ਸ਼ਹਿਰ ਨੂੰ ਸੁੰਦਰ ਬਣਾਉਣ ਲਈ ਹਰਜੋਤ ਸਿੰਘ ਬੈਂਸ ਨੇ ਮੰਗੀ ਲੋਕਾਂ ਦੀ ਰਾਏ ਸ਼ਹਿਰ ਨੂੰ ਸੁੰਦਰ ਬਣਾਉਣ ਲਈ ਹਰਜੋਤ ਸਿੰਘ ਬੈਂਸ ਨੇ ਮੰਗੀ ਲੋਕਾਂ ਦੀ ਰਾਏ
Publish Date: Fri, 30 Oct 2026 05:55 PM (IST)
Updated Date: Fri, 30 Oct 2026 05:58 PM (IST)
ਕੁਲਵਿੰਦਰ ਭਾਟੀਆ, ਪੰਜਾਬੀ ਜਾਗਰਣ, ਨੰਗਲ : ਅੱਜ ਸ਼ੋਸ਼ਲ ਮੀਡੀਆਂ ’ਤੇ ਲਾਈਵ ਹੋ ਕੇ ਨੰਗਲ ਨੂੰ ਸੁੰਦਰ ਬਣਾਉਣ ਲਈ ਆਮ ਲੋਕਾਂ ਦੀ ਰਾਇ ਮੰਗੀ। ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਨੰਗਲ ਸ਼ਹਿਰ ਨੂੰ ਹੋਰ ਖੂਬਸੂਰਤ, ਸਾਫ਼-ਸੁਥਰਾ ਅਤੇ ਸੈਰ-ਸਪਾਟੇ ਦੇ ਪ੍ਰਮੁੱਖ ਕੇਂਦਰ ਵਜੋਂ ਵਿਕਸਤ ਕਰਨ ਲਈ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਵਿਕਾਸ ਦੇ ਰਾਹ ਵਿੱਚ ਖੜ੍ਹੀਆਂ ਦੀਆਂ ਰੁਕਾਵਟਾਂ ਪੈਦਾ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀ ਹਨ, ਪਰ ਸਾਡੀ ਨੀਅਤ ਸਾਫ਼ ਅਤੇ ਪਹੁੰਚ ਸਕਾਰਾਤਮਕ ਹੈ। ਉਨ੍ਹਾਂ ਕਿਹਾ ਕਿ ਸ਼ਹਿਰ ਵਿੱਚ ਹੋ ਰਹੇ ਕੰਮਾਂ ਨੂੰ ਦੇਖ ਕੇ ਸਪੱਸ਼ਟ ਹੈ ਕਿ ਨੰਗਲ ਦੀ ਸੁੰਦਰਤਾ ਨੂੰ ਨਵਾਂ ਰੂਪ ਦੇਣ ਲਈ ਗੰਭੀਰਤਾ ਨਾਲ ਕੰਮ ਕੀਤਾ ਜਾ ਰਿਹਾ ਹੈ। ਸ਼ਹਿਰ ਦੀਆਂ ਵੱਖ-ਵੱਖ ਥਾਵਾਂ ’ਤੇ ਸੁੰਦਰ ਪੇਂਟਿੰਗਾਂ ਬਣਾਈਆਂ ਜਾ ਰਹੀ ਹਨ ਅਤੇ ਪੁਰਾਣੇ ਛੋਟੇ ਬੱਸ ਸਟਾਪਾਂ ਨੂੰ ਵੀ ਮੁੜ ਨਵਿਆ ਕੇ ਆਕਰਸ਼ਕ ਬਣਾਇਆ ਜਾ ਰਿਹਾ ਹੈ। ਇਸ ਤੋਂ ਇਲਾਵਾ ਪਾਣੀ ਦੀ ਸਪਲਾਈ ਅਤੇ ਰਿਜ਼ਰਵ ਸਮਰੱਥਾ ਨੂੰ ਬਿਹਤਰ ਬਣਾਉਣ ਦੇ ਲਈ ਨਵੇਂ ਬੋਰ ਕੀਤੇ ਜਾ ਰਹੇ ਹਨ। ਕੈਬਨਿਟ ਮੰਤਰੀ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਨੰਗਲ ਨੂੰ ਸੈਰ-ਸਪਾਟੇ ਦੇ ਨਕਸ਼ੇ ’ਤੇ ਉਭਾਰਨ ਲਈ ਕਈ ਹੋਰ ਅਹਿਮ ਪ੍ਰੋਜੈਕਟ ਸ਼ੁਰੂ ਕੀਤੇ ਜਾਣਗੇ। ਇਸ ਸਬੰਧੀ ਮਾਹਿਰਾਂ ਨਾਲ ਵਿਚਾਰ-ਵਟਾਂਦਰਾ ਵੀ ਕੀਤਾ ਜਾ ਰਿਹਾ ਹੈ ਕਿ ਸ਼ਹਿਰ ਦੀ ਸੁੰਦਰਤਾ ਅਤੇ ਪਛਾਣ ਨੂੰ ਹੋਰ ਬਿਹਤਰ ਕਿਵੇਂ ਬਣਾਇਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਜਿਵੇਂ ਚੰਡੀਗੜ੍ਹ ਨੂੰ ਸਿਟੀ ਬਿਊਟੀਫੁੱਲ ਵਜੋਂ ਜਾਣਿਆ ਜਾਂਦਾ ਹੈ, ਉਸੇ ਤਰ੍ਹਾਂ ਨੰਗਲ ਦੀ ਵੀ ਇੱਕ ਵਿਲੱਖਣ ਪਛਾਣ ਅਤੇ ਆਕਰਸ਼ਕ ਟੈਗਲਾਈਨ ਹੋਣੀ ਚਾਹੀਦੀ ਹੈ। ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਇਸ ਵਾਰ ਦੁਸਹਿਰੇ ਦੇ ਪ੍ਰਬੰਧਾਂ ਅਤੇ ਸਮਾਗਮਾਂ ਨੂੰ ਲੈ ਕੇ ਲੋਕਾਂ ਵਿੱਚ ਕਾਫ਼ੀ ਉਤਸ਼ਾਹ ਦੇਖਣ ਨੂੰ ਮਿਲਿਆ ਹੈ। ਦੁਕਾਨਦਾਰਾਂ ਨੇ ਇਸ ਵਾਰ ਦੇ ਕਾਰੋਬਾਰ ਸਬੰਧੀ ਖੁਸ਼ੀ ਪ੍ਰਗਟਾਈ ਹੈ ਅਤੇ ਕਈਆਂ ਅਨੁਸਾਰ ਪਿਛਲੇ 15 ਸਾਲਾਂ ਦੇ ਰਿਕਾਰਡ ਟੁੱਟੇ ਹਨ। ਉਨ੍ਹਾਂ ਕਿਹਾ ਕਿ ਸਾਡੀ ਕੋਸ਼ਿਸ਼ ਹੈ ਕਿ ਨੰਗਲ ਦੇ ਹਰ ਦੁਕਾਨਦਾਰ ਦੇ ਕਾਰੋਬਾਰ ਵਿੱਚ ਬਰਕਤ ਆਵੇ ਅਤੇ ਸ਼ਹਿਰ ਵਿੱਚ ਰੌਣਕ ਵਧੇ। ਨੌਜਵਾਨਾਂ ਤੇ ਵਿਦੇਸ਼ਾਂ ਵਿੱਚ ਰਹਿੰਦੇ ਨੰਗਲ ਵਾਸੀਆਂ ਨੂੰ ਕੀਤੀ ਅਪੀਲ ਆਪਣੇ ਕੀਮਤੀ ਸੁਝਾਅ ਅਤੇ ਡਿਜ਼ਾਈਨ ਨਗਰ ਕੌਂਸਲ ਜਾਂ ਸਬੰਧਿਤ ਪ੍ਰਤੀਨਿਧੀਆਂ ਕੋਲ ਜਮ੍ਹਾਂ ਕਰਵਾਓਣ।