗੂੰਜ ਬਾਲੀਵੁੱਡ ਤੱਕ ਪਹੁੰਚੀ
Publish Date: Mon, 16 Nov 2026 03:14 PM (IST)
Updated Date: Mon, 16 Nov 2026 03:15 PM (IST)
ਰਾਜਵੀਰ ਸਿੰਘ ਚੌਂਤਾ, ਪੰਜਾਬੀ ਜਾਗਰਣ, ਸ੍ਰੀ ਚਮਕੌਰ ਸਾਹਿਬ : ਜ਼ਿਲ੍ਹਾ ਰੂਪਨਗਰ ਦੀ ਤਹਿਸੀਲ ਸ੍ਰੀ ਚਮਕੌਰ ਸਾਹਿਬ ਦੇ ਪਿੰਡ ਮਾਹਲਾਂ ਦਾ ਨਾਮ ਬਾਲੀਵੁੱਡ ਤੱਕ ਪਹੁੰਚਾਉਣ ’ਚ ਪਿੰਡ ਦੇ ਜੰਮਪਲ ਗਾਇਕ ‘ਮਾਹਲਾਂ ਵਾਲਾ 59’ ਨੇ ਅਹਿਮ ਭੂਮਿਕਾ ਨਿਭਾਈ ਹੈ। ਆਪਣੀ ਗਾਇਕੀ ਰਾਹੀਂ ਪੰਜਾਬੀ ਸੰਗੀਤ ਦੀ ਪਛਾਣ ਨੂੰ ਕੌਮਾਂਤਰੀ ਪੱਧਰ ’ਤੇ ਪਹੁੰਚਾਉਣ ਵਾਲਾ ਇਹ ਗਾਇਕ ਅੱਜਕੱਲ੍ਹ ਨਿਊਜ਼ੀਲੈਂਡ ’ਚ ਰਹਿ ਰਿਹਾ ਹੈ। ਉਸ ਦਾ ਗੀਤ ‘ਬੰਦੂਕ’ ਬਾਲੀਵੁੱਡ ਦੀ ਵੈੱਬ ਸੀਰੀਜ਼ ‘ਸਟੂਡੈਂਟ ਆਫ਼ ਦਾ ਯੀਅਰ : ਆਫਟਰ ਡਾਰਕ’ ’ਚ ਸ਼ਾਮਲ ਹੋਣ ਕਾਰਨ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪ੍ਰਸਿੱਧ ਬਾਲੀਵੁੱਡ ਨਿਰਮਾਤਾ ਕਰਨ ਜੌਹਰ ਦੇ ਪ੍ਰੋਡਕਸ਼ਨ ਤੇ ਨਿਰਦੇਸ਼ਕ ਰੀਮਾ ਮਾਇਆ ਦੇ ਨਿਰਦੇਸ਼ਨ ਹੇਠ ਤਿਆਰ ਕੀਤੀ ਗਈ ਇਸ ਵੈੱਬ ਸੀਰੀਜ਼ ’ਚ ‘ਮਾਹਲਾਂ ਵਾਲਾ 59’ ਦੇ ਗੀਤ ‘ਬੰਦੂਕ’ ਨੂੰ ਥਾਂ ਮਿਲੀ ਹੈ। ਇਸ ਗੀਤ ਦੇ ਬੋਲ ‘ਗਲੀਆਂ ’ਚ ਇਸ਼ਕ ਦਾ ਨਾਚ ਚੱਲਣਾ’ ਸਰੋਤਿਆਂ ਦਾ ਧਿਆਨ ਖਿੱਚ ਰਹੇ ਹਨ। ਮਾਹਲਾਂ ਪਿੰਡ ਦੇ ਸਾਧਾਰਨ ਪਿਛੋਕੜ ਤੋਂ ਉੱਠ ਕੇ ਕੌਮਾਂਤਰੀ ਪੱਧਰ ’ਤੇ ਆਪਣੀ ਪਛਾਣ ਬਣਾਉਣ ਵਾਲੇ ਗਾਇਕ ਦਾ ਗੀਤ ਬਾਲੀਵੁੱਡ ਦੀ ਵੱਡੀ ਪੇਸ਼ਕਾਰੀ ਦਾ ਹਿੱਸਾ ਬਣਨਾ ਇਲਾਕੇ ਲਈ ਮਾਣ ਵਾਲੀ ਗੱਲ ਹੈ। ਛੇ ਕਿਸ਼ਤਾਂ ਵਾਲੀ ਇਸ ਵੈੱਬ ਸੀਰੀਜ਼ ’ਚ ਅਦਾਕਾਰਾ ਸ਼ਨਾਇਆ ਕਪੂਰ ਮੁੱਖ ਭੂਮਿਕਾ ਨਿਭਾ ਰਹੀ ਹੈ, ਜਦਕਿ ਦਿਵਿਕ ਸ਼ਰਮਾ, ਮਾਨਿਆ ਗਰੋਵਰ, ਅਭਿਨਵ ਸਿੰਘ ਤੇ ਦੀਆ ਦਾਮਿਨੀ ਸਮੇਤ ਹੋਰ ਕਲਾਕਾਰਾਂ ਨੇ ਵੀ ਵੱਖ-ਵੱਖ ਕਿਰਦਾਰ ਨਿਭਾਏ ਹਨ। ‘ਸਟੂਡੈਂਟ ਆਫ਼ ਦਿ ਈਅਰ’ ਫ਼ਿਲਮ ਲੜੀ ਦੀਆਂ ਪਹਿਲੀਆਂ ਦੋ ਫ਼ਿਲਮਾਂ ਤੋਂ ਬਾਅਦ ਇਸ ਨੂੰ ਤੀਜੀ ਕੜੀ ਵਜੋਂ ਵੈੱਬ ਸੀਰੀਜ਼ ਦੇ ਰੂਪ ’ਚ ਪੇਸ਼ ਕੀਤਾ ਗਿਆ ਹੈ। ਇਹ ਵੈੱਬ ਸੀਰੀਜ਼ ਓਟੀਟੀ ਪਲੇਟਫਾਰਮ ਹੌਟਸਟਾਰ ’ਤੇ ਰਿਲੀਜ਼ ਕੀਤੀ ਗਈ ਹੈ। ਜ਼ਿਕਰਯੋਗ ਹੈ ਕਿ ‘ਮਾਹਲਾਂ ਵਾਲਾ 59’ ਦੀ ਇਸ ਪ੍ਰਾਪਤੀ ਨਾਲ ਪਿੰਡ ਮਾਹਲਾਂ ਦਾ ਨਾਮ ਵੀ ਵੱਡੇ ਪੱਧਰ ’ਤੇ ਚਰਚਾ ’ਚ ਆਇਆ ਹੈ। ਪੰਜਾਬੀ ਸੰਗੀਤ ਜਗਤ ਲਈ ਵੀ ਇਹ ਉਤਸ਼ਾਹਜਨਕ ਗੱਲ ਹੈ ਕਿ ਪੰਜਾਬੀ ਗਾਇਕਾਂ ਦੀ ਆਵਾਜ਼ ਤੇ ਉਨ੍ਹਾਂ ਦੇ ਗੀਤ ਬਾਲੀਵੁੱਡ ਵਰਗੇ ਵੱਡੇ ਮੰਚਾਂ ਤੱਕ ਪਹੁੰਚ ਰਹੇ ਹਨ।