ਬੰਦੀ ਸਿੰਘਾਂ ਦੀ ਰਿਹਾਈ ਲਈ ਗੁਰੂ ਨਗਰੀ ਸ੍ਰੀ ਅਨੰਦਪੁਰ ਸਾਹਿਬ ਰਹੀ ਮੁਕੰਮਲ ਬੰਦ ਗੁਰੂ ਨਗਰੀ ਸ੍ਰੀ ਅਨੰਦਪੁਰ ਸਾਹਿਬ ਰਹੀ ਮੁਕੰਮਲ ਬੰਦ
Publish Date: Fri, 21 Aug 2026 05:01 PM (IST)
Updated Date: Fri, 21 Aug 2026 05:06 PM (IST)
ਪੰਜਾਬੀ ਜਾਗਰਣ ਟੀਮ, ਸ੍ਰੀ ਅਨੰਦਪੁਰ ਸਾਹਿਬ : ਕੌਮੀ ਇਨਸਾਫ ਮੋਰਚੇ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਲਈ ਦਿੱਤੇ ਗਏ ਪੰਜਾਬ ਬੰਦ ਦੇ ਸੱਦੇ ਨੂੰ ਗੁਰੂ ਨਗਰੀ ਸ੍ਰੀ ਅਨੰਦਪੁਰ ਸਾਹਿਬ ਵਿੱਚ ਭਰਪੂਰ ਹੁੰਗਾਰਾ ਮਿਲਿਆ। ਇਸ ਦੌਰਾਨ ਸ਼ਹਿਰ ਦੇ ਸਮੂਹ ਬਾਜ਼ਾਰ ਮੁਕੰਮਲ ਤੌਰ ’ਤੇ ਬੰਦ ਰਹੇ। ਇੱਥੋਂ ਤੱਕ ਕਿ ਰੇੜੀ-ਖੋਖਾ ਯੂਨੀਅਨ ਵੱਲੋਂ ਵੀ ਬੰਦ ਦਾ ਪੂਰਾ ਸਮਰਥਨ ਕਰਦਿਆਂ ਆਪਣੇ ਕਾਰੋਬਾਰ ਬੰਦ ਰੱਖੇ ਗਏ। ਸ੍ਰੀ ਅਨੰਦਪੁਰ ਸਾਹਿਬ ਦੇ ਮੁੱਖ ਬਾਜ਼ਾਰਾਂ ਕਲਗੀਧਰ ਮਾਰਕੀਟ, ਕਚਹਿਰੀ ਰੋਡ, ਪੁੱਡਾ ਮਾਰਕੀਟ, ਨਵੀਂ ਆਬਾਦੀ, ਚੋਈ ਬਾਜ਼ਾਰ ਸਮੇਤ ਸਾਰੇ ਇਲਾਕਿਆਂ ਦੇ ਦੁਕਾਨਦਾਰਾਂ ਨੇ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਦੀ ਹਮਾਇਤ ਕੀਤੀ। ਬੰਦ ਤੋਂ ਪਹਿਲਾਂ ਵਪਾਰ ਮੰਡਲ ਦੇ ਪ੍ਰਧਾਨ ਇੰਦਰਜੀਤ ਸਿੰਘ ਅਰੋੜਾ, ਦੀਪਕ ਆਂਗਰਾ, ਪ੍ਰਤਿਪਾਲ ਸਿੰਘ ਗੰਡਾ ਅਤੇ ਰੇੜੀ-ਖੋਖਾ ਯੂਨੀਅਨ ਦੇ ਪ੍ਰਧਾਨ ਸੁਨੀਲ ਐਡਵਾਲ ਵੱਲੋਂ ਆਪਸੀ ਵਿਚਾਰ-ਵਟਾਂਦਰਾ ਕਰਕੇ ਸਮੁੱਚੇ ਦੁਕਾਨਦਾਰ ਭਾਈਚਾਰੇ ਨੂੰ ਬੰਦ ਨੂੰ ਸਫਲ ਬਣਾਉਣ ਦੀ ਅਪੀਲ ਕੀਤੀ ਗਈ ਸੀ। ਵਪਾਰਕ ਆਗੂਆਂ ਦੀ ਇਸ ਅਪੀਲ ਨੂੰ ਦੁਕਾਨਦਾਰਾਂ ਵੱਲੋਂ ਭਰਪੂਰ ਹੁੰਗਾਰਾ ਮਿਲਿਆ ਅਤੇ ਕਿਸੇ ਵੀ ਦੁਕਾਨਦਾਰ ਨੇ ਆਪਣੀ ਦੁਕਾਨ ਨਹੀਂ ਖੋਲ੍ਹੀ। ਇਸ ਮੌਕੇ ਵਪਾਰ ਮੰਡਲ ਦੇ ਪ੍ਰਧਾਨ ਇੰਦਰਜੀਤ ਸਿੰਘ ਅਰੋੜਾ ਸਮੇਤ ਸਮੁੱਚੇ ਆਗੂਆਂ ਨੇ ਦੁਕਾਨਦਾਰ ਭਾਈਚਾਰੇ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਦੁਕਾਨਦਾਰਾਂ ਨੇ ਆਪਣਾ ਕਾਰੋਬਾਰ ਬੰਦ ਰੱਖ ਕੇ ਏਕਤਾ ਅਤੇ ਸਾਂਝ ਦਾ ਸਬੂਤ ਦਿੱਤਾ ਹੈ। ਭਾਈ ਚਾਵਲਾ ਦੀ ਅਗਵਾਈ ਕੱਢਿਆ ਗਿਆ ਰੋਸ ਮਾਰਚ ਸੁਖਵਿੰਦਰ ਸੁੱਖੂ, ਪੰਜਾਬੀ ਜਾਗਰਣ ਸ੍ਰੀ ਅਨੰਦਪੁਰ ਸਾਹਿਬ : ਕੌਮੀ ਇਨਸਾਫ ਮੋਰਚਾ ਵੱਲੋਂ ਦਿੱਤੇ ਗਏ ਬੰਦ ਦੇ ਸੱਦੇ ਤਹਿਤ ਸ੍ਰੀ ਅਨੰਦਪੁਰ ਸਾਹਿਬ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਭਾਈ ਅਮਰਜੀਤ ਸਿੰਘ ਚਾਵਲਾ ਦੀ ਅਗਵਾਈ ਹੇਠ ਸ਼ਹਿਰ ਵਿੱਚ ਰੋਸ ਮਾਰਚ ਕੱਢਿਆ ਗਿਆ ਜਿਸ ਦਾ ਸ਼ਹਿਰ ਦੇ ਦੁਕਾਨਦਾਰਾਂ ਨੇ ਆਪਣੀਆਂ ਦੁਕਾਨਾਂ ਬੰਦ ਕਰਕੇ ਪੂਰਨ ਸਮਰਥਨ ਦਿੱਤਾ ,ਸ਼੍ਰੋਮਣੀ ਕਮੇਟੀ ਮੈਂਬਰ ਭਾਈ ਅਮਰਜੀਤ ਸਿੰਘ ਚਾਵਲਾ ਨੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਕਿ ਅਸੀ ਕੇਂਦਰ ਸਰਕਾਰ ਨੂੰ ਪੁੱਛਣਾ ਚਾਹੁੰਦੇ ਹਾਂ ਕਿ ਦੇਸ਼ ਵਿੱਚ ਜੋ ਕਾਨੂੰਨ ਲਾਗੂ ਹੁੰਦੇ ਹਨ, ਉਨ੍ਹਾਂ ਤੋਂ ਅਲੱਗ, ਪੰਜਾਬ ਦੇ ਬੰਦੀ ਸਿੱਖਾਂ ਲਈ ਵੱਖਰਾ ਕਾਨੂੰਨ ਕਿਉਂ ਹੈ ,ਉਨ੍ਹਾਂ ਕਿਹਾ ਕਿ ਬੰਦੀ ਸਿੱਖ ਆਪਣੀਆਂ ਸਜਾਵਾਂ ਪੂਰੀਆਂ ਕਰ ਚੁੱਕੇ ਹਨ, ਪਰੰਤੂ ਫਿਰ ਵੀ ਉਹ ਜੇਲਾਂ ਦੀਆ ਕਾਲ ਕੋਠੀਆਂ ਵਿੱਚ ਬੈਠੇ ਹਨ ਉਹਨਾਂ ਪੁੱਛੇ ਸਵਾਲ ਦੇ ਜਵਾਬ ਵਿੱਚ ਕਿਹਾ ਕਿ ਭਾਈ ਜਗਤਾਰ ਸਿੰਘ ਹਵਾਰਾ ਜਿਨਾਂ ਦੀ ਮਾਤਾ ਬਜ਼ੁਰਗ ਹੈ ਅਤੇ ਲੰਬੇ ਸਮੇਂ ਤੋਂ ਬਿਮਾਰ ਚੱਲ ਰਹੇ ਹਨ ,ਉਨ੍ਹਾਂ ਦੇ ਪਰਿਵਾਰਕ ਹਾਲਾਤਾਂ ਨੂੰ ਦੇਖਦੇ ਹੋਏ ਭਾਈ ਹਵਾਰਾ ਨੂੰ ਆਪਣੀ ਮਾਤਾ ਨਾਲ ਮਿਲਣ ਲਈ ਇੱਕ ਦਿਨ ਤੋਂ ਵੱਧ ਦੀ ਪਰੋਲ ਨਹੀਂ ਦਿੱਤੀ ਜਾ ਰਹੀ। ਕਿਆ ਇਹ ਸਿੱਖ ਕੌਮ ਨਾਲ ਇਨਸਾਫ ਹੈ , ਇਹ ਸਿੱਖ ਬੰਦੀਆਂ ਨਾਲ ਸ਼ਰੇਆਮ ਧੱਕਾ ਹੈ ਜਿਸ ਦੀ ਅਸੀਂ ਵੱਧ ਤੋਂ ਵੱਧ ਕਰੜੇ ਸ਼ਬਦਾਂ ਵਿੱਚ ਨਿੰਦਾ ਕਰਦੇ ਹਾਂ। ਅੱਜ ਦੇ ਕੌਮੀ ਇਨਸਾਫ ਮੋਰਚੇ ਵੱਲੋਂ ਪੰਜਾਬ ਬੰਦ ਦੇ ਸੱਦੇ ਦੌਰਾਨ ਸ੍ਰੀ ਅਨੰਦਪੁਰ ਸਾਹਿਬ ਦੇ ਸਾਰੇ ਬਾਜ਼ਾਰ ਮੁਕੰਮਲ ਤੌਰ ’ਤੇ ਬੰਦ ਰਹੇ। ਵਪਾਰ ਮੰਡਲ ਦੇ ਪ੍ਰਧਾਨ ਇੰਦਰਜੀਤ ਸਿੰਘ ਅਰੋੜਾ ਤੇ ਪ੍ਰਿਤਪਾਲ ਸਿੰਘ ਗੰਡਾ, ਆਪ ਵਪਾਰ ਵਿੰਗ ਦੇ ਪ੍ਰਧਾਨ ਦੀਪਕ ਆਂਗਰਾ , ਰੇੜੀ ਖੋਖਾ ਯੂਨੀਅਨ ਦੇ ਪ੍ਰਧਾਨ ਸੁਨੀਲ ਅਡਵਾਲ ਵੱਲੋਂ ਸਮੂਹ ਵਪਾਰੀ ਵਰਗ ,ਦੁਕਾਨਦਾਰਾਂ ਨੂੰ ਅਪੀਲ ਕੀਤੀ ਸੀ ਕਿ ਅੱਜ ਦੇ ਬੰਦ ਨੂੰ ਪੁੂਰਨ ਸਹਿਯੋਗ ਦਿੰਦੇ ਹੋਏ ਦੁਕਾਨਾਂ ਬੰਦ ਰੱਖੀਆਂ ਜਾਣ ਉਕਤ ਅਪੀਲ ਨੂੰ ਧਿਆਨ ਵਿੱਚ ਰੱਖਦਿਆਂ ਸਮੂਹ ਸ਼ਹਿਰ ਦੀਆਂ ਦੁਕਾਨਾਂ ਮੇਨ ਬਾਜ਼ਾਰ, ਕਲਗੀਧਰ ਮਾਰਕੀਟ, ਪੁੱਡਾ ਮਾਰਕੀਟ, ਗੋਲ ਮਾਰਕੀਟ ,ਬੱਸ ਸਟੈਂਡ ਮਾਰਕੀਟ, ਨਵੀਂ ਆਬਾਦੀ , ਚੋਈ ਬਾਜ਼ਾਰ, ਗੁਰੂ ਬਾਜ਼ਾਰ, ਕਮੇਟੀ ਬਜਾਰ ਸਮੇਤ ਰੇੜੀ ਖੋਖਾ ਯੂਨੀਅਨ ਵੀ ਮੁਕੰਮਲ ਤੌਰ ਤੇ ਬੰਦ ਰਹੇ। ਅੱਜ ਦੇ ਰੋਸ ਮਾਰਚ ਵਿੱਚ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਹੈਡ ਗ੍ਰੰਥੀ ਭਾਈ ਜੋਗਿੰਦਰ ਸਿੰਘ, ਮੈਨੇਜਰ ਸਰਬ ਦਿਆਲ ਸਿੰਘ, ਮੈਨੇਜਰ ਸੰਦੀਪ ਸਿੰਘ ਕਲੋਤਾ ,ਸੂਚਨਾ ਅਫਸਰ ਹਰਪ੍ਰੀਤ ਸਿੰਘ, ਅਕਾਲੀ ਆਗੂ ਤੇ ਵਪਾਰੀ ਜਰਨੈਲ ਸਿੰਘ ਗੂੰਬਰ, ਵਪਾਰ ਵਿੰਗ ਹਲਕਾ ਸ੍ਰੀ ਅਨੰਦਪੁਰ ਸਾਹਿਬ ਦੇ ਪ੍ਰਧਾਨ ਦਵਿੰਦਰ ਸਿੰਘ ਰਾਣਾ, ਅਕਾਲੀ ਦਲ ਦੀ ਰਾਜਸੀ ਮਾਮਲਿਆਂ ਬਾਰੇ ਕਮੇਟੀ ਦੇ ਮੈਂਬਰ ਸੁਰਿੰਦਰ ਸਿੰਘ ਮਟੌਰ ,ਨਿਰਮਲ ਸਿੰਘ ਹਰੀਵਾਲ, ਤਾਰਾ ਸਿੰਘ ਬੁਰਜ ,ਗੁਰਨਾਮ ਸਿੰਘ ਮਟੌਰ, ਗਿਆਨੀ ਸੁਰਿੰਦਰ ਸਿੰਘ, ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਰਾਮ ਸਿੰਘ ,ਆਤਮਾ ਸਿੰਘ ਘੱਟੀਵਾਲ, ਜੀਤ ਸਿੰਘ ਘਟੀਵਾਲ, ਭਾਈ ਸਰਬਜੀਤ ਸਿੰਘ ,ਗੁਰਬਚਨ ਸਿੰਘ ਲੋਦੀਪੁਰ ਸਮੇਤ ਅਕਾਲੀ ਵਰਕਰ ਤੇ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮ ਹਾਜ਼ਰ ਸਨ।