- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਗੁਰੂ ਨਗਰੀ ਕੀਰਤਪੁਰ ਸਾਹਿਬ ਅੱਜ ਵੀ ਬੱਸ ਸਟੈਂਡ ਤੋਂ ਵਾਂਝੀ

ਜੰਗ ਬਹਾਦਰ ਸਿੰਘ, ਪੰਜਾਬੀ ਜਾਗਰਣ, ਸ੍ਰੀ ਕੀਰਤਪੁਰ ਸਾਹਿਬ : ਇਤਿਹਾਸਿਕ ਅਤੇ ਧਾਰਮਿਕ ਮਹੱਤਤਾ ਵਾਲੀ ਗੁਰੂ ਨਗਰੀ ਕੀਰਤਪੁਰ ਸਾਹਿਬ ਅੱਜ ਵੀ ਪੱਕੇ ਬੱਸ ਸਟੈਂਡ ਦੀ ਸਹੂਲਤ ਤੋਂ ਵਾਂਝੀ ਹੈ। ਬਰਸਾਤ ਦੇ ਮੌਸਮ ਵਿੱਚ ਇਸ ਦਾ ਸਭ ਤੋਂ ਵੱਧ ਖਮਿਆਜ਼ਾ ਦੇਸ਼-ਵਿਦੇਸ਼ ਤੋਂ ਆਉਣ ਵਾਲੀਆਂ ਸੰਗਤਾਂ, ਸਥਾਨਕ ਲੋਕਾਂ, ਸਕੂਲੀ ਵਿਦਿਆਰਥੀਆਂ ਅਤੇ ਰੋਜ਼ਾਨਾ ਸਫ਼ਰ ਕਰਨ ਵਾਲੇ ਯਾਤਰੀਆਂ ਨੂੰ ਭੁਗਤਣਾ ਪੈਂਦਾ ਹੈ। ਮੀਂਹ ਪੈਣ ਸਮੇਂ ਬੱਸ ਦੀ ਉਡੀਕ ਕਰ ਰਹੇ ਲੋਕਾਂ ਕੋਲ ਸਿਰ ਢੱਕਣ ਲਈ ਕੋਈ ਪੱਕਾ ਸ਼ੈੱਡ ਜਾਂ ਬੱਸ ਸਟੈਂਡ ਨਹੀਂ ਹੈ। ਜ਼ਿਕਰਯੋਗ ਹੈ ਕਿ ਕੀਰਤਪੁਰ ਸਾਹਿਬ ਸਿੱਖ ਧਰਮ ਦੀ ਇੱਕ ਪਵਿੱਤਰ ਅਤੇ ਇਤਿਹਾਸਿਕ ਨਗਰੀ ਹੈ। ਛੇ ਗੁਰੂ ਸਾਹਿਬ ਦੀ ਚਰਨ ਛੋਹ ਪ੍ਰਾਪਤ ਇਸ ਗੁਰੂ ਨਗਰੀ ਵਿਖੇ ਸਥਿਤ ਗੁਰਦੁਆਰਾ ਪਤਾਲਪੁਰੀ ਸਾਹਿਬ ਵਿਖੇ ਹਰ ਰੋਜ਼ ਦੇਸ਼ਾਂ-ਵਿਦੇਸ਼ਾਂ ਤੋਂ ਵੱਡੀ ਗਿਣਤੀ ਵਿੱਚ ਸੰਗਤਾਂ ਆਪਣੇ ਵਿਛੜੇ ਪਰਿਵਾਰਕ ਮੈਂਬਰਾਂ ਦੀਆਂ ਅਸਥੀਆਂ ਦੇ ਅਸਥ ਵਿਸਰਜਨ ਲਈ ਪਹੁੰਚਦੀਆਂ ਹਨ। ਇਸ ਤੋਂ ਇਲਾਵਾ ਸਾਲ ਭਰ ਲੱਖਾਂ ਸ਼ਰਧਾਲੂ ਦਰਸ਼ਨਾਂ ਲਈ ਆਉਂਦੇ ਹਨ, ਪਰ ਅਫ਼ਸੋਸ ਦੀ ਗੱਲ ਹੈ ਕਿ ਇੰਨੀ ਮਹੱਤਵਪੂਰਨ ਨਗਰੀ ਵਿੱਚ ਅੱਜ ਤੱਕ ਇੱਕ ਆਧੁਨਿਕ ਬੱਸ ਸਟੈਂਡ ਨਹੀਂ ਬਣ ਸਕਿਆ।
ਮੌਜੂਦਾ ਸਮੇਂ ਸ਼ਹਿਰ ਵਿੱਚ ਦੋ ਥਾਵਾਂ 'ਤੇ ਬੱਸਾਂ ਰੁਕਦੀਆਂ ਹਨ, ਜਿਨ੍ਹਾਂ ਨੂੰ ਲੋਕ "ਪੁਰਾਣਾ ਬੱਸ ਅੱਡਾ" ਅਤੇ "ਨਵਾਂ ਬੱਸ ਅੱਡਾ" ਕਹਿੰਦੇ ਹਨ। ਪੁਰਾਣੇ ਬੱਸ ਅੱਡੇ 'ਤੇ ਮੀਂਹ ਪੈਣ ਦੌਰਾਨ ਯਾਤਰੀਆਂ ਨੂੰ ਨੇੜਲੇ ਦੁਕਾਨਦਾਰਾਂ ਦੀਆਂ ਦੁਕਾਨਾਂ ਵਿੱਚ ਆਸਰਾ ਲੈਣਾ ਪੈਂਦਾ ਹੈ। ਜੇਕਰ ਕਿਸੇ ਦੁਕਾਨਦਾਰ ਦਾ ਵਤੀਰਾ ਸਹਿਯੋਗੀ ਨਾ ਹੋਵੇ ਅਤੇ ਉਹ ਆਪਣੀ ਦੁਕਾਨ ਵਿੱਚ ਖੜ੍ਹਨ ਦੀ ਇਜਾਜ਼ਤ ਨਾ ਦੇਵੇ ਤਾਂ ਰਾਹਗੀਰ, ਖ਼ਾਸ ਕਰਕੇ ਬਜ਼ੁਰਗ, ਔਰਤਾਂ ਅਤੇ ਛੋਟੇ ਬੱਚੇ ਮੀਂਹ ਵਿੱਚ ਖੱਜਲ-ਖੁਆਰ ਹੋਣ ਲਈ ਮਜਬੂਰ ਹੋਣਗੇ। ਦੂਜੇ ਪਾਸੇ ਫਲਾਈਓਵਰ ਨੇੜੇ ਬਣੇ ਨਵੇਂ ਬੱਸ ਅੱਡੇ 'ਤੇ ਲੋਕ ਮੀਂਹ ਤੋਂ ਬਚਣ ਲਈ ਫਲਾਈਓਵਰ ਦੇ ਹੇਠਾਂ ਖੜ੍ਹਦੇ ਹਨ, ਜੋ ਨਾ ਤਾਂ ਸੁਰੱਖਿਅਤ ਹੈ ਅਤੇ ਨਾ ਹੀ ਕਿਸੇ ਸਥਾਈ ਪ੍ਰਬੰਧ ਦੀ ਨਿਸ਼ਾਨੀ ਹੈ। ਹਰ ਰੋਜ਼ ਸਵੇਰ ਵੇਲੇ ਇਨ੍ਹਾਂ ਦੋਵੇਂ ਅੱਡਿਆਂ ਤੋਂ ਵੱਡੀ ਗਿਣਤੀ ਵਿੱਚ ਸਕੂਲੀ ਵਿਦਿਆਰਥੀ, ਕਾਲਜ ਜਾਣ ਵਾਲੇ ਨੌਜਵਾਨ, ਨੌਕਰੀਪੇਸ਼ਾ ਕਰਨ ਵਾਲੇ ਲੋਕ ਅਤੇ ਬਜ਼ੁਰਗ ਬੱਸਾਂ ਦੀ ਉਡੀਕ ਕਰਦੇ ਹਨ। ਬਰਸਾਤ ਦੇ ਦਿਨਾਂ ਵਿੱਚ ਸਕੂਲੀ ਬੱਚਿਆਂ ਨੂੰ ਆਪਣੇ ਬੈਗਾਂ ਸਮੇਤ ਮੀਂਹ ਵਿੱਚ ਖੜ੍ਹਨਾ ਪੈਂਦਾ ਹੈ, ਜਿਸ ਨਾਲ ਉਨ੍ਹਾਂ ਦੀ ਸਿਹਤ ਅਤੇ ਸੁਰੱਖਿਆ 'ਤੇ ਵੀ ਅਸਰ ਪੈਂਦਾ ਹੈ। ਬਜ਼ੁਰਗਾਂ ਅਤੇ ਮਹਿਲਾਵਾਂ ਨੂੰ ਵੀ ਕਾਫ਼ੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਸਮਾਜ ਸੇਵੀ ਦਵਿੰਦਰ ਸਿੰਘ ਸ਼ੰਮਾ ਸੈਣੀ ਨੇ ਕਿਹਾ ਕਿ, "ਸਰਕਾਰਾਂ ਹਰ ਚੋਣ ਵੇਲੇ ਵਿਕਾਸ ਦੇ ਵੱਡੇ-ਵੱਡੇ ਦਾਅਵੇ ਕਰਦੀਆਂ ਹਨ, ਪਰ ਕੀਰਤਪੁਰ ਸਾਹਿਬ ਵਰਗੀ ਪਵਿੱਤਰ ਨਗਰੀ ਨੂੰ ਅੱਜ ਤੱਕ ਇੱਕ ਢੰਗ ਦਾ ਬੱਸ ਸਟੈਂਡ ਵੀ ਨਹੀਂ ਮਿਲ ਸਕਿਆ। ਬਰਸਾਤ ਵਿੱਚ ਸੰਗਤਾਂ ਅਤੇ ਆਮ ਲੋਕਾਂ ਨੂੰ ਦੁਕਾਨਾਂ ਜਾਂ ਫਲਾਈਓਵਰ ਹੇਠਾਂ ਖੜ੍ਹਨਾ ਪੈਂਦਾ ਹੈ। ਇਹ ਸਰਕਾਰਾਂ ਦੇ ਵਿਕਾਸੀ ਦਾਵਿਆਂ 'ਤੇ ਵੱਡਾ ਸਵਾਲ ਹੈ। ਹੁਣ ਸਿਰਫ਼ ਐਲਾਨ ਨਹੀਂ, ਸਗੋਂ ਬੱਸ ਸਟੈਂਡ ਦਾ ਨਿਰਮਾਣ ਤੁਰੰਤ ਹੋਣਾ ਚਾਹੀਦਾ ਹੈ। ਰਜਨੀਸ਼ ਜੋਸ਼ੀ ਐਮਸੀ ਨਗਰ ਪੰਚਾਇਤ ਕੀਰਤਪੁਰ ਸਾਹਿਬ ਨੇ ਕਿਹਾ ਕਿ ਦੁਨੀਆ ਭਰ ਤੋਂ ਸੰਗਤਾਂ ਗੁਰੂ ਨਗਰੀ ਵਿੱਚ ਆਉਂਦੀਆਂ ਹਨ ਪਰ ਉਨ੍ਹਾਂ ਨੂੰ ਮੁੱਢਲੀਆਂ ਸਹੂਲਤਾਂ ਵੀ ਨਹੀਂ ਮਿਲ ਰਹੀਆਂ। ਇੱਕ ਧਾਰਮਿਕ ਤੇ ਇਤਿਹਾਸਿਕ ਸ਼ਹਿਰ ਵਿੱਚ ਬੱਸ ਸਟੈਂਡ ਦਾ ਨਾ ਹੋਣਾ ਬਹੁਤ ਦੁਖਦਾਈ ਹੈ। ਸਰਕਾਰ ਨੂੰ ਇਸ ਮਾਮਲੇ ਨੂੰ ਪਹਿਲ ਦੇ ਆਧਾਰ 'ਤੇ ਹੱਲ ਕਰਨਾ ਚਾਹੀਦਾ ਹੈ। ਇਸ ਸਬੰਧੀ ਸਥਾਨਕ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਬਰਸਾਤ ਦੇ ਸਮੇਂ ਉਹ ਮਨੁੱਖਤਾ ਦੇ ਨਾਤੇ ਰਾਹਗੀਰਾਂ ਨੂੰ ਆਪਣੀਆਂ ਦੁਕਾਨਾਂ ਵਿੱਚ ਖੜ੍ਹਨ ਲਈ ਥਾਂ ਦਿੰਦੇ ਹਨ, ਪਰ ਇਹ ਕੋਈ ਸਥਾਈ ਹੱਲ ਨਹੀਂ ਹੈ। ਉਨ੍ਹਾਂ ਕਿਹਾ ਕਿ ਇੱਕ ਆਧੁਨਿਕ ਬੱਸ ਸਟੈਂਡ ਬਣਨਾ ਬਹੁਤ ਜ਼ਰੂਰੀ ਹੈ, ਤਾਂ ਜੋ ਯਾਤਰੀਆਂ ਨੂੰ ਮੌਸਮ ਦੀ ਮਾਰ ਤੋਂ ਬਚਾਇਆ ਜਾ ਸਕੇ ਅਤੇ ਦੁਕਾਨਾਂ ਅੱਗੇ ਵੀ ਭੀੜ ਦੀ ਸਮੱਸਿਆ ਨਾ ਬਣੇ।
ਸ਼ਹਿਰ ਵਾਸੀਆਂ ਨੇ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਗੁਰੂ ਨਗਰੀ ਕੀਰਤਪੁਰ ਸਾਹਿਬ ਦੀ ਧਾਰਮਿਕ ਮਹੱਤਤਾ ਅਤੇ ਹਰ ਰੋਜ਼ ਆਉਣ ਵਾਲੀਆਂ ਸੰਗਤਾਂ ਦੀ ਗਿਣਤੀ ਨੂੰ ਧਿਆਨ ਵਿੱਚ ਰੱਖਦੇ ਹੋਏ ਜਲਦ ਤੋਂ ਜਲਦ ਇੱਕ ਆਧੁਨਿਕ ਬੱਸ ਸਟੈਂਡ ਦੀ ਉਸਾਰੀ ਕੀਤੀ ਜਾਵੇ, ਤਾਂ ਜੋ ਸਥਾਨਕ ਲੋਕਾਂ, ਵਿਦਿਆਰਥੀਆਂ, ਬਜ਼ੁਰਗਾਂ ਅਤੇ ਦੇਸ਼-ਵਿਦੇਸ਼ ਤੋਂ ਆਉਣ ਵਾਲੀਆਂ ਸੰਗਤਾਂ ਨੂੰ ਹਰ ਮੌਸਮ ਵਿੱਚ ਲੋੜੀਂਦੀਆਂ ਸਹੂਲਤਾਂ ਮਿਲ ਸਕਣ।