70ਵੀਆਂ ਅੰਤਰ ਜ਼ਿਲ੍ਹਾ ਸਕੂਲ ਪੱਧਰੀ ਖੇਡਾਂ ਦਾ ਸ਼ਾਨਦਾਰ ਆਗਾਜ਼ 70ਵੀਆਂ ਅੰਤਰ ਜ਼ਿਲ੍ਹਾ ਸਕੂਲ ਪੱਧਰੀ ਖੇਡਾਂ ਦਾ ਰੂਪਨਗਰ ਵਿਖੇ ਸ਼ਾਨਦਾਰ ਆਗਾਜ਼
Publish Date: Tue, 06 Oct 2026 06:40 PM (IST)
Updated Date: Tue, 06 Oct 2026 06:41 PM (IST)
ਕਬੱਡੀ ਨੈਸ਼ਨਲ ਸਟਾਈਲ ਅੰਡਰ-17 ਲੜਕੀਆਂ ਦੇ ਮੁਕਾਬਲੇ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਵਿਖੇ ਸ਼ੁਰੂ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਰੂਪਨਗਰ : 70ਵੀਆਂ ਪੰਜਾਬ ਰਾਜ ਅੰਤਰ ਜ਼ਿਲ੍ਹਾ ਸਕੂਲ ਪੱਧਰੀ ਖੇਡਾਂ ਤਹਿਤ ਕਬੱਡੀ ਨੈਸ਼ਨਲ ਸਟਾਈਲ ਅੰਡਰ-17 ਉਮਰ ਵਰਗ ਦੀਆਂ ਲੜਕੀਆਂ ਦੇ ਮੁਕਾਬਲਿਆਂ ਦਾ ਸਥਾਨਕ ਖਾਲਸਾ ਸੀਨੀਅਰ ਸੈਕੰਡਰੀ ਸਕੂਲ, ਰੂਪਨਗਰ ਵਿਖੇ ਸ਼ਾਨਦਾਰ ਆਗਾਜ਼ ਹੋਇਆ। ਮੁਕਾਬਲਿਆਂ ਦੀ ਸ਼ੁਰੂਆਤ ਪ੍ਰੇਮ ਕੁਮਾਰ ਮਿੱਤਲ, ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ ਸਿੱਖਿਆ), ਰੂਪਨਗਰ ਵੱਲੋਂ ਸ਼ੁਰੂਆਤੀ ਮੈਚ ਮੌਕੇ ਖਿਡਾਰਨਾਂ ਨਾਲ ਜਾਣ-ਪਛਾਣ ਕਰਕੇ ਕੀਤੀ ਗਈ। ਇਸ ਮੌਕੇ ਉਨ੍ਹਾਂ ਨੇ ਖਿਡਾਰਨਾਂ ਨੂੰ ਖੇਡ ਭਾਵਨਾ ਨਾਲ ਖੇਡਣ ਅਤੇ ਆਪਣੀ ਪ੍ਰਤਿਭਾ ਦਾ ਬਿਹਤਰੀਨ ਪ੍ਰਦਰਸ਼ਨ ਕਰਨ ਲਈ ਪ੍ਰੇਰਿਤ ਕੀਤਾ। ਪ੍ਰਿੰਸੀਪਲ ਜਗਤਾਰ ਸਿੰਘ ਲੌਂਗੀਆ, ਸਕੱਤਰ ਜ਼ਿਲ੍ਹਾ ਸਕੂਲ ਟੂਰਨਾਮੈਂਟ ਕਮੇਟੀ, ਰੂਪਨਗਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਚਾਰ ਰੋਜ਼ਾ ਇਸ ਖੇਡ ਮੁਕਾਬਲੇ ਵਿਚ 23 ਜ਼ਿਲ੍ਹਿਆਂ ਦੀਆਂ ਲਗਭਗ 275 ਖਿਡਾਰਨਾਂ ਭਾਗ ਲੈ ਰਹੀਆਂ ਹਨ। ਜੇਤੂ ਟਰਾਫ਼ੀ ਲਈ ਵੱਖ-ਵੱਖ ਟੀਮਾਂ ਵੱਲੋਂ ਪੂਰੇ ਜੋਸ਼ ਨਾਲ ਜ਼ੋਰ-ਅਜ਼ਮਾਈ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਇਹ ਟੂਰਨਾਮੈਂਟ ਲੀਗ-ਕਮ-ਨਾਕਆਊਟ ਪੱਧਰ ’ਤੇ ਕਰਵਾਇਆ ਜਾ ਰਿਹਾ ਹੈ, ਜਿਸ ਤਹਿਤ ਪਹਿਲੇ ਦੋ ਦਿਨ ਲੀਗ ਪੱਧਰ ਦੇ ਮੁਕਾਬਲੇ ਕਰਵਾਏ ਜਾਣਗੇ। ਇਸ ਮੌਕੇ ਪ੍ਰਿੰਸੀਪਲ ਕੁਲਵਿੰਦਰ ਸਿੰਘ ਅਤੇ ਸਰਨਜੀਤ ਕੌਰ, ਜ਼ਿਲ੍ਹਾ ਖੇਡ ਕੋਆਰਡੀਨੇਟਰ ਨੇ ਟੂਰਨਾਮੈਂਟ ਦੇ ਸਮੁੱਚੇ ਪ੍ਰਬੰਧਾਂ ਦਾ ਜਾਇਜ਼ਾ ਲਿਆ। ਜਸਵੀਰ ਸਿੰਘ ਰਾਣਾ, ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ, ਆਮ ਆਦਮੀ ਪਾਰਟੀ ਨੇ ਟੂਰਨਾਮੈਂਟ ਵਿੱਚ ਬਤੌਰ ਵਿਸ਼ੇਸ਼ ਮਹਿਮਾਨ ਸ਼ਿਰਕਤ ਕੀਤੀ। ਅੱਜ ਹੋਏ ਮੁਕਾਬਲਿਆਂ ਵਿੱਚ ਮਾਨਸਾ, ਬਠਿੰਡਾ, ਹੁਸ਼ਿਆਰਪੁਰ, ਲੁਧਿਆਣਾ ਅਤੇ ਫਿਰੋਜ਼ਪੁਰ ਜ਼ਿਲ੍ਹਿਆਂ ਦੀਆਂ ਟੀਮਾਂ ਨੇ ਆਪੋ-ਆਪਣੇ ਮੈਚ ਜਿੱਤ ਕੇ ਅਗਲੇ ਪੜਾਅ ਵੱਲ ਕਦਮ ਵਧਾਇਆ। ਇਸ ਮੌਕੇ ਹਰਮਨਦੀਪ ਸਿੰਘ ਸੰਧੂ, ਅਸ਼ੋਕ ਕੁਮਾਰ, ਭੁਪਿੰਦਰ ਸਿੰਘ ਅਤੇ ਗੁਰਵਿੰਦਰ ਸਿੰਘ ਸਮੇਤ ਹੋਰ ਪਤਵੰਤੇ ਅਤੇ ਖੇਡ ਪ੍ਰਬੰਧਕ ਹਾਜ਼ਰ ਸਨ।