ਹਾਫ਼ਿਜ਼ਾਬਾਦ ਸਕੂਲ ਨੇ ਗੱਡੇ ਝੰਡੇ, ਲੇਖ ਲਿਖਣ ਮੁਕਾਬਲੇ ’ਚ ਹਾਸਲ ਕੀਤਾ ਨਕਦ ਇਨਾਮ ਹਾਫ਼ਿਜ਼ਾਬਾਦ ਸਕੂਲ ਦੇ ਵਿਦਿਆਰਥੀਆਂ ਨੇ ਮਾਰੀਆਂ ਵੱਡੀਆਂ ਮੱਲਾਂ
Publish Date: Sat, 28 Nov 2026 04:11 PM (IST)
Updated Date: Sat, 28 Nov 2026 04:13 PM (IST)
ਗੁਰਮੁੱਖ ਸਿੰਘ ਸਲਾਹਪੁਰੀ, ਪੰਜਾਬੀ ਜਾਗਰਣ, ਬੇਲਾ ਬਹਿਰਾਮਪੁਰ : ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹਾਫ਼ਿਜ਼ਾਬਾਦ ਦੇ ਵਿਦਿਆਰਥੀਆਂ ਨੇ ਪੰਜਾਬ ਰਾਜ ਡੇਅਰੀ ਵਿਕਾਸ ਬੋਰਡ ਵੱਲੋਂ ਕਰਵਾਈ ਲੇਖ ਲਿਖਣ ਪ੍ਰਤੀਯੋਗਤਾ ’ਚ ਲਗਾਤਾਰ ਦੂਜੇ ਸਾਲ ਵੀ ਸ਼ਾਨਦਾਰ ਮੱਲਾਂ ਮਾਰੀਆਂ ਹਨ । ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਕੂਲ ਮੁਖੀ ਲੈਕਚਰਾਰ ਸੁਖਦੇਵ ਸਿੰਘ ਪੰਜਰੁੱਖਾ ਨੇ ਦੱਸਿਆ ਕਿ ਪੰਜਾਬ ਰਾਜ ਡੇਅਰੀ ਵਿਕਾਸ ਬੋਰਡ ਵੱਲੋਂ ਸਿਹਤ ਤੇ ਖੁਸ਼ਹਾਲੀ ਲਈ ਦੁੱਧ ਵਿਸ਼ੇ ਤੇ ਲੇਖ ਲਿਖਣ ਮੁਕਾਬਲੇ ਕਰਵਾਏ ਗਏ ਸਨ। ਇਸ ਮੁਕਾਬਲੇ ’ਚ ਲੈਕਚਰਾਰ ਸੁਖਦੇਵ ਸਿੰਘ ਪੰਜਰੁੱਖਾ ਦੀ ਅਗਵਾਈ ’ਚ 15 ਵਿਦਿਆਰਥੀਆਂ ਨੇ ਲੇਖ ਲਿਖ ਕੇ ਪੰਜਾਬ ਡੇਅਰੀ ਵਿਕਾਸ ਬੋਰਡ ਦੇ ਮੁਹਾਲੀ ਸਥਿਤ ਦਫ਼ਤਰ ਨੂੰ ਭੇਜੇ ਗਏ ਸਨ। ਪੰਜਾਬ ਰਾਜ ਡੇਅਰੀ ਵਿਕਾਸ ਬੋਰਡ ਵੱਲੋਂ ਐਲਾਨੇ ਗਏ ਨਤੀਜੇ ਅਨੁਸਾਰ ਲੇਖ ਲਿਖਣ ਮੁਕਾਬਲੇ ’ਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹਾਫ਼ਿਜ਼ਾਬਾਦ ਦੇ ਦੋ ਵਿਦਿਆਰਥੀਆਂ ਸਹਿਜਦੀਪ ਸਿੰਘ ਪੁੱਤਰ ਗੁਰਚਰਨ ਸਿੰਘ ਤੇ ਸੁਖਵੀਰ ਸਿੰਘ ਪੁੱਤਰ ਧਨਵੰਤ ਨੇ ਕ੍ਰਮਵਾਰ ਪਹਿਲੀ ਤੇ ਦੂਜੀ ਪੁਜ਼ੀਸ਼ਨ ਪ੍ਰਾਪਤ ਕਰਕੇ ਪੰਜ ਹਜ਼ਾਰ ਤੇ ਤਿੰਨ ਹਜ਼ਾਰ ਰੁਪਏ ਦੇ ਨਕਦ ਇਨਾਮ ਪ੍ਰਾਪਤ ਕੀਤੇ ਹਨ। ਇਸ ਦੇ ਨਾਲ ਹੀ ਜ਼ਿਲ੍ਹਾ ਪੱਧਰੀ ਵਿਗਿਆਨ ਪ੍ਰਦਰਸ਼ਨੀ ’ਚ ਏਕਮਜੋਤ ਕੌਰ ਪੁੱਤਰੀ ਹਰਜੀਤ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ । ਲੇਖ ਮੁਕਾਬਲੇ ਜੇਤੂ ਰਹੇ ਵਿਦਿਆਰਥੀ ਨੇ ਆਪਣੇ ਗਾਈਡ ਅਧਿਆਪਕ ਸਮੇਤ ਗੁਰੂ ਅੰਗਦ ਦੇਵ ਵੈਟਰਨਰੀ ਯੂਨੀਵਰਸਿਟੀ ਲੁਧਿਆਣਾ ਵਿਖੇ ਪੰਜਾਬ ਰਾਜ ਡੇਅਰੀ ਵਿਕਾਸ ਬੋਰਡ ਵੱਲੋਂ ਆਯੋਜਿਤ ਇੱਕ ਵਿਸ਼ੇਸ਼ ਸੈਮੀਨਾਰ ’ਚ ਵੀ ਭਾਗ ਲਿਆ ਭਾਗ ਲਿਆ। ਇਸ ਮੌਕੇ ’ਤੇ ਜੇਤੂ ਵਿਦਿਆਰਥੀਆਂ ਨੂੰ ਇਨਾਮਾਂ ਦੀ ਵੰਡ ਪੰਜਾਬ ਡੇਅਰੀ ਵਿਕਾਸ ਬੋਰਡ ਦੇ ਡਾਇਰੈਕਟਰ ਵਰਿਆਮ ਸਿੰਘ ਤੇ ਜੁਆਇੰਟ ਡਾਇਰੈਕਟਰ ਡਾ. ਪਰਮਪਾਲ ਸਿੰਘ ਦੁਆਰਾ ਕੀਤੀ ਗਈ। ਅੱਜ ਸਵੇਰ ਦੀ ਸਭਾ ’ਚ ਜਿੱਤ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਸਕੂਲ ਮੁੱਖੀ ਤੇ ਸਮੁੱਚੇ ਸਟਾਫ਼ ਮੈਂਬਰਾਂ ਵੱਲੋਂ ਸਨਮਾਨਿਤ ਕੀਤਾ ਗਿਆ। ਇਸ ਮੌਕੇ ਲੈਕਚਰਾਰ ਇੰਦਰਜੀਤ ਸਿੰਘ ਨਿਸ਼ਾ ਰਾਣੀ, ਰਮਨਦੀਪ ਕੌਰ, ਅਨੁਪਮ ਵਰਮਾ, ਅਮਰਦੀਪ ਕੌਰ , ਮਿਸ ਗੁਰਦੀਪ ਕੌਰ, ਹਰਮਨਦੀਪ ਸਿੰਘ, ਗੁਰਦੀਪ ਸਿੰਘ ਤੇ ਜੰਗੀਰ ਸਿੰਘ ਆਦਿ ਹਾਜ਼ਰ ਸਨ।