- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਡੇਢ ਸਾਲ ’ਚ ਮੁਕੰਮਲ

ਡੇਢ ਸਾਲ ’ਚ ਮੁਕੰਮਲ ਹੋਵੇਗਾ ਪੁਲ ਦਾ ਨਿਰਮਾਣ
ਇਲਾਕੇ ਦੇ ਕਈ ਪਿੰਡਾਂ ਨੂੰ ਮਿਲੇਗੀ ਵੱਡੀ ਰਾਹਤ
ਕੁਲਵਿੰਦਰ ਭਾਟੀਆ, ਪੰਜਾਬੀ ਜਾਗਰਣ, ਨੰਗਲ : ਸ੍ਰੀ ਅਨੰਦਪੁਰ ਸਾਹਿਬ ਹਲਕੇ ਦੇ ਬੁਨਿਆਦੀ ਢਾਂਚੇ ਨੂੰ ਹੋਰ ਮਜ਼ਬੂਤ ਕਰਨ ਤੇ ਲੋਕਾਂ ਨੂੰ ਬਿਹਤਰ ਆਵਾਜਾਈ ਸਹੂਲਤਾਂ ਮੁਹੱਈਆ ਕਰਵਾਉਣ ਦੀ ਦਿਸ਼ਾ ’ਚ ਅਹਿਮ ਕਦਮ ਚੁੱਕਦਿਆਂ ਕੈਬਨਿਟ ਮੰਤਰੀ ਤੇ ਹਲਕਾ ਵਿਧਾਇਕ ਹਰਜੋਤ ਸਿੰਘ ਬੈਂਸ ਨੇ ਅੱਜ ਅਜੋਲੀ ਤੋਂ ਬੇਲਾ ਰੋਡ ਤੱਕ 18 ਕਰੋੜ 55 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਨਵੇਂ ਪੁਲ ਦਾ ਨੀਂਹ ਪੱਥਰ ਰੱਖਿਆ। ਇਸ ਮੌਕੇ ਉਨ੍ਹਾਂ ਕਿਹਾ ਕਿ ਪੁਲ ਦਾ ਨਿਰਮਾਣ ਕਾਰਜ ਲਗਭਗ ਡੇਢ ਸਾਲ ’ਚ ਮੁਕੰਮਲ ਕਰਨ ਦਾ ਟੀਚਾ ਰੱਖਿਆ ਗਿਆ ਹੈ। ਇਸ ਪ੍ਰੋਜੈਕਟ ਦੇ ਮੁਕੰਮਲ ਹੋਣ ਨਾਲ ਇਲਾਕੇ ਦੇ ਕਈ ਪਿੰਡਾਂ ਦੇ ਲੋਕਾਂ ਨੂੰ ਆਵਾਜਾਈ ’ਚ ਵੱਡੀ ਰਾਹਤ ਮਿਲੇਗੀ। ਉਨ੍ਹਾਂ ਕਿਹਾ ਕਿ ਇਹ ਪੁਲ ਇਲਾਕੇ ਦੀ ਲੰਮੇ ਸਮੇਂ ਤੋਂ ਮਹਿਸੂਸ ਕੀਤੀ ਜਾ ਰਹੀ ਲੋੜ ਨੂੰ ਪੂਰਾ ਕਰੇਗਾ ਤੇ ਲੋਕਾਂ ਦੇ ਸਫ਼ਰ ਨੂੰ ਹੋਰ ਸੁਖਾਲਾ ਬਣਾਏਗਾ।
ਇਸ ਮੌਕੇ ਕੈਬਨਿਟ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸ੍ਰੀ ਅਨੰਦਪੁਰ ਸਾਹਿਬ ਹਲਕੇ ’ਚ ਸੜਕੀ ਸੰਪਰਕ ਨੂੰ ਬਿਹਤਰ ਬਣਾਉਣ ਲਈ ਵੱਡੇ ਪੱਧਰ 'ਤੇ ਕੰਮ ਕੀਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਆਉਣ ਵਾਲੇ ਸਮੇਂ ’ਚ ਸ਼ਾਹਪੁਰ ਬੇਲਾ ਲਈ ਵੀ ਪੁਲ ਬਣਾਇਆ ਜਾਵੇਗਾ, ਜਿਸ ਨਾਲ ਇਲਾਕੇ ਦੇ ਲੋਕਾਂ ਨੂੰ ਹੋਰ ਸਹੂਲਤ ਮਿਲੇਗੀ। ਉਨ੍ਹਾਂ ਕਿਹਾ ਕਿ ਅਜੋਲੀ ਪਿੰਡ ’ਚ ਪਹਿਲਾਂ ਹੀ ਲਗਭਗ 3 ਕਰੋੜ ਰੁਪਏ ਦੀ ਲਾਗਤ ਨਾਲ ਡੰਗਾ ਲਗਵਾਇਆ ਗਿਆ ਹੈ, ਤਾਂ ਜੋ ਇਲਾਕੇ ਦੀ ਸੁਰੱਖਿਆ ਤੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਵਿਕਾਸ ਕਾਰਜਾਂ ਦੀ ਯੋਜਨਾਬੰਦੀ ਲੋਕਾਂ ਦੀਆਂ ਅਸਲ ਲੋੜਾਂ ਨੂੰ ਧਿਆਨ ’ਚ ਰੱਖ ਕੇ ਕੀਤੀ ਜਾ ਰਹੀ ਹੈ।
ਉਨ੍ਹਾਂ ਹੋਰ ਦੱਸਿਆ ਕਿ ਬੇਲਿਆਂ ਦੇ ਇਲਾਕੇ ’ਚ ਸਵਾਂ ਨਦੀ 'ਤੇ ਪਹਿਲਾਂ ਹੀ ਕਰੀਬ 100 ਕਰੋੜ ਰੁਪਏ ਦੀ ਲਾਗਤ ਨਾਲ ਪੁਲਾਂ ਦਾ ਨਿਰਮਾਣ ਕਰਵਾਇਆ ਜਾ ਰਿਹਾ ਹੈ। ਇਨ੍ਹਾਂ ਪ੍ਰੋਜੈਕਟਾਂ ਦੇ ਮੁਕੰਮਲ ਹੋਣ ਨਾਲ 100 ਤੋਂ ਵੱਧ ਪਿੰਡਾਂ ਦੇ ਲੋਕਾਂ ਨੂੰ ਸਿੱਧਾ ਲਾਭ ਮਿਲੇਗਾ ਤੇ ਗੁਆਂਢੀ ਸੂਬੇ ਹਿਮਾਚਲ ਪ੍ਰਦੇਸ਼ ਨਾਲ ਸੰਪਰਕ ਵੀ ਹੋਰ ਬਿਹਤਰ ਹੋਵੇਗਾ। ਉਨ੍ਹਾਂ ਕਿਹਾ ਕਿ ਪੁਲਾਂ ਤੇ ਸੜਕਾਂ ਦਾ ਨਿਰਮਾਣ ਸਿਰਫ਼ ਆਵਾਜਾਈ ਦੀ ਸਹੂਲਤ ਤੱਕ ਸੀਮਤ ਨਹੀਂ ਹੁੰਦਾ, ਸਗੋਂ ਇਸ ਨਾਲ ਕਿਸਾਨਾਂ, ਵਪਾਰੀਆਂ, ਵਿਦਿਆਰਥੀਆਂ ਤੇ ਆਮ ਲੋਕਾਂ ਦੀ ਰੋਜ਼ਾਨਾ ਜ਼ਿੰਦਗੀ ਆਸਾਨ ਬਣਦੀ ਹੈ। ਇਸ ਨਾਲ ਇਲਾਕੇ ਦੇ ਆਰਥਿਕ ਤੇ ਸਮਾਜਿਕ ਵਿਕਾਸ ਨੂੰ ਵੀ ਨਵੀਂ ਦਿਸ਼ਾ ਮਿਲਦੀ ਹੈ। ਇਸ ਮੌਕੇ ਨਗਰ ਕੌਂਸਲ ਪ੍ਰਧਾਨ ਕਿਰਨ ਬਾਲਾ, ਦੀਪਕ ਸੋਨੀ ਚੇਅਰਮੈਨ ਖੱਤਰੀ/ਅਰੋੜਾ ਵੈਲਫੇਅਰ ਬੋਰਡ, ਪੱਮੂ ਢਿੱਲੋਂ ਚੇਅਰਮੈਨ ਮਾਰਕੀਟ ਕਮੇਟੀ, ਤਿਲਕ ਰਾਜ ਸਰਪੰਚ ਅਜੋਲੀ, ਐਕਸੀਅਨ ਸੁਖਵਿੰਦਰ ਸਿੰਘ, ਐੱਸ.ਡੀ.ਓ. ਲਖਵੀਰ ਸਿੰਘ, ਜੇ.ਈ. ਪਵਨ ਸ਼ਰਮਾ, ਪ੍ਰਧਾਨ ਕਸ਼ਮੀਰੀ ਲਾਲ, ਛਿੰਦਾ ਬੇਲਾ ਧਿਆਨੀ, ਮਲਕੀਤ ਸਿੰਘ ਬੇਲਾ, ਅਸ਼ੋਕ ਨੰਬਰਦਾਰ, ਸਰਪੰਚ ਸੁਰੇਸ਼ ਕੁਮਾਰ, ਨਾਜਰ ਸਿੰਘ ਪੰਚ ਬੇਲਾ ਧਿਆਨੀ, ਡਾ. ਨਿਰਮਲ ਸਿੰਘ, ਬਲਬੀਰ ਸਿੰਘ, ਕ੍ਰਿਸ਼ਨ ਚੰਦ, ਸੁਖਵਿੰਦਰ ਸਿੰਘ ਸੇਖੋਂ ਸਰਪੰਚ ਰਾਏਪੁਰ, ਗੁਰਮੀਤ ਸਿੰਘ ਢੇਰ, ਜਗਜੀਤ ਸਿੰਘ ਜੱਗੀ ਬਲਾਕ ਪ੍ਰਧਾਨ, ਮਾਵੀ, ਮਲਕੀਤ ਸਿੰਘ, ਚੌਧਰੀ ਸੁੱਚਾ ਸਿੰਘ, ਰਾਕੇਸ਼ ਚੌਧਰੀ, ਕੁਲਵਿੰਦਰ ਸਿੰਘ ਤੇ ਸੁਰਿੰਦਰ ਸਿੰਘ ਸਮੇਤ ਹੋਰ ਪਤਵੰਤੇ ਤੇ ਇਲਾਕਾ ਨਿਵਾਸੀ ਹਾਜ਼ਰ ਸਨ।