ਭਾਜਪਾ ਦੀ ਨਸ਼ਾ ਮੁਕਤ ਪੰਜਾਬ ਯਾਤਰਾ ਦਾ ਰੂਪਨਗਰ ਪੁੱਜਣ ’ਤੇ ਸ਼ਾਨਦਾਰ ਸਵਾਗਤ ਭਾਜਪਾ ਦੀ ਨਸ਼ਾ ਮੁਕਤ ਪੰਜਾਬ ਯਾਤਰਾ ਦਾ ਰੂਪਨਗਰ ਪੁੱਜਣ ’ਤੇ ਸ਼ਾਨਦਾਰ ਸਵਾਗਤ
Publish Date: Wed, 23 Sep 2026 07:07 PM (IST)
Updated Date: Wed, 23 Sep 2026 07:09 PM (IST)
ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਰੂਪਨਗਰ: ਰੂਪਨਗਰ ’ਚ ਭਾਰਤੀ ਜਨਤਾ ਪਾਰਟੀ ਵੱਲੋਂ ਪੰਜਾਬ ਦੀ ਨੌਜਵਾਨੀ ਨੂੰ ਨਸ਼ਿਆਂ ਦੇ ਕੋਹੜ ਤੋਂ ਬਚਾਉਣ ਲਈ ਸ਼ੁਰੂ ਕੀਤੀ ਗਈ ਨਸ਼ਾ ਮੁਕਤ ਪੰਜਾਬ ਯਾਤਰਾ ਦੇ ਪੁੱਜਣ ’ਤੇ ਇਲਾਕਾ ਨਿਵਾਸੀਆਂ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ। ਇਸ ਮੌਕੇ ਭਾਜਪਾ ਆਗੂਆਂ ਨੇ ਕਿਹਾ ਕਿ ਰੂਪਨਗਰ ਵਿਖੇ ਹੋਏ ਇਸ ਵਿਸ਼ਾਲ ਇਕੱਠ ਨੇ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਮੌਜੂਦਾ ਝਾੜੂ (ਆਪ) ਸਰਕਾਰ ਦੀਆਂ ਨਾਕਾਮੀਆਂ ਤੋਂ ਲੋਕ ਬੁਰੀ ਤਰ੍ਹਾਂ ਅੱਕ ਚੁੱਕੇ ਹਨ ਤੇ ਲੋਕਾਂ ਦੇ ਭਾਰੀ ਸਮਰਥਨ ਸਦਕਾ ਭਾਜਪਾ ਦੀ ਇਹ ਯਾਤਰਾ ਹੁਣ ਇੱਕ ਵਿਸ਼ਾਲ ਲੋਕ ਲਹਿਰ ਦਾ ਰੂਪ ਧਾਰਨ ਕਰ ਚੁੱਕੀ ਹੈ। ਇਸ ਮੌਕੇ ਸੀਨੀਅਰ ਭਾਜਪਾ ਆਗੂ ਤੇ ਸਾਬਕਾ ਕੇਂਦਰੀ ਮੰਤਰੀ ਅਨੁਰਾਗ ਸਿੰਘ ਠਾਕੁਰ ਨੇ ਕਿਹਾ ਕਿ ਭਾਜਪਾ ਦੀ ਇਹ ਨਸ਼ਾ ਮੁਕਤ ਯਾਤਰਾ ਕੇਵਲ ਇੱਕ ਸਿਆਸੀ ਪਾਰਟੀ ਦੀ ਯਾਤਰਾ ਨਹੀਂ ਹੈ, ਸਗੋਂ ਇਹ ਪੂਰੇ ਸੂਬੇ ਦੀ ਅਤੇ ਪੰਜਾਬ ਦੀ ਨੌਜਵਾਨੀ ਨੂੰ ਬਚਾਉਣ ਦੀ ਇੱਕ ਅਹਿਮ ਮੁਹਿੰਮ ਹੈ। ਉਨ੍ਹਾਂ ਪੰਜਾਬ ਸਰਕਾਰ ’ਤੇ ਤਿੱਖਾ ਹਮਲਾ ਬੋਲਦਿਆਂ ਕਿਹਾ ਕਿ ਅੱਜ ਪੰਜਾਬ ਨੂੰ ਨਸ਼ਾ ਮੁਕਤ ਕਰਨ ਦਾ ਅਸਲ ਵਕਤ ਆ ਗਿਆ ਹੈ। ਜੇਕਰ ਪੰਜਾਬ ਸਰਕਾਰ ਚਾਹੁੰਦੀ ਤਾਂ ਸੂਬੇ ਨੂੰ ਕਦੋਂ ਦਾ ਨਸ਼ਾ ਮੁਕਤ ਕਰ ਸਕਦੀ ਸੀ। ਆਪ ਸਰਕਾਰ ਨੇ ਪੰਜਾਬ ਵਿੱਚੋਂ ਨਸ਼ਾ ਖਤਮ ਕਰਨ ਦੀਆਂ 6-6 ਵਾਰ ਡੈੱਡਲਾਈਨਾਂ (ਸਮਾਂ ਸੀਮਾਵਾਂ) ਦਿੱਤੀਆਂ, ਪ੍ਰੰਤੂ ਜ਼ਮੀਨੀ ਪੱਧਰ ’ਤੇ ਨਸ਼ਾ ਖਤਮ ਨਹੀਂ ਹੋਇਆ ਸਗੋਂ ਇਸ ਦਾ ਜਾਲ ਹੋਰ ਫੈਲ ਗਿਆ ਹੈ। ਇਸ ਮੌਕੇ ਭਾਜਪਾ ਦੇ ਸੰਸਦੀ ਬੋਰਡ ਮੈਂਬਰ ਇਕਬਾਲ ਸਿੰਘ ਲਾਲਪੁਰਾ ਨੇ ਕਿਹਾ ਕਿ ਪੰਜਾਬ ਮਹਾਨ ਗੁਰੂਆਂ, ਪੀਰਾਂ ਅਤੇ ਪੈਗੰਬਰਾਂ ਦੀ ਪਵਿੱਤਰ ਧਰਤੀ ਹੈ, ਪ੍ਰੰਤੂ ਬੜੇ ਦੁੱਖ ਦੀ ਗੱਲ ਹੈ ਕਿ ਮੌਜੂਦਾ ਸਰਕਾਰ ਦੀ ਢਿੱਲੀ ਕਾਰਗੁਜ਼ਾਰੀ ਕਾਰਨ ਇਹ ਧਰਤੀ ਨਸ਼ਿਆਂ ਦੀ ਲਪੇਟ ਵਿਚ ਹੈ। ਉਨ੍ਹਾਂ ਕਿਹਾ ਕਿ ਜੂਦਾ ਸੂਬਾ ਸਰਕਾਰ ਨੇ ਅੱਜ ਤੱਕ ਇੱਕ ਵੀ ਵੱਡੇ ਨਸ਼ਾ ਤਸਕਰ ਨੂੰ ਗ੍ਰਿਫ਼ਤਾਰ ਨਹੀਂ ਕੀਤਾ, ਜਿਸ ਤੋਂ ਸਰਕਾਰ ਦੀ ਨੀਅਤ ਸਾਫ਼ ਪਤਾ ਲੱਗਦੀ ਹੈ। ਉਨ੍ਹਾਂ ਭਰੋਸਾ ਦਿਵਾਇਆ ਕਿ ਪੰਜਾਬ ਨੂੰ ਨਸ਼ਾ ਮੁਕਤ ਬਣਾਉਣਾ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਗਰੰਟੀ ਹੈ। ਇਸ ਦੌਰਾਨ ਭਾਜਪਾ ਜ਼ਿਲ੍ਹਾ ਪ੍ਰਧਾਨ ਰੂਪਨਗਰ ਅਜੈਵੀਰ ਸਿੰਘ ਲਾਲਪੁਰਾ ਨੇ ਆਏ ਹਜ਼ਾਰਾਂ ਲੋਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਭਾਜਪਾ ਨੇ ਹਮੇਸ਼ਾ ਪੰਜਾਬ ਅਤੇ ਪੰਜਾਬੀਆਂ ਦੇ ਹੱਕਾਂ ਲਈ ਡਟ ਕੇ ਆਵਾਜ਼ ਚੁੱਕੀ ਹੈ। ਉਨ੍ਹਾਂ ਕਿਹਾ ਕਿ ਝਾੜੂ ਸਰਕਾਰ ਦੇ ਰਾਜ ਵਿਚ ਨਸ਼ੇ ਨੇ ਪੰਜਾਬ ਨੂੰ ਬਰਬਾਦ ਕਰਕੇ ਰੱਖ ਦਿੱਤਾ ਹੈ। ਮਾਵਾਂ ਦੇ ਪੁੱਤ ਰੋਜ਼ਾਨਾ ਨਸ਼ੇ ਦੀ ਭੇਂਟ ਚੜ੍ਹ ਰਹੇ ਹਨ ਪ੍ਰੰਤੂ ਸਰਕਾਰ ਕੁੰਭਕਰਨੀ ਨੀਂਦ ਸੁੱਤੀ ਪਈ ਹੈ। ਇਸ ਰੈਲੀ ਦੇ ਅੰਤ ਵਿਚ ਭਾਜਪਾ ਲੀਡਰਸ਼ਿਪ ਨੇ ਇੱਕਜੁੱਟ ਹੋ ਕੇ ਹੋਕਾ ਦਿੱਤਾ ਕਿ ਲੋਕਾਂ ਦੇ ਇਸ ਭਾਰੀ ਉਤਸ਼ਾਹ ਤੋਂ ਇਹ ਗੱਲ ਤੈਅ ਹੈ ਕਿ ਉਹ ਦਿਨ ਹੁਣ ਦੂਰ ਨਹੀਂ ਜਦੋਂ ਪੰਜਾਬ ਵਿਚ ਭਾਜਪਾ ਦੀ ਸਰਕਾਰ ਬਣੇਗੀ। ਭਾਜਪਾ ਦੀ ਸਰਕਾਰ ਬਣਦਿਆਂ ਹੀ ਸਭ ਤੋਂ ਪਹਿਲਾਂ ਪੰਜਾਬ ਵਿੱਚੋਂ ਨਸ਼ੇ ਦੀ ਅਲਾਮਤ ਨੂੰ ਜੜ੍ਹ ਤੋਂ ਖ਼ਤਮ ਕੀਤਾ ਜਾਵੇਗਾ ਅਤੇ ਪੰਜਾਬ ਨੂੰ ਮੁੜ ਤੋਂ ਇੱਕ ਸਿਹਤਮੰਦ ਅਤੇ ਖੁਸ਼ਹਾਲ ਸੂਬਾ ਬਣਾਇਆ ਜਾਵੇਗਾ। ਇਸ ਮੌਕੇ ਸਰਕਲ ਪ੍ਰਧਾਨ ਜਗਦੀਸ਼ ਚੰਦਰ ਕਾਜਲਾ ਨੇ ਪਹੁੰਚੇ ਸਾਰੇ ਭਾਜਪਾ ਵਰਕਰਾਂ, ਸਮਰੱਥਕਾਂ ਤੇ ਸ਼ਹਿਰ ਵਾਸੀਆਂ ਦਾ ਧੰਨਵਾਦ ਕੀਤਾ। ਇਸ ਮੌਕੇ ਜਗਦੀਸ਼ ਸਿੰਘ ਕਟਲੀ, ਰਮਨ ਜਿੰਦਲ, ਮਦਨ ਸ਼ੌਂਕੀ, ਚਮਨ ਲਾਲ ਵਰਮਾ, ਅਵਤਾਰ ਸਿੰਘ ਪੱਪੀ, ਹੇਮੰਤ ਕਪਿਲਾ, ਓਂਕਾਰ ਸਿੰਘ ਅਭਿਆਣਾ, ਸੰਜੇ ਪ੍ਰਤਾਪ ਜੈਨ, ਰਾਜ ਕੁਮਾਰ ਰਾਣਾ, ਮੁਕੇਸ਼ ਨੱਡਾ, ਜਸਵੀਰ ਕੌਰ, ਕਿਰਨ ਗੁਪਤਾ, ਮੋਨਿਕਾ ਸ਼ਰਮਾ, ਮੁਕੇਸ਼ ਗੁਪਤਾ, ਧਰਮਿੰਦਰ ਸਿੰਘ ਭਿੰਡਾ, ਇੰਦਰਪਾਲ ਸਿੰਘ ਲੋਹਗੜ੍ਹ ਫਿੱਡੇ, ਹਿੰਮਤ ਸਿੰਘ ਗਿਰਨ, ਸਤਿੰਦਰ ਨਾਗੀ, ਜਗਮਨਦੀਪ ਸਿੰਘ , ਜੋਤੀ ਨਾਗੀ, ਅਰਸ਼ ਬਾਠ, ਵਿਸ਼ਨੂੰ ਭਾਟਨਾਗਰ ਆਦਿ ਭਾਜਪਾ ਆਗੂ, ਮੈਂਬਰ ਤੇ ਇਲਾਕਾ ਵਾਸੀ ਵੱਡੀ ਗਿਣਤੀ ਵਿਚ ਹਾਜ਼ਰ ਸਨ।