ਰੂਪਨਗਰ ਦੇ 10 ਹਾਈ ਸਕੂਲਾਂ ਲਈ 67.13 ਲੱਖ ਦੀ ਗ੍ਰਾਂਟ ਜਾਰੀ ਹਲਕਾ ਰੂਪਨਗਰ ਦੇ 10 ਹਾਈ ਸਕੂਲਾਂ ਲਈ 67.13 ਲੱਖ ਰੁਪਏ ਦੀ ਗ੍ਰਾਂਟ ਜਾਰੀ
Publish Date: Tue, 25 Aug 2026 04:45 PM (IST)
Updated Date: Tue, 25 Aug 2026 04:48 PM (IST)
ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਰੂਪਨਗਰ : ਵਿਧਾਨ ਸਭਾ ਹਲਕਾ ਰੂਪਨਗਰ ਦੇ 10 ਹਾਈ ਸਕੂਲਾਂ ਲਈ ਕੁੱਲ 67 ਲੱਖ 13 ਹਜ਼ਾਰ 500 ਰੁਪਏ ਦੀ ਗ੍ਰਾਂਟ ਜਾਰੀ ਕੀਤੀ ਗਈ ਹੈ। ਇਹ ਗ੍ਰਾਂਟ ਸਕੂਲਾਂ ਦੇ ਰਿਪੇਅਰ ਅਤੇ ਮੇਂਟੀਨੈਂਸ ਦੇ ਕੰਮਾਂ ਲਈ ਵਰਤੀ ਜਾਵੇਗੀ। ਇਸ ਸਬੰਧੀ ਵਿਧਾਇਕ ਦਿਨੇਸ਼ ਚੱਢਾ ਨੇ ਕਿਹਾ ਕਿ ਪੰਜਾਬ ਸਰਕਾਰ ਦੀ ‘ਸਿੱਖਿਆ ਕ੍ਰਾਂਤੀ’ ਦਾ ਮੁੱਖ ਉਦੇਸ਼ ਸਰਕਾਰੀ ਸਕੂਲਾਂ ਨੂੰ ਅਜਿਹੀਆਂ ਬਿਹਤਰ ਸਹੂਲਤਾਂ ਅਤੇ ਸਿੱਖਿਆਕ ਮਾਹੌਲ ਮੁਹੱਈਆ ਕਰਵਾਉਣਾ ਹੈ, ਜਿੱਥੇ ਹਰ ਵਰਗ ਦੇ ਬੱਚੇ ਮਿਆਰੀ ਸਿੱਖਿਆ ਪ੍ਰਾਪਤ ਕਰ ਸਕਣ। ਇਸੇ ਸੋਚ ਤਹਿਤ ਵਿਧਾਨ ਸਭਾ ਹਲਕਾ ਰੂਪਨਗਰ ਦੇ ਸਕੂਲਾਂ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਲਗਾਤਾਰ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਜਾਰੀ ਕੀਤੀ ਗਈ ਰਕਮ ਵਿੱਚੋਂ ਹਾਈ ਸਕੂਲ ਕਾਂਗੜ ਲਈ 4 ਲੱਖ 20 ਹਜ਼ਾਰ 750 ਰੁਪਏ, ਬੜਵਾ ਲਈ 3 ਲੱਖ 93 ਹਜ਼ਾਰ ਰੁਪਏ, ਮੂਸਾਪੁਰ ਲਈ 5 ਲੱਖ 55 ਹਜ਼ਾਰ ਰੁਪਏ, ਘਾਈਮਾਜਰਾ ਲਈ 4 ਲੱਖ 8 ਹਜ਼ਾਰ ਰੁਪਏ, ਸਾਖਪੁਰ ਲਈ 3 ਲੱਖ 30 ਹਜ਼ਾਰ ਰੁਪਏ, ਹਿਆਤਪੁਰ ਲਈ 19 ਲੱਖ 94 ਹਜ਼ਾਰ ਰੁਪਏ, ਬਜਰੂੜ ਲਈ 7 ਲੱਖ 20 ਹਜ਼ਾਰ 500 ਰੁਪਏ, ਕਲਮਾਂ ਲਈ 10 ਲੱਖ 34 ਹਜ਼ਾਰ ਰੁਪਏ, ਲੋਹਗੜ੍ਹ ਫਿੱਡੇ ਲਈ 4 ਲੱਖ 25 ਹਜ਼ਾਰ ਰੁਪਏ ਅਤੇ ਸਿੰਘਪੁਰ ਲਈ 4 ਲੱਖ 33 ਹਜ਼ਾਰ 250 ਰੁਪਏ ਦੀ ਗ੍ਰਾਂਟ ਸ਼ਾਮਲ ਹੈ। ਉਨ੍ਹਾਂ ਕਿਹਾ ਕਿ ਸਕੂਲ ਸਿਰਫ਼ ਇਮਾਰਤਾਂ ਨਹੀਂ ਹੁੰਦੇ, ਸਗੋਂ ਇਹ ਪੰਜਾਬ ਦੇ ਬੱਚਿਆਂ ਦੇ ਭਵਿੱਖ ਨੂੰ ਸੰਵਾਰਨ ਵਾਲੇ ਕੇਂਦਰ ਹਨ। ਇਸ ਲਈ ਸਕੂਲਾਂ ਵਿਚ ਬਿਹਤਰ ਬੁਨਿਆਦੀ ਢਾਂਚਾ, ਸਾਫ਼-ਸੁਥਰਾ ਅਤੇ ਸੁਰੱਖਿਅਤ ਮਾਹੌਲ ਅਤੇ ਲੋੜੀਂਦੀਆਂ ਸਹੂਲਤਾਂ ਉਪਲਬਧ ਕਰਵਾਉਣਾ ਸਰਕਾਰ ਦੀ ਪ੍ਰਮੁੱਖ ਜ਼ਿੰਮੇਵਾਰੀ ਹੈ। ਉਨ੍ਹਾਂ ਕਿਹਾ ਕਿ ਇਸ ਗ੍ਰਾਂਟ ਨਾਲ ਸਬੰਧਤ ਸਕੂਲਾਂ ਵਿੱਚ ਲੋੜ ਅਨੁਸਾਰ ਰਿਪੇਅਰ ਅਤੇ ਰੱਖ-ਰਖਾਅ ਦੇ ਕੰਮ ਕਰਵਾਏ ਜਾਣਗੇ, ਜਿਸ ਨਾਲ ਸਕੂਲਾਂ ਦੇ ਬੁਨਿਆਦੀ ਢਾਂਚੇ ਵਿੱਚ ਹੋਰ ਸੁਧਾਰ ਹੋਵੇਗਾ ਅਤੇ ਵਿਦਿਆਰਥੀਆਂ ਤੇ ਅਧਿਆਪਕਾਂ ਨੂੰ ਵਧੀਆ ਸਿੱਖਿਆਕ ਮਾਹੌਲ ਮਿਲੇਗਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਸਿੱਖਿਆ ਨੂੰ ਸਭ ਤੋਂ ਵੱਧ ਤਰਜੀਹਾਂ ਵਿਚ ਸ਼ਾਮਲ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਹਲਕੇ ਦੇ ਸਕੂਲਾਂ ਦੇ ਵਿਕਾਸ ਲਈ ਭਵਿੱਖ ਵਿਚ ਵੀ ਲੋੜ ਅਨੁਸਾਰ ਹਰ ਸੰਭਵ ਸਹਿਯੋਗ ਯਕੀਨੀ ਬਣਾਇਆ ਜਾਵੇਗਾ।